PM ਮੋਦੀ, ਗੰਭੀਰ, ਹਰਭਜਨ ਨੇ ਅੰਸ਼ੂਮਨ ਗਾਇਕਵਾੜ ਨੂੰ ਕੀਤਾ ਯਾਦ, ਆਖੀਆਂ ਇਹ ਗੱਲਾਂ

Thursday, Aug 01, 2024 - 11:21 AM (IST)

PM ਮੋਦੀ, ਗੰਭੀਰ, ਹਰਭਜਨ ਨੇ ਅੰਸ਼ੂਮਨ ਗਾਇਕਵਾੜ ਨੂੰ ਕੀਤਾ ਯਾਦ, ਆਖੀਆਂ ਇਹ ਗੱਲਾਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਹਰਭਜਨ ਸਿੰਘ ਨੇ ਅੰਸ਼ੂਮਨ ਗਾਇਕਵਾੜ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਇਕ ਅਸਲੀ ਸੱਜਣ ਕਿਹਾ। ਭਾਰਤੀ ਕ੍ਰਿਕਟ ਨੂੰ ਖਿਡਾਰੀ, ਕੋਚ ਅਤੇ ਚੋਣਕਾਰ ਵਜੋਂ ਸੇਵਾਵਾਂ ਦੇਣ ਵਾਲੇ ਗਾਇਕਵਾੜ ਦਾ ਸ਼ਨੀਵਾਰ ਨੂੰ ਬਲੱਡ ਕੈਂਸਰ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਭਾਰਤ ਲਈ 40 ਟੈਸਟ ਅਤੇ 15 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ। ਪ੍ਰਧਾਨ ਮੰਤਰੀ ਮੋਦੀ ਨੇ ਗਾਇਕਵਾੜ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ 'ਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
ਮੋਦੀ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਲਿਖਿਆ, ''ਅੰਸ਼ੁਮਨ ਗਾਇਕਵਾੜ ਜੀ ਨੂੰ ਕ੍ਰਿਕਟ 'ਚ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ ਜਾਵੇਗਾ। ਉਹ ਇੱਕ ਪ੍ਰਤਿਭਾਸ਼ਾਲੀ ਖਿਡਾਰੀ ਅਤੇ ਸ਼ਾਨਦਾਰ ਕੋਚ ਸੀ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।''
ਗੰਭੀਰ, ਜੋ ਹੁਣੇ-ਹੁਣੇ ਭਾਰਤ ਦੀ ਸੀਮਤ ਓਵਰਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਗਏ ਹਨ, ਨੇ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਅੰਸ਼ੁਮਨ ਗਾਇਕਵਾੜ ਜੀ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਹਾਂ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨੂੰ ਬਲ ਬਖਸ਼ੇ।
ਹਰਭਜਨ ਦੇ ਗਾਇਕਵਾੜ ਨਾਲ ਬਹੁਤ ਚੰਗੇ ਸਬੰਧ ਸਨ। ਜਦੋਂ ਉਨ੍ਹਾਂ ਨੇ 1998 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਤਾਂ ਗਾਇਕਵਾੜ ਟੀਮ ਦੇ ਕੋਚ ਸਨ।
ਹਰਭਜਨ ਨੇ ਕਿਹਾ, ''ਅੰਸ਼ੁਮਨ ਗਾਇਕਵਾੜ ਦਾ ਦਿਹਾਂਤ ਦਿਲ ਤੋੜਣ ਵਾਲੀ ਖਬਰ ਹੈ। ਜਦੋਂ ਉਹ ਮੇਰੇ ਕੋਚ ਸਨ ਤਾਂ ਮੇਰੇ ਟੈਸਟ ਕ੍ਰਿਕਟ ਵਿੱਚ ਡੈਬਿਊ ਕਰਨ ਦੀਆਂ ਯਾਦਾਂ ਹਨ। ਉਹ ਸੱਚਮੁੱਚ ਇੱਕ ਸੱਜਣ ਸੀ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਕ੍ਰਿਕਟ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਪਰਿਵਾਰ ਨਾਲ ਹਮਦਰਦੀ।''
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਅੰਸ਼ੁਮਨ ਗਾਇਕਵਾੜ ਜੀ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ, ਇੱਕ ਮਹਾਨ ਕ੍ਰਿਕਟਰ, ਜਿਨ੍ਹਾਂ ਦੇ ਕ੍ਰਿਕਟ ਹੁਨਰ ਨੇ ਭਾਰਤੀ ਕ੍ਰਿਕੇਟ ਦੀ ਸ਼ਾਨ ਵਦਾਈ ਹੈ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਓਮ ਸ਼ਾਂਤੀ।''
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਕਿਹਾ, “ਅੰਸ਼ੁਮਨ ਗਾਇਕਵਾੜ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਇਹ ਪੂਰੇ ਕ੍ਰਿਕਟ ਜਗਤ ਲਈ ਦੁਖਦ ਹੈ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।”
ਬੀਸੀਸੀਆਈ ਨੇ ਹਾਲ ਹੀ ਵਿੱਚ ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਵਿੱਚ ਇਲਾਜ ਅਧੀਨ ਗਾਇਕਵਾੜ ਦੇ ਇਲਾਜ ਲਈ ਇੱਕ ਕਰੋੜ ਰੁਪਏ ਦਾਨ ਕੀਤੇ ਸਨ।
ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਨੇ ਵੀ ਗਾਇਕਵਾੜ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ, “ਮੈਂ ਅੰਸ਼ੁਮਨ ਗਾਇਕਵਾੜ ਦੇ ਦਿਹਾਂਤ ਤੋਂ ਬਹੁਤ ਦੁਖੀ ਹਾਂ। ਇੱਕ ਮਿਲਣਸਾਰ, ਨਿਮਰ ਸੱਜਣ। ਉਹ ਮੇਰੇ ਮਰਹੂਮ ਭਰਾ ਦਾ ਦੋਸਤ ਸੀ, ਇਸ ਲਈ ਮੈਂ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ। "ਕੈਂਸਰ ਨਾਲ ਬਹਾਦਰੀ ਨਾਲ ਲੜਿਆ ਅਤੇ ਆਪਣੀ ਬੱਲੇਬਾਜ਼ੀ ਵਾਂਗ ਸਭ ਕੁਝ ਦਿੱਤਾ।"


author

Aarti dhillon

Content Editor

Related News