ਹੋ ਗਈ ਭਵਿੱਖਬਾਣੀ, ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਪਹੁੰਚ ਸਕਦਾ ਹੈ ਅਫਗਾਨਿਸਤਾਨ

05/06/2023 3:12:57 PM

ਸਪੋਰਟਸ ਡੈਸਕ : ਆਈ.ਸੀ.ਸੀ. ਵਨਡੇ ਵਿਸ਼ਵ ਕੱਪ 2023 ਦੇ ਲਈ ਖਿਡਾਰੀ ਆਪਣੀ ਪੂਰੀ ਤਾਕਤ ਲਗਾਉਣ ਲਈ ਤਿਆਰ ਹਨ। ਫਿਲਹਾਲ ਕਈ ਦੇਸ਼ੀ ਅਤੇ ਵਿਦੇਸ਼ੀ ਖਿਡਾਰੀ IPL 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਆਈਪੀਐੱਲ ਵਿੱਚ ਹਾਲਾਂਕਿ ਕਈ ਖਿਡਾਰੀ ਆਪਣੇ ਪ੍ਰਦਰਸ਼ਨ ਨਾਲ ਹੈਰਾਨ ਕਰ ਰਹੇ ਹਨ ਅਤੇ ਆਪਣੀ ਰਾਸ਼ਟਰੀ ਟੀਮ ਲਈ ਚੰਗੇ ਸੰਕੇਤ ਦੇ ਰਹੇ ਹਨ। ਇਸ ਦੌਰਾਨ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਵੱਡੀ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਜੇਕਰ ਲਖਨਊ 'ਚ ਅਫਗਾਨਿਸਤਾਨ ਜ਼ਿਆਦਾ ਮੈਚ ਖੇਡਦਾ ਹੈ ਤਾਂ ਅਫਗਾਨਿਸਤਾਨ ਦੀ ਟੀਮ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਪਹੁੰਚ ਸਕਦੀ ਹੈ।

ਚੋਪੜਾ ਨੇ ਅਜਿਹਾ ਇਸ ਲਈ ਕਿਹਾ ਹੈ ਕਿਉਂਕਿ ਅਫਗਾਨਿਸਤਾਨ ਦੇ ਸਪਿਨਰ ਇਸ ਵਾਰ ਭਾਰਤੀ ਪਿੱਚਾਂ 'ਤੇ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ। ਚੋਪੜਾ ਨੇ ਕਿਹਾ ਕਿ ਜੇਕਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਅਫਗਾਨਿਸਤਾਨ ਦੇ ਪੱਖ 'ਚ ਫ਼ੈਸਲਾ ਲੈਂਦੀ ਹੈ ਤਾਂ ਟੀਮ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਪਹੁੰਚ ਸਕਦੀ ਹੈ।

ਆਕਾਸ਼ ਚੋਪੜਾ ਨੇ ਉਸ ਦ੍ਰਿਸ਼ ਬਾਰੇ ਗੱਲ ਕੀਤੀ, ਜੋ ਮੈਗਾ ਈਵੈਂਟ ਵਿੱਚ ਅਫਗਾਨਿਸਤਾਨ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, ''ਰਾਸ਼ਿਦ ਖਾਨ। ਮੁਜੀਬ ਉਰ ਰਹਿਮਾਨ ਨੂਰ ਅਹਿਮਦ। ਅਫਗਾਨਿਸਤਾਨ ਵਿੱਚ ਸਪਿਨ ਨੂੰ, ਜਿਸ ਤਰੀਕੇ ਨਾਲ ਸਮਝਿਆ ਅਤੇ ਸਿਖਾਇਆ ਜਾਂਦਾ ਹੈ, ਉਸ 'ਚ ਕੁਝ ਤਾਂ ਗੱਲ ਹੈ। ਜੇਕਰ ਆਈਸੀਸੀ ਨੇ ਅਫਗਾਨਿਸਤਾਨ ਦੇ 75 ਫ਼ੀਸਦੀ ਮੈਚਾਂ ਨੂੰ ਲਖਨਊ 'ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਤਾਂ ਉਹ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਆਖਰੀ ਚਾਰ 'ਚ ਖ਼ੁਸ਼ੀ-ਖ਼ੁਸ਼ੀ ਜਗ੍ਹਾ ਬਣਾ ਲੈਣਗੇ।''

ਦੱਸ ਦੇਈਏ ਕਿ ਚੋਪੜਾ ਦਾ ਇਹ ਟਵੀਟ IPL 2023 ਦੇ 48ਵੇਂ ਮੈਚ ਤੋਂ ਬਾਅਦ ਆਇਆ ਹੈ, ਜੋ ਕਿ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਗਿਆ ਸੀ। ਮੈਚ 'ਚ ਅਫ਼ਗਾਨਿਸਤਾਨ ਦੇ ਦੋ ਸਪਿਨਰਾਂ ਰਾਸ਼ਿਦ ਖਾਨ ਅਤੇ ਨੂਰ ਅਹਿਮਦ ਨੇ ਗੁਜਰਾਤ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਰਾਜਸਥਾਨ ਦੀ ਅੱਧੀ ਪਾਰੀ ਨੂੰ ਪੈਵੇਲੀਅਨ ਭੇਜਣ ਦਾ ਕੰਮ ਕੀਤਾ। ਉਸ ਦੇ ਇਸ ਪ੍ਰਦਰਸ਼ਨ ਨੂੰ ਵੇਖ ਚੋਪੜਾ ਪ੍ਰਭਾਵਿਤ ਹੋਏ। ਰਾਸ਼ਿਦ ਖਾਨ ਨੇ 4 ਓਵਰਾਂ 'ਚ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਰਾਸ਼ਿਦ ਨੇ ਆਰ ਅਸ਼ਵਿਨ, ਰਿਆਨ ਪਰਾਗ ਅਤੇ ਸ਼ਿਮਰੋਨ ਹੇਟਮਾਇਰ ਨੂੰ ਆਊਟ ਕੀਤਾ। ਇਸ ਦੇ ਨਾਲ ਹੀ ਨੂਰ ਅਹਿਮਦ ਨੇ ਰਾਜਸਥਾਨ ਦੇ ਬੱਲੇਬਾਜ਼ ਦੇਵਦੱਤ ਪਡਿਕਲ ਅਤੇ ਧਰੁਵ ਜੁਰੇਲ ਨੂੰ ਆਊਟ ਕੀਤਾ। ਇਸ ਤਰ੍ਹਾਂ ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੇ ਰਾਜਸਥਾਨ ਦੀ ਟੀਮ ਦੀ ਕਮਰ ਤੋੜ ਦਿੱਤੀ ਅਤੇ ਪੂਰੀ ਟੀਮ 118 ਦੌੜਾਂ 'ਤੇ ਢੇਰ ਹੋ ਗਈ। ਰਾਸ਼ਿਦ ਨੇ ਇਸ ਮੈਚ 'ਚ ਇਕ ਨੂੰ ਰਨ ਆਊਟ ਵੀ ਕੀਤਾ।


rajwinder kaur

Content Editor

Related News