ਪ੍ਰਿਥਵੀ ਸ਼ਾਅ ਨੇ ਫਿੱਟ ਹੋਣ ਤੋਂ ਬਾਅਦ ਸਚਿਨ ਤੇਂਦੁਲਕਰ ਕੋਲੋਂ ਸਿੱਖੇ ਗੁਰ
Thursday, Nov 08, 2018 - 11:28 AM (IST)

ਨਵੀਂ ਦਿੱਲੀ— ਵੈਸਟ ਇੰਡੀਜ਼ ਖਿਲਾਫ ਡੈਬਿਊ ਮੈਚ (ਰਾਜਕੋਟ ਟੈਸਟ) 'ਚ ਸੈਂਕੜਾ ਲਗਾਉਂਣ ਵਾਲਾ ਨੌਜਵਾਨ ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾਅ ਸੱਟ ਤੋਂ ਉਭਰ ਚੁੱਕਾ ਹੈ। ਉਸ ਨੇ ਆਸਟ੍ਰੇਲੀਆ ਦੌਰੇ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਤਿਆਰੀ 'ਚ ਉਸ ਦੀ ਮਦਦ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਕਰ ਰਹੇ ਹਨ। ਦੱਸ ਦਈਏ ਕਿ ਦੇਵਧਰ ਟ੍ਰਾਫੀ ਦੌਰਾਨ ਸਾਅ ਨੂੰ ਕੋਹਨੀ 'ਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਸਨੂੰ ਰਣਜੀ ਟ੍ਰਾਫੀ ਦੇ ਪਹਿਲੇ ਮੈਚ 'ਚੋਂ ਬਾਹਰ ਹੋਣਾ ਪਿਆ ਸੀ।
ਸੂਤਰਾਂ ਦੀ ਮੰਨੀਏ ਤਾਂ ਸ਼ਾਅ ਬੁੱਧਵਾਰ ਨੂੰ ਮੁੰਬਈ ਦੇ ਐੈੱਮ.ਆਈ.ਜੀ. ਕ੍ਰਿਕਟ ਕਲੱਬ ਦੇ ਮੈਦਾਨ 'ਤੇ ਸਚਿਨ ਤੇਂਦੁਲਕਰ ਨਾਲ ਅਭਿਆਸ ਕਰਦੇ ਦੇਖਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸਚਿਨ ਤੇਂਦੁਲਕਰ, ਵਿਨੋਦ ਕਾਂਬਲੀ, ਪ੍ਰਸ਼ਾਂਤ ਸ਼ੈੱਟੀ, ਅਤੇ ਜਗਦੀਸ਼ ਚਾਵਨ ਨੇ ਲਗਭਗ ਇਕ ਘੰਟਾ ਪ੍ਰਿਥਵੀ ਨੂੰ ਅਭਿਆਸ ਕਰਵਾਇਆ। ਸਚਿਨ ਅਤੇ ਜਗਦੀਸ਼ ਨੇ ਰਬੜ ਗੇਂਦ ਨਾਲ ਸ਼ਾਅ ਨੂੰ ਅਭਿਆਸ ਕਰਵਾਇਆ। ਸਚਿਨ ਨੇ ਪ੍ਰਿਥਵੀ ਨੂੰ ਬੱਲੇਬਾਜ਼ੀ ਦੇ ਵੀ ਕੁਝ ਟਿਪਸ ਦਿੱਤੇ।
ਜ਼ਿਕਰਯੋਗ ਹੈ ਕਿ ਐੱਮ.ਆਈ.ਜੀ. 'ਚ ਸਚਿਨ ਤੇਂਦੁਲਕਰ ਦੀ 'ਤੇਂਦੁਲਰ ਮਿਡਲੈਕਸ ਗਲੋਬਲ ਅਕੈਡਮੀ' ਵੀ ਹੈ। ਸੂਤਰਾਂ ਨੇ ਦੱਸਿਆ ਕਿ ਆਸਟ੍ਰੇਲੀਆ ਦੌਰੇ ਲਈ ਸਚਿਨ ਨੇ ਪ੍ਰਿਥਵੀ ਨੂੰ ਮਹੱਤਵਪੂਰਨ ਟਿਪਸ ਦਿੱਤੇ। ਪ੍ਰਿਥਵੀ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਰਬੜ ਗੇਂਦ ਨਾਲ ਅਭਿਆਸ ਕੀਤਾ। ਭਾਰਤੀ ਟੀਮ ਨੂੰ ਵੈਸਟਇੰਡੀਜ਼ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਜਾਣਾ ਹੈ, ਜਿੱਥੇ ਪ੍ਰਿਥਵੀ ਸ਼ਾਅ ਟੀਮ ਇੰਡੀਆ ਦਾ ਹਿੱਸਾ ਹੋਵੇਗਾ। ਨੌਜਵਾਨ ਸ਼ਾਅ ਲਈ ਇਹ ਦੌਰਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕ੍ਰਿਕਟ ਮਾਹਿਰਾਂ ਦੇ ਮੰਨਣਾ ਹੈ ਕਿ ਸ਼ਾਅ ਦੀ ਅਸਲੀ ਪ੍ਰੀਖਿਆ ਆਸਟ੍ਰੇਲੀਆ 'ਚ ਹੀ ਹੋਵੇਗੀ।