ਰਾਹੁਲ ਦ੍ਰਾਵਿੜ ਦੇ ਬੇਟੇ ਅਨਵਯ ਨੇ ਵਿਜੇ ਮਰਚੈਂਟ ਟਰਾਫੀ ਮੈਚ ’ਚ ਅਜੇਤੂ ਸੈਂਕੜਾ ਲਾਇਆ
Saturday, Dec 14, 2024 - 10:59 AM (IST)
ਮੁਲਾਪਾਡੂ (ਆਂਧਰਾ ਪ੍ਰਦੇਸ਼)– ਧਾਕੜ ਬੱਲੇਬਾਜ਼ ਰਾਹੁਲ ਦ੍ਰਾਵਿੜ ਦੇ ਬੇਟੇ ਅਨਵਯ ਨੇ ਸ਼ੁੱਕਰਵਾਰ ਨੂੰ ਇੱਥੇ ਝਾਰਖੰਡ ਵਿਰੁੱਧ ਡਰਾਅ ਹੋਏ ਵਿਜੇ ਮਰਚੈਂਟ ਟਰਾਫੀ ਮੈਚ ਵਿਚ ਕਰਨਾਟਕ ਲਈ ਅਜੇਤੂ ਸੈਂਕੜਾ ਲਾਇਆ। ਅਨਵਯ ਨੇ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ 153 ਗੇਂਦਾਂ ’ਤੇ 10 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ, ਜਿਸ ਨਾਲ ਕਰਨਾਟਕ ਦੀ ਟੀਮ 3 ਦਿਨਾ ਮੈਚ ਦੇ ਆਖਰੀ ਦਿਨ 123.3 ਓਵਰਾਂ ਵਿਚ 4 ਵਿਕਟਾਂ ’ਤੇ 441 ਦੌੜਾਂ ਬਣਾਉਣ ਵਿਚ ਸਫਲ ਰਹੀ।
ਪਹਿਲਾਂ ਉਸ ਨੇ ਸ਼ਿਆਮੰਤਕ ਅਨਿਰੁਧ (76 ਦੌੜਾਂ) ਦੇ ਨਾਲ ਤੀਜੀ ਵਿਕਟ ਲਈ 167 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਫਿਰ ਚੌਥੀ ਵਿਕਟ ਲਈ ਸੁਕੁਰਥ ਜੇ. (33 ਦੌੜਾਂ) ਦੇ ਨਾਲ 43 ਦੌੜਾਂ ਦੀ ਸਾਂਝੇਦਾਰੀ ਕੀਤੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਝਾਰਖੰਡ ਦੀ ਟੀਮ 128.4 ਓਵਰਾਂ ਵਿਚ 387 ਦੌੜਾਂ ’ਤੇ ਆਲਆਊਟ ਹੋ ਗਈ। ਕਰਨਾਟਕ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ’ਤੇ 3 ਅੰਕ ਹਾਸਲ ਕੀਤੇ ਜਦਕਿ ਝਾਰਖੰਡ ਨੂੰ ਇਕ ਅੰਕ ਮਿਲਿਆ।