ਰਾਜਸਥਾਨ ਰਾਇਲਸ: ਸਟੀਵ ਸਮਿਥ ਦੀ ਕਪਤਾਨੀ ਤੋਂ ਛੁੱਟੀ, ਰਹਾਣੇ ਬਣੇ ਨਵੇਂ ਕਪਤਾਨ
Monday, Mar 26, 2018 - 05:20 PM (IST)
ਨਵੀਂ ਦਿੱਲੀ (ਬਿਊਰੋ)— ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਮੈਚ 'ਚ ਬਾਲ ਟੈਂਪਰਿੰਗ ਵਿਵਾਦ 'ਚ ਆਸਟਰੇਲੀਆਈ ਕ੍ਰਿਕਟ ਟੀਮ ਦੇ ਕਪਤਾਨੀ ਗੁਆ ਚੁਕੇ ਸਟੀਮ ਸਮਿਥ ਨੂੰ ਹੁਣ ਰਾਜਸਥਾਨ ਰਾਇਲਸ ਦੀ ਕਪਤਾਨੀ ਵੀ ਛੱਡਣੀ ਪਈ ਹੈ। ਆਈ.ਪੀ.ਐੱਲ. ਦੀ ਟੀਮ ਰਾਜਸਥਾਨ ਰਾਇਲਸ ਨੇ ਸਮਿਥ ਦੀ ਜਗ੍ਹਾ ਅਜਿੰਕਯ ਰਹਾਣੇ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਗੇਂਦ ਨਾਲ ਛੇੜਖਾਨੀ ਮਾਮਲੇ 'ਚ ਆਈ.ਸੀ.ਸੀ. ਨੇ ਐਤਵਾਰ ਨੂੰ ਸਮਿਥ 'ਤੇ ਇਕ ਟੈਸਟ ਮੈਚ ਦੇ ਬੈਨ ਤੋਂ ਇਲਾਵਾ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਹੈ। ਜਦਕਿ ਬੈਨਕ੍ਰਾਫਟ 'ਤੇ ਮੈਚ ਫੀਸ ਦਾ 75 ਫੀਸਦੀ ਜੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਸਮਿਥ ਨੂੰ ਆਸਟਰੇਲੀਆਈ ਟੀਮ ਦੀ ਕਪਤਾਨੀ ਅਤੇ ਡੇਵਿਡ ਵਾਰਨਰ ਨੂੰ ਉਪ-ਕਪਤਾਨੀ ਛੱਡਣੀ ਪਈ ਸੀ। ਬਾਲ ਟੈਂਪਰਿੰਗ ਵਿਵਾਦ ਦੇ ਬਾਅਦ ਸਮਿਥ ਅਤੇ ਵਾਰਨਰ 'ਤੇ ਆਈ.ਪੀ.ਐੱਲ. 'ਚ ਟੀਮ ਦੀ ਕਪਤਾਨੀ ਨੂੰ ਲੈ ਕੇ ਸ਼ੱਕ ਦੇ ਬੱਦਲ ਮੰਡਰਾ ਰਹੇ ਸਨ।
ਰਾਜਸਥਾਨ ਰਾਇਲਸ ਫ੍ਰੈਂਚਾਇਸੀ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਟੀਮ ਦੇ ਹੈਡ ਆਫ ਕ੍ਰਿਕਟ ਜੁਬੀਨ ਬਰੁਚਾ ਨੇ ਕਿਹਾ ਕਿ ਅਸੀਂ ਸਮਿਥ ਨਾਲ ਲਗਾਤਾਰ ਸੰਪਰਕ 'ਚ ਹਾਂ, ਸਮਿਥ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ 'ਚ ਰਾਜਸਥਾਨ ਰਾਇਲਸ ਲਈ ਸਹੀ ਇਹੀ ਹੋਵੇਗਾ ਕਿ ਉਹ ਕਪਤਾਨੀ ਛੱਡ ਦੇਣ, ਤਾਕਿ ਟੀਮ ਬਿਨਾ ਕਿਸੇ ਪਰੇਸ਼ਾਨੀ ਤੋਂ ਆਈ.ਪੀ.ਐੱਲ. ਦੀ ਤਿਆਰੀ ਸ਼ੁਰੂ ਕਰ ਸਕੇ। ਰਹਾਣੇ ਨੂੰ ਕਪਤਾਨ ਬਣਾਏ ਜਾਣ 'ਤੇ ਜੁਬੀਨ ਨੇ ਕਿਹਾ ਕਿ ਰਹਾਣੇ ਕਾਫੀ ਲੰਬੇ ਸਮੇਂ ਤੋਂ ਟੀਮ ਦਾ ਹਿੱਸਾ ਰਹੇ ਹਨ ਅਤੇ ਟੀਮ ਨੂੰ ਕਾਫੀ ਚੰਗੀ ਤਰ੍ਹਾਂ ਜਾਣਦੇ ਹਨ। ਸਾਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਉਹ ਟੀਮ ਲਈ ਚੰਗੇ ਕਪਤਾਨ ਸਾਬਤ ਹੋਣਗੇ।
ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸੱਕਤਰ ਅਮਿਤਾਭ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਿਰਫ ਗੇਂਦ ਨਾਲ ਛੇੜਖਾਨੀ ਦਾ ਮਾਮਲਾ ਨਹੀਂ ਹੈ, ਬਲਕਿ ਖੇਡ 'ਚ ਨੈਤਿਕਤਾ ਨਾਲ ਜੁੜਿਆ ਵੱਡਾ ਮੁੱਦਾ ਹੈ। ਸਟੀਵ ਸਮਿਥ ਤੋਂ ਇਲਾਵਾ ਸਨਰਾਇਜਰਸ ਹੈਦਰਾਬਾਦ ਦੀ ਕਪਤਾਨੀ ਡੇਵਿਡ ਵਾਰਨਰ ਦੇ ਕੋਲ ਹੈ ਅਤੇ ਉਸ 'ਤੇ ਵੀ ਟੀਮ ਮੈਨੇਜਮੈਂਟ ਜਲਦੀ ਹੀ ਕੋਈ ਫੈਸਲਾ ਲੈ ਸਕਦੀ ਹੈ।
