ਖਿਡਾਰੀਆਂ ਨੂੰ ਜਾਗਰੂਕ ਬਣਾਉਣਾ ਅਤੇ ਡੋਪਿੰਗ ਰੋਕਣਾ ਸਾਡੀ ਪ੍ਰਾਥਮਿਕਤਾ: ਮਨਸੁਖ ਮਾਂਡਵੀਆ
Wednesday, Nov 04, 2026 - 11:37 AM (IST)
ਨਵੀਂ ਦਿੱਲੀ : ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਡੋਪਿੰਗ ਵਿਰੋਧੀ ਵਿਗਿਆਨੀਆਂ ਅਤੇ ਗੁਣਵੱਤਾ ਭਰੋਸਾ ਪ੍ਰਬੰਧਕਾਂ ਦੀ 10ਵੀਂ ਮੀਟਿੰਗ ਦੌਰਾਨ ਰਾਸ਼ਟਰੀ ਡੋਪ ਟੈਸਟ ਲੈਬਾਰਟਰੀ ਦੀ ਬਾਹਰੀ ਖੋਜ ਗ੍ਰਾਂਟ ਨੀਤੀ ਦੀ ਸ਼ੁਰੂਆਤ ਕੀਤੀ। ਐੱਨ.ਡੀ.ਟੀ.ਐੱਲ. ਵੱਲੋਂ ਕਰਵਾਈ ਗਈ ਇਹ ਦੋ ਦਿਨਾ ਮੀਟਿੰਗ 2 ਨਵੰਬਰ ਨੂੰ ਸ਼ੁਰੂ ਹੋਈ ਸੀ, ਜਿਸ ਵਿੱਚ ਖੇਡਾਂ ਅਤੇ ਵਿਗਿਆਨਕ ਭਾਈਚਾਰੇ ਦੇ ਅੰਤਰਰਾਸ਼ਟਰੀ ਹਿੱਸੇਦਾਰ ਇੱਕ ਮੰਚ 'ਤੇ ਇਕੱਠੇ ਹੋਏ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖੇਡ ਮੰਤਰੀ ਨੇ ਮੀਟਿੰਗ ਦੌਰਾਨ ਐੱਨ.ਡੀ.ਟੀ.ਐੱਲ. ਦੇ ਨਿਊਜ਼ਲੈਟਰ ਦਾ ਵੀ ਨਿਰੀਖਣ ਕੀਤਾ।
ਮਾਂਡਵੀਆ ਨੇ ਇਸ ਮੌਕੇ 'ਤੇ ਕਿਹਾ ਕਿ ਡੋਪਿੰਗ ਨੂੰ ਲੈ ਕੇ ਭਾਰਤ ਦੀ 'ਜ਼ੀਰੋ ਟਾਲਰੈਂਸ' (ਸਿਫ਼ਰ ਸਹਿਣਸ਼ੀਲਤਾ) ਨੀਤੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਹਰ ਜਿੱਤ ਪ੍ਰਤਿਭਾ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦੇ ਦਮ 'ਤੇ ਹਾਸਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਖੇਡਾਂ ਨੂੰ ਰਾਸ਼ਟਰ ਨਿਰਮਾਣ ਦੇ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਪਛਾਣ ਮਿਲੀ ਹੈ।
ਖੇਡ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ 2030 ਵਿੱਚ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਇੱਛੁਕ ਹੈ, ਇਸ ਲਈ ਡੋਪਿੰਗ ਬਾਰੇ ਜਾਗਰੂਕਤਾ ਅਤੇ ਸਿੱਖਿਆ ਇਸ ਤੋਂ ਬਚਾਅ ਦੀ ਭਾਰਤੀ ਮੁਹਿੰਮ ਵਿੱਚ ਕਾਫ਼ੀ ਮਹੱਤਵਪੂਰਨ ਹੈ। ਇਸ ਮੀਟਿੰਗ ਵਿੱਚ ਖੇਡ ਸਕੱਤਰ ਹਰੀ ਰੰਜਨ ਰਾਓ, ਵਾਡਾ ਦੇ ਸੀਨੀਅਰ ਐਸੋਸੀਏਟ ਡਾਇਰੈਕਟਰ ਡਾ. ਓਸਕਵੇਲ ਬਾਰੋਸੋ, ਡਬਲਿਊ.ਏ.ਏ.ਡੀ.ਐੱਸ. ਦੀ ਪ੍ਰਧਾਨ ਡਾ. ਡੋਰੋਟਾ ਕਵੀਆਤਕੋਵਸਕਾ, ਐੱਨ.ਡੀ.ਟੀ.ਐੱਲ. ਦੇ ਨਿਰਦੇਸ਼ਕ ਪ੍ਰੋ. (ਡਾ.) ਪੀ.ਐੱਲ. ਸਾਹੂ ਅਤੇ ਹੋਰ ਪ੍ਰਮੁੱਖ ਵਿਗਿਆਨੀ ਮੌਜੂਦ ਸਨ।
