ਪੀਵੀ ਸਿੰਧੂ ਨੇ ਸਈਅਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਤਿਆ ਸੋਨ ਤਮਗਾ

Sunday, Dec 01, 2024 - 06:13 PM (IST)

ਸਪੋਰਟਸ ਡੈਸਕ- ਭਾਰਤ ਦੀ ਸਟਾਰ ਮਹਿਲਾ ਖਿਡਾਰਨ ਪੀਵੀ ਸਿੰਧੂ ਦਾ ਲਖਨਊ 'ਚ ਚੱਲ ਰਹੇ ਸਈਅਦ ਮੋਦੀ ਇੰਟਰਨੈਸ਼ਨਲ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਇਕਤਰਫਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਸਿੰਧੂ ਨੇ 1 ਦਸੰਬਰ ਨੂੰ ਹੋਏ ਫਾਈਨਲ ਮੁਕਾਬਲੇ 'ਚ ਚੀਨੀ ਖਿਡਾਰਨ ਲੁਓ ਯੂ ਵੂ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਸੋਨ ਤਗਮਾ ਜਿੱਤਿਆ ਸੀ। ਸਿੰਧੂ ਨੇ ਆਪਣੇ ਕਰੀਅਰ 'ਚ ਤੀਜੀ ਵਾਰ ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ।

ਸਿੰਧੂ ਨੇ ਦੋਵੇਂ ਸੈੱਟਾਂ ਵਿੱਚ ਚੀਨੀ ਖਿਡਾਰਨ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।
ਪੀਵੀ ਸਿੰਧੂ ਨੇ ਫਾਈਨਲ ਮੈਚ ਦੇ ਪਹਿਲੇ ਸੈੱਟ ਤੋਂ ਹੀ ਚੀਨੀ ਖਿਡਾਰਨ ਲੁਓ ਯੂ ਵੂ 'ਤੇ ਆਪਣਾ ਦਬਾਅ ਬਣਾਈ ਰੱਖਿਆ ਜਿਸ 'ਚ ਉਸ ਨੇ 21-14 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਦੂਜੇ ਸੈੱਟ ਵਿੱਚ ਵੀ ਸਿੰਧੂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ 21-16 ਨਾਲ ਜਿੱਤ ਦਰਜ ਕੀਤੀ। ਪੂਰੇ ਮੈਚ ਦੌਰਾਨ ਸਿੰਧੂ ਪੂਰੀ ਤਰ੍ਹਾਂ ਹਾਵੀ ਰਹੀ ਜਿਸ 'ਚ ਉਸ ਨੇ ਇਕ ਵਾਰ ਵੀ ਚੀਨੀ ਖਿਡਾਰਨ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਸਾਲ 2024 'ਚ ਸਿੰਧੂ ਦਾ ਇਹ ਪਹਿਲਾ ਖਿਤਾਬ ਹੈ, ਜਦਕਿ ਉਸ ਨੇ ਆਖਰੀ ਵਾਰ ਸਾਲ 2022 'ਚ ਜੁਲਾਈ 'ਚ ਹੋਏ ਸਿੰਗਾਪੁਰ ਓਪਨ 'ਚ ਖਿਤਾਬ ਜਿੱਤਿਆ ਸੀ, ਜਿਸ ਤੋਂ ਬਾਅਦ ਹੁਣ ਉਹ ਚੱਲ ਰਹੇ ਸੋਕੇ ਨੂੰ ਖਤਮ ਕਰਨ 'ਚ ਕਾਮਯਾਬ ਰਹੀ ਹੈ।

ਇਸ ਸਾਲ ਦੂਜੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ
ਭਾਰਤ ਲਈ ਦੋ ਵਾਰ ਓਲੰਪਿਕ ਤਮਗਾ ਜਿੱਤਣ ਵਾਲੀ ਪੀਵੀ ਸਿੰਧੂ ਲਈ ਸਾਲ 2024 ਕੁਝ ਖਾਸ ਨਹੀਂ ਸੀ, ਜਿਸ ਵਿੱਚ ਉਹ ਸਿਰਫ਼ ਦੋ ਵਾਰ ਹੀ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ। ਪੈਰਿਸ ਓਲੰਪਿਕ 'ਚ ਵੀ ਸਿੰਧੂ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਸੀ ਅਤੇ ਰਾਊਂਡ ਆਫ 16 'ਚ ਹੀ ਬਾਹਰ ਹੋ ਗਈ ਸੀ। ਇਸ ਤੋਂ ਇਲਾਵਾ ਉਹ ਮਲੇਸ਼ੀਆ ਮਾਸਟਰਜ਼ ਦੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ ਪਰ ਇੱਥੇ ਉਸ ਨੂੰ ਚੀਨੀ ਖਿਡਾਰਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Tarsem Singh

Content Editor

Related News