ਪ੍ਰਧਾਨ ਮੰਤਰੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ''ਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ
Monday, Sep 19, 2022 - 06:25 PM (IST)

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੀ ਸੋਮਵਾਰ ਨੂੰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਉਪਲੱਬਧੀ ਲਈ ਵਧਾਈ ਦਿੱਤੀ। ਪੂਨੀਆ ਨੇ ਐਤਵਾਰ ਨੂੰ ਸਰਬੀਆ ਦੇ ਬੇਲਗ੍ਰੇਡ ਵਿੱਚ ਹੋਈ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਇਸ ਮੁਕਾਬਲੇ 'ਚ ਪੂਨੀਆ ਦਾ ਇਹ ਚੌਥਾ ਤਮਗਾ ਹੈ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਭਾਰਤ ਦੇ ਇਕਲੌਤੇ ਪਹਿਲਵਾਨ ਹਨ। ਵਿਨੇਸ਼ ਫੋਗਾਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ 2 ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ 53 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਇਹ ਉਪਲੱਬਧੀ ਹਾਸਲ ਕੀਤੀ।
ਇੱਕ ਟਵੀਟ ਵਿੱਚ ਪੀ.ਐੱਮ. ਮੋਦੀ ਨੇ ਕਿਹਾ, 'ਸਾਡੇ ਪਹਿਲਵਾਨਾਂ ਨੇ ਸਾਨੂੰ ਮਾਣ ਦਿਵਾਇਆ ਹੈ। ਬੇਲਗ੍ਰੇਡ ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ ਵਿਨੇਸ਼ ਅਤੇ ਪੂਨੀਆ ਨੂੰ ਵਧਾਈਆਂ।' ਉਨ੍ਹਾਂ ਕਿਹਾ, 'ਇਹ ਉਪਲੱਬਧੀ ਖ਼ਾਸ ਹੈ, ਕਿਉਂਕਿ ਵਿਨੇਸ਼ ਇਸ ਮੁਕਾਬਲੇ ਵਿੱਚ 2 ਤਮਗੇ ਜਿੱਤਣ ਵਾਲੀ ਪਹਿਲੀ ਮਹਿਲਾ ਹੈ ਅਤੇ ਬਜਰੰਗ ਪੂਨੀਆ 4 ਤਮਗੇ ਜਿੱਤਣ ਵਾਲੇ ਪਹਿਲੀ ਭਾਰਤੀ ਹੈ।'