ਟਾਟਾ ਸਟੀਲ ਮਾਸਟਰਜ਼ : ਪ੍ਰਗਿਆਨੰਦਾ ਨੇ ਮੇਂਡੋਂਕਾ ਨੂੰ ਹਰਾ ਕੇ ਸਿੰਗਲਜ਼ ਬੜ੍ਹਤ ਹਾਸਲ ਕੀਤੀ
Thursday, Jan 23, 2025 - 01:52 PM (IST)
ਵਿਜਕ ਆਨ ਜ਼ੀ (ਨੀਦਰਲੈਂਡ)– ਭਾਰਤੀ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ ਹਮਵਤਨ ਲਿਓਨ ਲਿਊਕ ਮੇਂਡੋਂਕਾ ਨੂੰ ਹਰਾ ਕੇ ਟਾਟਾ ਸਟੀਲ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਦੌਰ ਤੋਂ ਬਾਅਦ ਸਿੰਗਲਜ਼ ਬੜ੍ਹਤ ਹਾਸਲ ਕਰ ਲਈ। ਪ੍ਰਗਿਆਨੰਦਾ ਨੇ ਰੂਏ ਲੋਪੇਜ਼ ਨਾਲ ਸਹਿਜ ਸ਼ੁਰੂਆਤ ਕੀਤੀ ਪਰ ਮਿਡਲ ਗੇਮ ’ਚ ਉਨ੍ਹਾਂ ਨੇ ਮੇਂਡੋਂਕਾ ਦੀਆਂ ਗਲਤੀਆਂ ਦਾ ਫਾਇਦਾ ਚੁੱਕਿਆ ਅਤੇ 46 ਚਾਲਾਂ ’ਚ ਜਿੱਤ ਹਾਸਲ ਕੀਤੀ।
ਪ੍ਰਗਿਆਨੰਦਾ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਮਜ਼ੇਦਾਰ ਗੱਲ ਇਹ ਹੈ ਕਿ ਉਨ੍ਹਾਂ ਨੇ ਹੁਣ ਤੱਕ ਭਾਰਤੀ ਖਿਡਾਰੀਆਂ ਨੂੰ ਹੀ ਹਰਾਇਆ ਹੈ।
ਉਨ੍ਹਾਂ ਦਾ ਅਗਲਾ ਮੁਕਾਬਲਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨਾਲ ਹੋਵੇਗਾ, ਜਿਨ੍ਹਾਂ ਨੇ ਚੌਥੇ ਦੌਰ ਦੀ ਆਪਣੀ ਬਾਜ਼ੀ ਐਲੇਕਸੀ ਸਰਨਾ ਵਿਰੁੱਧ ਡਰਾਅ ਖੇਡੀ। ਵਿਦਿਤ ਗੁਜਰਾਤੀ ਦੇ ਹਟਣ ਦੇ ਕਾਰਨ ਟੂਰਨਾਮੈਂਟ ’ਚ ਜਗ੍ਹਾ ਬਣਾਉਣ ਵਾਲੇ ਪੀ. ਹਰੀਕ੍ਰਿਸ਼ਨਾ ਨੇ ਨੀਦਰਲੈਂਡ ਦੇ ਮੈਕਸ ਵਾਰਮਰਡੈਮ ਨੂੰ ਹਰਾਇਆ ਪਰ ਅਰਜੁਨ ਐਰੀਗੈਸੀ ਨੂੰ ਰੂਸ ਦੇ ਵਲਾਦੀਮਿਰ ਫੇਡੋਸੀਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੈਲੰਜਰਜ਼ ਵਰਗ ’ਚ ਆਰ. ਵੈਸ਼ਾਲੀ ਨੇ ਉਜ਼ਬੇਕਿਸਤਾਨ ਦੇ ਨੋਦਿਰਬੇਕ ਯਾਕੂਬੋਵ ਨੂੰ ਅਤੇ ਦਿਵਿਆ ਦੇਸ਼ਮੁਖ ਨੇ ਤੁਰਕੀ ਦੇ ਐਡੀਜ਼ ਗੁਰੇਲ ਨੂੰ ਹਰਾ ਕੇ ਆਪਣੇ ਆਲੋਚਕਾਂ ਦਾ ਮੂੰਹ ਬੰਦ ਕੀਤਾ। ਦਿਵਿਆ ਦੀ ਟੂਰਨਾਮੈਂਟ ’ਚ ਇਹ ਪਹਿਲੀ ਜਿੱਤ ਹੈ।