PSG ਨੇ ਮੇਸੀ ਦੀ ਮਦਦ ਨਾਲ ਰਿਕਾਰਡ 11ਵਾਂ ਖ਼ਿਤਾਬ ਜਿੱਤਿਆ

05/28/2023 6:22:42 PM

ਪੈਰਿਸ— ਪੈਰਿਸ ਸੇਂਟ-ਜਰਮੇਨ (ਪੀ. ਐੱਸ. ਜੀ.) ਨੇ ਲਿਓਨਲ ਮੇਸੀ ਦੇ ਗੋਲ ਦੀ ਮਦਦ ਨਾਲ ਸਟ੍ਰਾਸਬਰਗ ਖਿਲਾਫ 1-1 ਨਾਲ ਡਰਾਅ ਖੇਡ ਕੇ ਰਿਕਾਰਡ 11ਵੀਂ ਵਾਰ ਫ੍ਰੈਂਚ ਫੁੱਟਬਾਲ ਲੀਗ ਦਾ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ PSG ਦੇ 37 ਮੈਚਾਂ ਵਿੱਚ 85 ਅੰਕ ਹੋ ਗਏ ਹਨ ਅਤੇ ਦੂਜੇ ਸਥਾਨ 'ਤੇ ਰਹੀ ਲੈਂਸ ਤੋਂ ਚਾਰ ਅੰਕ ਅੱਗੇ ਹਨ। 

ਲੈਂਸ ਦੇ 37 ਮੈਚਾਂ ਵਿੱਚ 81 ਅੰਕ ਹਨ ਅਤੇ ਮੈਚਾਂ ਦਾ ਸਿਰਫ਼ ਇੱਕ ਦੌਰ ਬਾਕੀ ਹੈ। ਮੇਸੀ ਨੇ 59ਵੇਂ ਮਿੰਟ ਵਿੱਚ ਕਾਇਲੀਅਨ ਐਮਬਾਪੇ ਦੇ ਪਾਸ ਨਾਲ ਪੀਐਸਜੀ ਨੂੰ ਬੜ੍ਹਤ ਦਿਵਾਈ। PSG ਦੇ ਸਾਬਕਾ ਸਟ੍ਰਾਈਕਰ ਕੇਵਿਨ ਗਾਮੇਰੋ ਨੇ 79ਵੇਂ ਮਿੰਟ ਵਿੱਚ ਸਟ੍ਰਾਸਬਰਗ ਲਈ ਬਰਾਬਰੀ ਕੀਤੀ। ਯੂਰਪ ਵਿੱਚ ਲੀਗ ਮੈਚਾਂ ਵਿੱਚ ਇਹ ਮੇਸੀ ਦਾ 496ਵਾਂ ਗੋਲ ਸੀ, ਜਿਸ ਨੇ ਕ੍ਰਿਸਟੀਆਨੋ ਰੋਨਾਲਡੋ ਦਾ ਯੂਰਪ ਦੀਆਂ ਚੋਟੀ ਦੀਆਂ ਪੰਜ ਲੀਗਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਤੋੜ ਦਿੱਤਾ। 

ਲੈਂਸ ਨੇ ਅਜਾਕਿਓ ਨੂੰ ਇੱਕ ਹੋਰ ਮੈਚ ਵਿੱਚ 3-0 ਨਾਲ ਹਰਾ ਕੇ ਆਪਣਾ ਦੂਜਾ ਸਥਾਨ ਯਕੀਨੀ ਬਣਾਇਆ। ਇਸ ਦੇ ਨਾਲ ਹੀ ਉਸ ਨੇ ਚੈਂਪੀਅਨਜ਼ ਲੀਗ ਦੇ ਅਗਲੇ ਸੈਸ਼ਨ 'ਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। PSG ਨੇ ਸਾਬਕਾ ਫਰਾਂਸੀਸੀ ਦਿੱਗਜ ਸੇਂਟ-ਏਟਿਏਨ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 1981 ਵਿੱਚ ਆਪਣਾ 10ਵਾਂ ਅਤੇ ਆਖਰੀ ਖਿਤਾਬ ਜਿੱਤਿਆ ਸੀ। ਸੇਂਟ-ਏਟਿਏਨ ਪਿਛਲੇ ਸਾਲ ਦੂਜੀ ਡਿਵੀਜ਼ਨ ਵਿੱਚ ਖਿਸਕ ਗਿਆ ਸੀ।


Tarsem Singh

Content Editor

Related News