ਓਸਾਕਾ ਨੂੰ ਆਸਟ੍ਰੇਲੀਅਨ ਓਪਨ ਤੱਕ ਫਿੱਟ ਹੋਣ ਦੀ ਉਮੀਦ
Sunday, Jan 04, 2026 - 02:43 PM (IST)
ਪਰਥ– 4 ਵਾਰ ਦੀ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਨਾਓਮੀ ਓਸਾਕਾ ਯੂਨਾਈਟਿਡ ਕੱਪ ਟੈਨਿਸ ਟੂਰਨਾਮੈਂਟ ਦੌਰਾਨ ਬਿਮਾਰ ਮਹਿਸੂਸ ਕਰ ਰਹੀ ਹੈ ਪਰ ਉਸ ਨੂੰ 18 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਤੱਕ ਪੂਰੀ ਤਰ੍ਹਾਂ ਫਿੱਟ ਹੋਣ ਦੀ ਉਮੀਦ ਹੈ। ਓਸਾਕਾ ਸ਼ੁੱਕਰਵਾਰ ਨੂੰ ਯੂਨਾਨ ਦੀ ਮਾਰੀਆ ਸਕਾਰੀ ਹੱਥੋਂ 6-4, 6-2 ਨਾਲ ਹਾਰ ਗਈ ਸੀ।
ਉਸ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ‘ਅਸਲ ਵਿਚ ਬੀਮਾਰ’ ਹੋ ਗਈ ਸੀ ਤੇ ਇਸ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਮੈਚ ਦੌਰਾਨ ਓਸਾਕਾ ਨੂੰ ਵਿਚ-ਵਿਚਾਲੇ ਖੰਘ ਆ ਰਹੀ ਸੀ ਤੇ ਉਹ ਥੱਕੀ ਹੋਈ ਲੱਗ ਰਹੀ ਸੀ।
ਉਸ ਨੇ ਕਿਹਾ, ‘‘ਮੈਂ ਕੁਝ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ, ਇਸ ਲਈ ਅਜੇ ਇੱਥੇ ਆ ਕੇ ਖੁਸ਼ ਹੋ ਰਹੀ ਹਾਂ। ਇਹ ਗੰਭੀਰ ਨਹੀਂ ਹੈ ਪਰ ਮੈਂ ਉਸ ਪੱਧਰ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਹਾਂ, ਜਿਸ ਤਰ੍ਹਾਂ ’ਤੇ ਮੈਂ ਕਰਨਾ ਚਾਹੁੰਦੀ ਹਾਂ, ਜਿਹੜਾ ਥੋੜ੍ਹਾ ਨਿਰਾਸ਼ਾਜਨਕ ਹੈ।’’
ਪਿਛਲੇ ਸਾਲ ਅਮਰੀਕੀ ਓਪਨ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਓਸਾਕਾ ਨੇ ਕਿਹਾ, ‘‘ਮੈਂ ਹੁਣ ਠੀਕ ਹੋਣ ਦੇ ਨੇੜੇ ਹਾਂ ਪਰ ਅਜੇ ਤੱਕ ਵੀ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹਾਂ। ਮੈਂ ਸਿਰਫ ਹਰ ਦਿਨ ਬਿਹਤਰ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਨੂੰ ਖਾਂਸੀ, ਨੱਕ ਵਹਿਣਾ ਤੇ ਇਸ ਤਰ੍ਹਾਂ ਦੀਆਂ ਕਈ ਪ੍ਰੇਸ਼ਾਨੀਆਂ ਸਨ, ਇਸ ਲਈ ਉਮੀਦ ਹੈ ਕਿ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਇਹ ਸਭ ਕੁਝ ਠੀਕ ਹੋ ਜਾਵੇਗਾ।’’
