ਇਕ ਮਹੀਨੇ ਤੋਂ ਨਹੀਂ ਹੋਇਆ ਕੋਈ ਫੁੱਟਬਾਲ ਮੈਚ, ਅੱਗੇ ਵੀ ਸਥਿਤੀ ਸਾਫ ਨਹੀਂ

04/14/2020 3:27:47 AM

ਪੈਰਿਸ- ਯੂਰਪ ਵਿਚ ਖਚਾਖਚ ਭਰੇ ਸਟੇਡੀਅਮ ਵਿਚ ਆਖਰੀ ਫੁੱਟਬਾਲ ਮੈਚ ਇਕ ਮਹੀਨੇ ਪਹਿਲਾਂ ਖੇਡਿਆ ਗਿਆ ਸੀ ਤੇ ਕੋਰੋਨਾ ਵਾਇਰਸ ਕਾਰਣ ਅਜੇ ਜਿਹੜੀ ਸਥਿਤੀ ਬਣੀ ਹੋਈ ਹੈ, ਉਸ ਨੂੰ ਦੇਖਦੇ ਹੋਏ ਕੋਈ ਵੀ ਇਹ ਨਹੀਂ ਕਹਿ ਸਕਦਾ ਹੈ ਕਿ ਵਿਸ਼ਵ ਭਰ ਵਿਚ ਬੇਹੱਦ ਪ੍ਰਸਿੱਧ ਇਸ ਖੇਡ ਦੀ ਕਦੋਂ ਵਾਪਸੀ ਹੋਵੇਗੀ। ਗਲਾਸਗੋ ਵਿਚ 12 ਮਾਰਚ ਨੂੰ ਇਬਰਾਕਸ ਸਟੇਡੀਅਮ ਵਿਚ 50 ਹਜ਼ਾਰ ਦਰਸ਼ਕ ਮੌਜੂਦ ਸਨ। ਯੂਰੋਪਾ ਲੀਗ ਦੇ ਇਸ ਮੈਚ ਵਿਚ ਬੇਅਰ ਲੀਵਰਕੂਸੇਨ ਨੇ ਰੇਂਜਰਸ ਨੂੰ 3-1 ਨਾਲ ਹਰਾਇਆ ਸੀ। ਉਸ ਰਾਤ ਨੂੰ ਕੁਝ ਹੋਰ ਮੈਚ ਵੀ ਖੇਡੇ ਗਏ ਸਨ ਪਰ ਉਹ ਸਾਰੇ ਬੰਦ ਸਟੇਡੀਅਮਾਂ ਵਿਚ ਹੋਏ ਸਨ। ਉਦੋਂ ਤੋਂ ਲੈ ਕੇ 31 ਦਿਨ ਬੀਤ ਗਏ ਹਨ ਤੇ ਯੂਰਪ ਵਿਚ ਤਸਵੀਰ ਅਜੇ ਵੀ ਬੇਹੱਦ ਨਿਰਾਸ਼ਾਜਨਕ ਹੈ। ਯੂਰਪ ਵਿਚ ਇਟਲੀ, ਸਪੇਨ, ਫਰਾਂਸ ਤੇ ਯੂਨਾਈਟਿਡ ਕਿੰਗਡਮ ਸਭ ਤੋਂ ਪ੍ਰਭਾਵਿਤ ਦੇਸ਼ ਹਨ। ਸਾਰੇ ਦੇਸ਼ਾਂ ਵਿਚ ਪਿਛਲੇ ਕਈ ਹਫਤੇ ਤੋਂ ਲਾਕਡਾਊਨ ਚੱਲ ਰਿਹਾ ਹੈ।
ਦਰਸ਼ਕਾਂ ਦੇ ਸਾਹਮਣੇ ਖੇਡ ਦੀ ਸ਼ੁਰੂਆਤ ਤਾਂ ਛੱਡੋ ਕੋਈ ਇਹ ਵੀ ਨਹੀਂ ਜਾਣਦਾ ਕਿ ਬੰਦ ਸਟੇਡੀਅਮਾਂ ਵਿਚ ਇਹ ਖੇਡ ਕਦੋਂ ਸ਼ੁਰੂ ਹੋ ਸਕੇਗੀ। ਮੌਜੂਦਾ ਸਥਿਤੀ ਵਿਚ ਮਨੋਵਿਗਿਆਨਕ ਪ੍ਰਭਾਵ ਦਾ ਮਤਲਬ ਹੈ ਕਿ ਕਈ ਲੋਕ ਹੁਣ ਭਵਿੱਖ ਵਿਚ ਫੁੱਟਬਾਲ ਮੈਚਾਂ ਦੌਰਾਨ ਸਟੇਡੀਅਮ ਵਿਚ ਭੀੜ ਵਿਚਾਲੇ ਜਾਣ ਤੋਂ ਪਹਿਲਾਂ ਕਈ ਵਾਰ ਵਿਚਾਰ ਕਰਨਗੇ। ਪ੍ਰੀਮੀਅਰ ਲੀਗ ਨੂੰ ਜਦੋਂ 13 ਮਾਰਚ ਨੂੰ ਬੰਦ ਕੀਤਾ ਗਿਆ ਸੀ ਉਦੋਂ ਲਿਵਰਪੂਲ ਦੇ ਕੋਚ ਜੁਰਗਨ ਕਲਾਪ ਨੇ ਕਿਹਾ, ''ਅੱਜ ਫੁੱਟਬਾਲ ਤੇ ਫੁੱਟਬਾਲ ਮੈਚ ਅਸਲ ਵਿਚ ਮਹੱਤਵਪੂਰਨ ਨਹੀਂ ਰਹਿ ਗਿਆ ਹੈ।''
ਇਹ ਕਲੱਬ ਉਨ੍ਹਾਂ ਟੀਮਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਮੈਚਾਂ ਦੇ ਮੁਲਤਵੀ ਹੋਣ 'ਤੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਹ ਪਿਛਲੇ 30 ਸਾਲਾਂ ਵਿਚ ਪਹਿਲੀ ਵਾਰ ਇੰਗਲਿਸ਼ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਣ ਦੇ ਨੇੜੇ ਸੀ। ਅਜੇ ਇਹ ਤੈਅ ਨਹੀਂ ਹੈ ਕਿ ਲਿਵਰਪੂਲ ਦਾ ਇਹ ਸੁਪਨਾ ਪੂਰਾ ਵੀ ਹੋ ਸਕੇਗਾ ਜਾਂ ਨਹੀਂ ਕਿਉਂਕਿ ਸਰਕਾਰ ਨੇ ਸਾਫ ਕੀਤਾ ਹੈ ਕਿ ਇੰਗਲੈਂਡ ਵਿਚ ਉਦੋਂ ਤਕ ਫੁੱਟਬਾਲ ਦੀ ਵਾਪਸੀ ਨਹੀਂ ਹੋਵੇਗੀ, ਜਦੋਂ ਤਕ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਨਹੀਂ ਆ ਜਾਂਦੀ।


Gurdeep Singh

Content Editor

Related News