NZ v PAK : ਵਿਲੀਅਮਸਨ ਦਾ ਦੋਹਰਾ ਸੈਂਕੜਾ, ਨਿਊਜ਼ੀਲੈਂਡ ਦਾ ਸਕੋਰ 6/659

Wednesday, Jan 06, 2021 - 02:30 AM (IST)

NZ v PAK : ਵਿਲੀਅਮਸਨ ਦਾ ਦੋਹਰਾ ਸੈਂਕੜਾ, ਨਿਊਜ਼ੀਲੈਂਡ ਦਾ ਸਕੋਰ 6/659

ਕ੍ਰਾਈਸਟਚਰਚ– ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਕੇਨ ਵਿਲੀਅਮਸਨ (238) ਦੇ ਦੋਹਰੇ ਸੈਂਕੜੇ ਤੇ ਹੈਨਰੀ ਨਿਕੋਲਸ (157) ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਡੇਰਿਲ ਮਿਸ਼ੇਲ (ਅਜੇਤੂ 102) ਦੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਮੰਗਲਵਾਰ ਨੂੰ ਪਹਿਲੀ ਪਾਰੀ ਵਿਚ 6 ਵਿਕਟਾਂ ’ਤੇ 659 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕੀਤੀ ਤੇ 362 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ।

PunjabKesari
ਪਾਕਿਸਤਾਨ ਦੀ ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤਕ ਦੂਜੀ ਪਾਰੀ ਵਿਚ ਇਕ ਵਿਕਟ ’ਤੇ 8 ਦੌੜਾਂ ਬਣਾਈਆਂ ਹਨ ਤੇ ਅਜੇ ਉਹ 354 ਦੌੜਾਂ ਪਿੱਛੇ ਹੈ। ਸਟੰਪਸ ਤਕ ਆਬਿਦ ਅਲੀ 7 ਤੇ ਮੁਹੰਮਦ ਅੱਬਾਸ 1 ਦੌੜ ਬਣਾ ਕੇ ਕ੍ਰੀਜ਼ ’ਤੇ ਮੌਜੂਦ ਸੀ। ਇਸ ਤੋਂ ਪਹਿਲਾਂ ਤੀਜੇ ਦਿਨ ਨਿਊਜ਼ੀਲੈਂਡ ਵਲੋਂ ਵਿਲੀਅਮਸਨ ਨੇ 112 ਤੇ ਨਿਕੋਲਸ ਨੇ 89 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਦੋਵਾਂ ਬੱਲੇਬਾਜ਼ਾਂ ਨੇ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਤੇ ਚੌਥੀ ਵਿਕਟ ਲਈ 359 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਰ ਦਿੱਤੀ।

PunjabKesari
ਵਿਲੀਅਮਸਨ ਤੇ ਨਿਕੋਲਸ ਨੇ ਨਿਊਜ਼ੀਲੈਂਡ ਲਈ ਟੈਸਟ ਕ੍ਰਿਕਟ ਦੀ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ ਜਦਕਿ ਪਾਕਿਸਤਾਨ ਵਿਰੁੱਧ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ। ਨਿਊਜ਼ੀਲੈਂਡ ਵਲੋਂ ਮਾਰਟਿਨ ਕ੍ਰੋ ਤੇ ਐਂਡ੍ਰਿਊ ਜੋਂਸ ਨੇ 1991 ਵਿਚ ਸ਼੍ਰੀਲੰਕਾ ਵਿਰੁੱਧ ਵੇਲਿੰਗਟਨ ਵਿਚ ਤੀਜੀ ਵਿਕਟ ਲਈ 467 ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ ਸੀ।
ਇਸ ਤੋਂ ਬਾਅਦ ਟੇਰੀ ਜਾਰਵਿਸ ਤੇ ਗਲੇਨ ਟਰਨਰ ਵਿਚਾਲੇ 1972 ਵਿਚ ਵੈਸਟਇੰਡੀਜ਼ ਵਿਰੁੱਧ ਪਹਿਲੀ ਵਿਕਟ ਲਈ 387 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਇਹ ਨਿਊਜ਼ੀਲੈਂਡ ਦੇ ਟੈਸਟ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਵਿਲੀਅਮਸਨ ਨੇ ਇਸ ਤੋਂ ਪਹਿਲਾਂ 2015 ਵਿਚ ਸ਼੍ਰੀਲੰਕਾ ਵਿਰੁੱਧ ਬੀਜੇ ਵਾਟਲਿੰਗ ਦੇ ਨਾਲ 6ਵੀਂ ਵਿਕਟ ਲਈ 365 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਸੀ, ਜਿਹੜੀ ਨਿਊਜ਼ੀਲੈਂਡ ਦੀ ਟੈਸਟ ਕ੍ਰਿਕਟ ਵਿਚ ਚੌਥੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਵਿਲੀਅਮਸਨ ਤੇ ਨਿਕੋਲਸ ਨੇ ਇਸ ਮੁਕਾਬਲੇ ਵਿਚ ਪਾਕਿਸਤਾਨ ਵਿਰੁੱਧ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਟੈਸਟ ਵਿਚ ਇਕ ਵੀ 300 ਦੌੜਾਂ ਦੀ ਸਾਂਝੇਦਾਰੀ ਨਹੀਂ ਕੀਤੀ ਸੀ। ਬ੍ਰੈਂਡਨ ਮੈਕਕੁਲਮ ਤੇ ਵਿਲੀਅਮਸਨ ਵਿਚਾਲੇ 2014 ਵਿਚ ਸ਼ਾਰਜਾਹ ਵਿਚ ਦੂਜੀ ਵਿਕਟ ਲਈ 297 ਦੌੜਾਂ ਦੀ ਸਾਂਝੇਦਾਰੀ ਹੋਈ ਸੀ।

PunjabKesari
ਨਿਊਜ਼ੀਲੈਂਡ ਦਾ ਕਪਤਾਨ ਵਿਲੀਅਮਸਨ ਸੀਰੀਜ਼ ਵਿਚ ਲਗਾਤਾਰ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਇਸ ਸੈਸ਼ਨ ਵਿਚ ਵਿਲੀਅਮਸਨ ਨੇ ਜਿੰਨੇ ਟੈਸਟ ਖੇਡੇ ਹਨ, ਸਾਰਿਆਂ ਵਿਚ ਸੈਂਕੜੇ ਬਣਾਏ ਹਨ। ਉਸ ਨੇ ਇਸ ਸੈਸ਼ਨ ਵਿਚ 251, 129, 238 ਦੌੜਾਂ ਬਣਾਈਆਂ ਹਨ। ਪਾਕਿਸਤਾਨ ਵਿਰੁੱਧ ਇਸ ਮੁਕਾਬਲੇ ਵਿਚ ਦੋਹਰਾ ਸੈਂਕੜਾ ਬਣਾਉਣ ਦੇ ਨਾਲ ਹੀ ਉਸਨੇ ਕਰੀਅਰ ਵਿਚ ਆਪਣਾ ਚੌਥਾ ਦੋਹਰਾ ਸੈਂਕੜਾ ਲਾਇਆ ਹੈ। ਵਿਲੀਅਮਸਨ ਨੇ 364 ਗੇਂਦਾਂ ਵਿਚ 28 ਚੌਕਿਆਂ ਦੀ ਮਦਦ ਨਾਲ 238 ਦੌੜਾਂ ਬਣਾਈਆਂ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News