ਪਿਲਸਕੋਵਾ, ਸਵੀਤੋਲਿਨਾ ਤੇ ਰਾਓਨਿਕ ਪ੍ਰੀ-ਕੁਆਰਟਰ ਫਾਈਨਲ ''ਚ

Friday, Jul 05, 2019 - 09:25 PM (IST)

ਪਿਲਸਕੋਵਾ, ਸਵੀਤੋਲਿਨਾ ਤੇ ਰਾਓਨਿਕ ਪ੍ਰੀ-ਕੁਆਰਟਰ ਫਾਈਨਲ ''ਚ

ਲੰਡਨ— ਤੀਜਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰਲਿਨਾ ਪਿਲਸਕੋਵਾ, ਅੱਠਵੀਂ ਸੀਡ ਯੂਕ੍ਰੇਨ ਦੀ ਐਲਿਨਾ ਸਵੀਤੋਲਿਨਾ ਤੇ 15ਵਾਂ ਦਰਜਾ ਪ੍ਰਾਪਤ ਕੈਨੇਡਾ ਦੇ ਮਿਲੋਸ ਰਾਓਨਿਕ ਨੇ ਸ਼ੁੱਕਰਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਪਿਲਸਕੋਵਾ ਨੇ ਚੀਨੀ ਤਾਈਪੇ ਦੇ ਸੂ ਵੇਈ ਸੀਹ ਨੂੰ 6-3, 2-6, 6-4 ਨਾਲ ਤੇ  ਸਵੀਤੋਲਿਨਾ ਨੇ ਯੂਨਾਨ ਦੀ ਮਾਰੀਆ ਸਕਾਰੀ ਨੂੰ 6-3, 6-7, 6-2 ਨਾਲ ਹਰਾਇਆ। ਇਸ ਤੋਂ ਇਲਾਵਾ 14ਵੀਂ ਸੀਡ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਨੇ ਚੀਨ ਦੀ ਸ਼ੂਆਈ ਝਾਂਗ ਨੂੰ 6-4, 6-2 ਨਾਲ ਹਰਾਇਆ। 
ਪੁਰਸ਼ ਵਰਗ ਵਿਚ ਰਾਓਨਿਕ ਨੇ ਅਮਰੀਕਾ ਦੇ ਰਿਲੀ ਓਪੇਲਕਾ ਨੂੰ 7-6, 6-2, 6-1 ਨਾਲ, ਜਦਕਿ 23ਵੀਂ ਸੀਡ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਨੇ ਰੂਸ ਦੇ ਕਾਰੇਨ ਖਾਚਾਨੋਵ ਨੂੰ 6-3, 7-6, 6-1 ਨਾਲ ਹਰਾਇਆ। ਇਸ ਤੋਂ ਪਹਿਲਾਂ ਕੱਲ ਸਪੇਨ ਦੇ ਰਾਫੇਲ ਨਡਾਲ ਨੇ ਆਸਟਰੇਲੀਆ ਦੇ ਨਿਕ ਕ੍ਰਿਗਿਓਸ ਨੂੰ 6-3, 3-6, 7-6, 7-6 ਨਾਲ, ਜਦਕਿ ਸੇਰੇਨਾ ਵਿਲੀਅਮਸ ਨੇ ਸਲੋਵੇਨੀਆ ਦੀ ਕਾਜਾ ਜੁਵਾਨ ਨੂੰ 2-6, 6-2, 6-4 ਨਾਲ ਹਰਾਇਆ।

PunjabKesari
ਪੇਸ ਮਿਕਸਡ ਡਬਲਜ਼ 'ਚੋਂ ਵੀ ਬਾਹਰ, ਦਿਵਿਜ ਤੀਜੇ ਦੌਰ 'ਚ
ਭਾਰਤ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਲੀਏਂਡਰ ਪੇਸ ਦਾ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਵਿਚ ਸਫਰ ਖਤਮ ਹੋ ਗਿਆ ਹੈ, ਜਦਕਿ ਦਿਵਿਜ ਸ਼ਰਣ ਨੇ ਪੁਰਸ਼ ਡਬਲਜ਼ ਦੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ। ਪੁਰਸ਼ ਡਬਲਜ਼ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਪੇਸ ਨੂੰ ਮਿਕਸਡ ਡਬਲਜ਼ ਦੇ ਪਹਿਲੇ ਦੌਰ ਵਿਚ ਆਪਣੀ ਆਸਟਰੇਲੀਆਈ ਜੋੜੀਦਾਰ ਸਾਮੰਥਾ ਸਟੋਸੁਰ ਨਾਲ ਬ੍ਰਿਟਿਸ਼ ਜੋੜੀ ਇਵਾਨ ਹੋਏਤ ਤੇ ਐਡੇਨ ਸਿਲਵਾ ਹੱਥੋਂ 6-4, 2-6, 6-4 ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਦਿਵਿਜ ਸ਼ਰਣ ਤੇ ਉਸ ਦੇ ਜੋੜੀਦਾਰ ਮਾਰਕਸੇਲੋ ਡੇਮੋਲਿਨਰ ਨੇ ਬੈਲਜੀਅਮ ਦੀ ਜੋੜੀ ਸੇਂਡਰ ਗਿਲੇ ਤੇ ਜੋਰਾਨ ਵਲੀਗੇਨ ਨੂੰ ਸੰਘਰਸ਼ਪੂਰਨ ਮੁਕਾਬਲੇ ਵਿਚ 7-6, 5-7, 7-6, 6-4 ਨਾਲ ਹਰਾ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕੀਤਾ। 


author

Gurdeep Singh

Content Editor

Related News