ਹਾਰਦਿਕ ਪੰਡਯਾ ਨੂੰ ਝਟਕਾ! ਹੁਣ ਇਹ ਧਾਕੜ ਖਿਡਾਰੀ ਹੋ ਸਕਦੈ ਟੀਮ ਇੰਡੀਆ ਦਾ ਨਵਾਂ T-20 ਕਪਤਾਨ
Wednesday, Jul 17, 2024 - 12:45 AM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦਾ ਅਗਲਾ ਮਿਸ਼ਨ ਸ਼੍ਰੀਲੰਕਾ ਦੌਰਾ ਹੈ। ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ 1-2 ਦਿਨਾਂ 'ਚ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਹੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਖਬਰ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਲਈ ਇਕ ਵੱਡਾ ਝਟਕਾ ਹੈ। ਜਦੋਂਕਿ ਸੂਰਿਆਕੁਮਾਰ ਯਾਦਵ ਲਈ ਖੁਸ਼ਖਬਰੀ ਹੈ।
ਦਰਅਸਲ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਟੀ-20 ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਅਜਿਹੇ 'ਚ ਸ਼੍ਰੀਲੰਕਾ ਦੌਰੇ ਲਈ ਪੰਡਯਾ ਨੂੰ ਟੀ-20 ਟੀਮ ਦਾ ਕਪਤਾਨ ਮੰਨਿਆ ਜਾ ਰਿਹਾ ਸੀ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਮੁਤਾਬਕ, ਪੰਡਯਾ ਨੂੰ ਝਟਕਾ ਲੱਗ ਸਕਦਾ ਹੈ।
ਪੰਡਯਾ ਦੀ ਥਾਂ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਬਣਾਉਣ ਦੀ ਤਿਆਰੀ
ਬੀ.ਸੀ.ਸੀ.ਆਈ. ਸੂਤਰਾਂ ਨੇ ਕਿਹਾ ਕਿ ਅਸੀਂ ਭਵਿੱਖ ਨੂੰ ਦੇਖਣਾ ਹੈ। ਅਸੀਂ ਅਗਲੇ 2 ਟੀ-20 ਵਰਲਡ ਕੱਪ ਅਤੇ ਟੀ-20 ਸੀਰੀਜ਼ ਨੂੰ ਧਿਆਨ 'ਚ ਰੱਖਣਾ ਹੈ। ਇਹੀ ਕਾਰਨ ਹੈ ਕਿ ਸਾਨੂੰ ਅਜਿਹੇ ਖਿਡਾਰੀ (ਕਪਤਾਨ) ਦੀ ਲੋੜ ਹੈ ਜੋ ਖੇਡ ਸਕੇ ਅਤੇ ਲੰਬੇ ਸਮੇਂ ਤਕ ਮੌਜੂਦ ਰਹਿ ਸਕੇ। ਉਸ ਸਥਿਤੀ 'ਚ ਕੋਚ ਅਤੇ ਸਿਲੈਕਟਰਜ਼ ਸਕਾਈ (ਸੂਰਿਆਕੁਮਾਰ ਯਾਦਵ) ਨੂੰ ਸਭ ਤੋਂ ਛੋਟੇ ਫਾਰਮੇਟ (ਟੀ-20) 'ਚ ਕਪਤਾਨ ਬਣਾਉਣ 'ਤੇ ਵਿਚਾਰ ਕਰ ਰਹੇ ਹਾਂ।
ਸੂਤਰਾਂ ਨੇ ਕਿਹਾ ਕਿ ਹਾਰਦਿਕ ਪੰਡਯਾ ਅਗਲੇ ਦੌਰੇ ਯਾਨੀ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਲਈ ਉਪਲੱਬਧ ਨਹੀਂ ਰਹਿਣਗੇ ਪਰ ਉਨ੍ਹਾਂ ਦੀ ਥਾਂ ਹੁਣ ਸੂਰਿਆਕੁਮਾਰ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ। ਨਾਲ ਹੀ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਵੀ 1-2 ਦਿਨਾਂ 'ਚ ਹੋ ਸਕਦਾ ਹੈ।
ਗੰਭੀਰ ਦਾ ਬਤੌਰ ਕੋਚ ਪਹਿਲਾ ਦੌਰਾ
ਹਾਲ ਹੀ 'ਚ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਪਿਛਲੇ ਮਹੀਨੇ ਯਾਨੀ ਜੂਨ 'ਚ ਟੀ-20 ਵਰਲਡ ਕੱਪ 2024 ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਸ਼ੁਭਮਨ ਗਿਲ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਹਾਲ ਹੀ 'ਚ ਜਿੰਬਾਬਵੇ ਨੂੰ ਉਸ ਦੇ ਘਰ 'ਚ 5 ਮੈਚਾ ਦੀ ਟੀ-20 ਸੀਰੀਜ਼ 'ਚ 4-1 ਨਾਲ ਹਰਾਇਆ ਹੈ। ਹੁਣ ਭਾਰਤੀ ਟੀਮ ਦਾ ਅਗਲਾ ਮਿਸ਼ਨ ਸ਼੍ਰੀਲੰਕਾ ਦੌਰਾ ਹੈ।
ਇਸ ਦੌਰੇ 'ਤੇ ਭਾਰਤੀ ਟੀਮ ਨੂੰ 3 ਮੈਚਾਂ ਦੀ ਵਨਡੇ ਅਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਨ੍ਹਾਂ ਦੋਵਾਂ ਹੀ ਸੀਰੀਜ਼ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਹੁਣ ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਹੋਣਾ ਬਾਕੀ ਹੈ। ਦੱਸ ਦੇਈਏ ਕਿ ਭਾਰਤੀ ਟੀਮ ਦੇ ਨਵੇਂ ਹੈੱਡ ਕੋਚ ਗੌਤਮ ਗੰਭੀਰ ਦਾ ਵੀ ਇਹ ਪਹਿਲਾ ਦੌਰਾ ਹੋਵੇਗਾ।
ਭਾਰਤ-ਸ਼੍ਰੀਲੰਕਾ ਸ਼ੈਡਿਊਲ
27 ਜੁਲਾਈ- ਪਹਿਲਾ ਟੀ-20, ਪੱਲੇਕੇਲ
28 ਜੁਲਾਈ- ਦੂਜਾ ਟੀ-20, ਪੱਲੇਕੇਲ
30 ਜੁਲਾਈ- ਤੀਜਾ ਟੀ-20, ਪੱਲੇਕੇਲ
2 ਅਗਸਤ- ਪਹਿਲਾ ਵਨਡੇ, ਕੋਲੰਬੋ
4 ਅਗਸਤ- ਦੂਜਾ ਵਨਡੇ, ਕੋਲੰਬੋ
7 ਅਗਸਤ- ਤੀਜਾ ਵਨਡੇ, ਕੋਲੰਬੋ