IPL 2021: UAE ਦੇ ਗ਼ਰਮ ਮੌਸਮ ਨਾਲ ਤਾਲਮੇਲ ਬਿਠਾਉਣਾ ਸਾਡੀ ਪਹਿਲ ਕਦਮੀ : ਰਿਸ਼ਭ ਪੰਤ
Monday, Sep 20, 2021 - 11:54 AM (IST)
ਦੁਬਈ (ਵਾਰਤਾ)– ਇੰਗਲੈਂਡ ਤੋਂ ਵਾਪਸੀ ਕਰਕੇ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਨੇ ਆਪਣੇ ਪਹਿਲੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਅਭਿਆਸ ਸੈਸ਼ਨ ਤੋਂ ਬਾਅਦ ਪ੍ਰੈੱਸ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਇਕਾਂਤਵਾਸ ਪੂਰਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲਣ ਨੂੰ ਉਤਸ਼ਾਹਿਤ ਸੀ ਤੇ ਉਨ੍ਹਾਂ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਉਸ ਨੇ ਕਿਹਾ, 'ਅਸੀਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਹਾਲਾਤ ਦੇ ਹਿਸਾਬ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਥੇ ਕਾਫ਼ੀ ਗ਼ਰਮੀ ਹੈ। ਇਕਾਂਤਵਾਸ ਦੌਰਾਨ ਮੈਂ ਆਪਣੀ ਬਾਲਕਨੀ ਵਿਚ ਬੈਠਾ ਰਹਿੰਦਾ ਸੀ ਤਾਂ ਕਿ ਗਰਮ ਮੌਸਮ ਦਾ ਆਦੀ ਹੋ ਜਾਵਾਂ ਪਰ ਅਭਿਆਸ ਸੈਸ਼ਨ ਵਿਚ ਹਿੱਸਾ ਲੈਣ ਤੋਂ ਬਾਅਦ ਹੋਰ ਗ਼ਰਮੀ ਲੱਗ ਰਹੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਜਲਦ ਤੋਂ ਜਲਦ ਇਨ੍ਹਾਂ ਹਾਲਾਤ ਨਾਲ ਤਾਲਮੇਲ ਬਿਠਾ ਲਵਾਂ ਤੇ ਇਸ ਵਿਚ ਸ਼ਾਇਦ 2-3 ਦਿਨ ਲੱਗਣਗੇ।'
ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਟੀਮ ਆਈ. ਪੀ. ਐੱਲ. 2021 ਦੇ ਪਹਿਲੇ ਗੇੜ ਦੀ ਆਪਣੀ ਫਾਰਮ ਨੂੰ ਬਰਕਰਾਰ ਰੱਖਣਾ ਚਾਹੇਗੀ, ਜਿੱਥੇ ਟੀਮ ਨੇ 8 ਵਿਚੋਂ 6 ਮੈਚ ਜਿੱਤੇ ਸਨ ਅਤੇ ਇਸ ਵੇਲੇ ਅੰਕ ਸੂਚੀ ਵਿਚ ਸਿਖ਼ਰ 'ਤੇ ਹੈ। ਉਨ੍ਹਾਂ ਕਿਹਾ, 'ਸਾਡਾ ਆਖ਼ਰੀ ਟੀਚਾ ਟੂਰਨਾਮੈਂਟ ਜਿੱਤਣਾ ਹੈ ਅਤੇ ਇਸ ਦੇ ਲਈ ਅਸੀਂ ਆਪਣੀ ਪ੍ਰਕਿਰਿਆ ’ਤੇ ਭਰੋਸਾ ਕਰ ਰਹੇ ਹਾਂ। ਉਮੀਦ ਹੈ ਕਿ ਜਿਸ ਤਰ੍ਹਾਂ ਅਸੀਂ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਸੀ, ਅਸੀਂ ਇਸ ਨੂੰ ਉਸੇ ਤਰੀਕੇ ਨਾਲ ਖ਼ਤਮ ਕਰਾਂਗੇ ਅਤੇ ਅੰਤ ਵਿਚ ਇਹ ਟਰਾਫੀ ਸਾਡੀ ਹੋਵੇਗੀ।' ਦਿੱਲੀ ਕੈਪੀਟਲਸ ਦੀ ਆਈ.ਪੀ.ਐੱਲ. 2021 ਦੇ ਦੂਜੇ ਪੜਾਅ ਦੀ ਸ਼ੁਰੂਆਤ 22 ਸਤੰਬਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਹੋਵੇਗੀ।