ਪੰਤ ਦਾ ਕਾਫੀ ਅਸਰ ਰਿਹਾ ਹੈ, ਉਸ ਨੂੰ ਸ਼ਾਂਤ ਰੱਖਣ ਦੀ ਲੋੜ : ਕਮਿੰਸ
Tuesday, Sep 24, 2024 - 06:11 PM (IST)
ਨਵੀਂ ਦਿੱਲੀ– ਕਪਤਾਨ ਪੈਟ ਕਮਿੰਸ ਨੇ ਸਵੀਕਾਰ ਕੀਤਾ ਕਿ ਰਿਸ਼ਭ ਪੰਤ ਆਸਟ੍ਰੇਲੀਆ ਵਿਚ ਭਾਰਤ ਦੇ ਲਗਾਤਾਰ ਦੋ ਟੈਸਟ ਲੜੀਆਂ ਜਿੱਤਣ ਦੀ ਮੁਹਿੰਮ ਵਿਚ ‘ਵੱਡਾ ਅਸਰ’ ਰਿਹਾ ਸੀ ਤੇ ਉਸ ਨੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਇਸ ਤੇਜ਼ਤਰਾਰ ਵਿਕਟਕੀਪਰ-ਬੱਲੇਬਾਜ਼ ਨੂੰ ‘ਸ਼ਾਂਤ’ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਆਸਟ੍ਰੇਲੀਆ ਵਿਚ 2018-19 ਤੇ 2020-21 ਵਿਚ ਭਾਰਤ ਦੀ ਇਤਿਹਾਸਕ ਟੈਸਟ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ 26 ਸਾਲਾ ਪੰਤ ਨੇ ਦਸੰਬਰ 2022 ਵਿਚ ਇਕ ਭਿਆਨਕ ਕਾਰ ਹਾਦਸੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਪਿਛਲੇ ਹਫਤੇ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ ਸੈਂਕੜਾ ਲਾਇਆ।
ਕਮਿੰਸ ਨੇ ਕਿਹਾ, ‘‘ਉਹ ਇਕ ਅਜਿਹਾ ਖਿਡਾਰੀ ਹੈ, ਜਿਸ ਦਾ ਪਿਛਲੀਆਂ ਕੁਝ ਲੜੀਆਂ ਵਿਚ ਬਹੁਤ ਵੱਡਾ ਪ੍ਰਭਾਵ ਰਿਹਾ ਹੈ ਤੇ ਸਾਨੂੰ ਉਸ ਨੂੰ ਸ਼ਾਂਤੀ ਰੱਖਣ ਦੀ ਲੋੜ ਪਵੇਗੀ।’’ ਰਿਵਰਸ ਤੇ ਇਕ ਹੱਥ ਨਾਲ ਫਲਿੱਕ ਵਰਗੇ ਆਪਣੀਆਂ ਰਵਾਇਤੀ ਸ਼ਾਟਾਂ ਲਈ ਪਛਾਣੇ ਜਾਣ ਵਾਲੇ ਪੰਤ ਨੇ ਆਸਟ੍ਰੇਲੀਆ ਵਿਰੁੱਧ ਆਪਣੀਆਂ ਪਿਛਲੀਆਂ 2 ਲੜੀਆਂ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਪੰਤ ਨੇ ਇਸ ਦੌਰਾਨ 12 ਪਾਰੀਆਂ ਵਿਚ 62.40 ਦੀ ਪ੍ਰਭਾਵਸ਼ਾਲੀ ਔਸਤ ਨਾਲ 624 ਦੌੜਾਂ ਬਣਾਈਆਂ, ਜਿਸ ਵਿਚ ਉਸਦਾ ਬੈਸਟ ਸਕੋਰ ਅਜੇਤੂ 159 ਦੌੜਾਂ ਰਿਹਾ। ਉਸ ਨੇ 2021 ਵਿਚ ਗਾਬਾ ਵਿਚ ਦੂਜੀ ਪਾਰੀ ਵਿਚ ਅਜੇਤੂ 89 ਦੌੜਾਂ ਦੀ ਪਾਰੀ ਖੇਡ ਕੇ ਆਸਟ੍ਰੇਲੀਆ ਦੀ ਇਸ ਮੈਦਾਨ ’ਤੇ 32 ਸਾਲ ਵਿਚ ਪਹਿਲੀ ਹਾਰ ਤੈਅ ਕੀਤੀ ਸੀ ਤੇ ਭਾਰਤ ਨੂੰ 2-1 ਨਾਲ ਲੜੀ ਵਿਚ ਜਿੱਤ ਵੀ ਦਿਵਾਈ। ਇਸ 31 ਸਾਲਾ ਤੇਜ਼ ਗੇਂਦਬਾਜ਼ ਨੇ ਪੰਤ ਦੇ ਹਮਲਾਵਰ ਰਵੱਈਏ ਦੀ ਤੁਲਨਾ ਆਪਣੇ ਸਾਥੀਆਂ ਟ੍ਰੈਵਿਸ ਹੈੱਡ ਤੇ ਮਿਸ਼ੇਲ ਮਾਰਸ਼ ਨਾਲ ਕੀਤੀ।
ਕਮਿੰਸ ਨੇ ਕਿਹਾ,‘‘ਹਰ ਟੀਮ ਵਿਚ ਇਕ ਜਾਂ ਦੋ ਅਜਿਹੇ ਖਿਡਾਰੀ ਹੁੰਦੇ ਹਨ ਜਿਹੜੇ ਮੈਚ ਦਾ ਪਾਸਾ ਬਦਲ ਸਕਦੇ ਹਨ। ਤੁਸੀਂ ਜਾਣਦੇ ਹੋ, ਸਾਡੇ ਕੋਲ ਟ੍ਰੈਵਿਸ ਹੈੱਡ ਤੇ ਮਿਸ਼ੇਲ ਮਾਰਸ਼ ਵਰਗੇ ਖਿਡਾਰੀ ਹਨ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਖਿਡਾਰੀਆਂ ਨਾਲ ਉਹ ਹਮਲਾਵਰ ਹੋਣ ਜਾ ਰਹੇ ਹਨ। ਜੇਕਰ ਤੁਸੀਂ ਥੋੜ੍ਹਾ ਵੀ ਖੁੰਝਦੇ ਹੋ ਤਾਂ ਉਹ ਇਸਦੇ ਲਈ ਤਿਆਰ ਰਹਿਣਗੇ।’’ ਆਸਟ੍ਰੇਲੀਆ 2014-15 ਤੋਂ ਬਾਅਦ ਤੋਂ ਭਾਰਤ ਵਿਰੁੱਧ ਆਪਣੀ ਪਹਿਲੀ ਟੈਸਟ ਲੜੀ ਜਿੱਤਣ ਦੀ ਕੋਸ਼ਿਸ਼ ਵਿਚ ਹੋਵੇਗਾ। 5 ਮੈਚਾਂ ਦੀ ਲੜੀ 22 ਨਵੰਬਰ ਨੂੰ ਪਰਥ ਟੈਸਟ ਦੇ ਨਾਲ ਸ਼ੁਰੂ ਹੋਵੇਗੀ।