ਭਾਰਤ ਵਿਰੁੱਧ ਨਿਡਰ ਹੋ ਕੇ ਖੇਡੇ ਨਿਊਜ਼ੀਲੈਂਡ : ਟਾਮ ਲਾਥਮ
Saturday, Oct 12, 2024 - 11:57 AM (IST)
ਕ੍ਰਾਈਸਟਚਰਚ, (ਭਾਸ਼ਾ)–ਨਿਊਜ਼ੀਲੈਂਡ ਦੇ ਨਵ-ਨਿਯੁਕਤ ਟੈਸਟ ਕਪਤਾਨ ਟਾਮ ਲਾਥਮ ਦਾ ਮੰਨਣਾ ਹੈ ਕਿ ਆਪਣੀ ਧਰਤੀ ’ਤੇ ਅਜੇਤੂ ਰਹੇ ਭਾਰਤ ਨੂੰ ਜੇਕਰ ਸਖਤ ਚੁਣੌਤੀ ਦੇਣੀ ਹੈ ਤਾਂ ਉਸਦਾ ਇਕਲੌਤਾ ਤਰੀਕਾ ਨਿਡਰ ਹੋ ਕੇ ਖੇਡਣਾ ਹੈ। ਲਾਥਮ ਨੂੰ ਭਾਰਤ ਵਿਰੁੱਧ 16 ਅਕਤੂਬਰ ਤੋਂ ਬੈਂਗਲੁਰੂ ਵਿਚ ਸ਼ੁਰੂ ਹੋਣ ਵਾਲੀ 3 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਟਿਮ ਸਾਊਥੀ ਦੀ ਜਗ੍ਹਾ ਨਿਊਜ਼ੀਲੈਂਡ ਦਾ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ।
ਲਾਥਮ ਨੇ ਕਿਹਾ,‘‘ਭਾਰਤ ਦਾ ਦੌਰਾ ਕਰਨਾ ਹਮੇਸ਼ਾ ਰੋਮਾਂਚਕ ਤੇ ਚੁਣੌਤੀਪੂਰਨ ਹੁੰਦਾ ਹੈ। ਉਮੀਦ ਹੈ ਕਿ ਅਸੀਂ ਉੱਥੇ ਕੁਝ ਹੱਦ ਤਕ ਆਜ਼ਾਦ ਤੇ ਨਿਡਰ ਹੋ ਕੇ ਖੇਡਾਂਗੇ ਤੇ ਉਨ੍ਹਾਂ ’ਤੇ ਹਾਵੀ ਰਹਿਣ ਦੀ ਕੋਸ਼ਿਸ਼ ਕਰਾਂਗੇ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਡੇ ਕੋਲ ਜਿੱਤ ਦਾ ਚੰਗਾ ਮੌਕਾ ਹੋਵੇਗਾ।’’
ਭਾਰਤ ਨੇ ਆਪਣੀ ਧਰਤੀ ’ਤੇ ਲਗਾਤਾਰ 18 ਟੈਸਟ ਲੜੀਆਂ ਜਿੱਤੀਆਂ ਹਨ, ਉੱਥੇ ਹੀ ਨਿਊਜ਼ੀਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਪੜਾਅ ਵਿਚ ਲਗਾਤਾਰ 4 ਲੜੀਆਂ ਹਾਰ ਜਾਣ ਤੋਂ ਬਾਅਦ ਇੱਥੇ ਆ ਰਿਹਾ ਹੈ। ਨਿਊਜ਼ੀਲੈਂਡ ਨੇ ਭਾਰਤ ਵਿਚ ਅਜੇ ਤੱਕ ਸਿਰਫ ਦੋ ਟੈਸਟ ਮੈਚ ਜਿੱਤੇ ਹਨ। ਇਨ੍ਹਾਂ ਵਿਚੋਂ ਉਸ ਨੇ ਆਖਰੀ ਜਿੱਤ 1988 ਵਿਚ ਹਾਸਲ ਕੀਤੀ ਸੀ।
ਲਾਥਮ ਨੇ ਕਿਹਾ, ‘‘ਅਸੀਂ ਦੇਖਿਆ ਹੈ ਕਿ ਭਾਰਤ ਵਿਚ ਅਤੀਤ ਵਿਚ ਜਿਨ੍ਹਾਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਨੇ ਹਮਲਾਵਰ ਖੇਡ ਦਿਖਾ ਕੇ ਅਜਿਹਾ ਕੀਤਾ ਹੈ। ਵਿਸ਼ੇਸ਼ ਤੌਰ ’ਤੇ ਬੱਲੇਬਾਜ਼ੀ ਵਿਚ ਰੱਖਿਆਤਮਕ ਜਗ੍ਹਾ ਹਮਲਾਵਰ ਕ੍ਰਿਕਟ ਖੇਡਣਾ ਮਹੱਤਵਪੂਰਨ ਹੋਵੇਗਾ।’’ ਉਸ ਨੇ ਕਿਹਾ,‘‘ਸਾਨੂੰ ਉੱਥੇ ਪਹੁੰਚਣ ਤੋਂ ਬਾਅਦ ਤੈਅ ਕਰਨਾ ਪਵੇਗਾ ਕਿ ਅਸੀਂ ਕਿਸ ਤਰ੍ਹਾਂ ਦੀ ਕ੍ਰਿਕਟ ਖੇਡਣੀ ਹੈ ਪਰ ਸਾਡੇ ਖਿਡਾਰੀਆਂ ਕੋਲ ਚੁਣੌਤੀ ਪੇਸ਼ ਕਰਨ ਲਈ ਆਪਣੀ ਰਣਨੀਤੀ ਹੈ ਤੇ ਉਮੀਦ ਹੈ ਕਿ ਉਹ ਉਸ ’ਤੇ ਚੰਗੀ ਤਰ੍ਹਾਂ ਨਾਲ ਅਮਲ ਕਰਨਗੇ।’’
ਨਿਊਜ਼ੀਲੈਂਡ ਨੂੰ ਹਾਲ ਹੀ ਵਿਚ ਸ਼੍ਰੀਲੰਕਾ ਦੌਰੇ ਵਿਚ ਦੋਵੇਂ ਟੈਸਟ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਖੱਬੇ ਹੱਥ ਦੇ ਬੱਲੇਬਾਜ਼ ਲਾਥਮ ਨੇ ਕਿਹਾ ਕਿ ਇਸ ਲੜੀ ਵਿਚ ਉਸਦੇ ਲਈ ਕੁਝ ਹਾਂ-ਪੱਖੀ ਪਹਿਲੂ ਵੀ ਰਹੇ। ਉਸ ਨੇ ਕਿਹਾ, ‘‘ਸ਼੍ਰੀਲੰਕਾ ਵਿਚ ਅਸੀਂ ਅਸਲੀਅਤ ਵਿਚ ਕੁਝ ਚੰਗਾ ਪ੍ਰਦਰਸ਼ਨ ਵੀ ਕੀਤਾ ਹੈ। ਭਾਵੇਂ ਹੀ ਨਤੀਜਾ ਸਾਡੇ ਪੱਖ ਵਿਚ ਨਾ ਰਹੇ ਪਰ ਅਸੀਂ ਕੁਝ ਚੰਗੀਆਂ ਚੀਜ਼ਾਂ ਕੀਤੀਆਂ ਹਨ। ਬੱਲੇਬਾਜ਼ੀ ਵਿਚ ਇਕ ਪਾਰੀ ਨੂੰ ਛੱਡ ਕੇ ਅਸੀਂ ਬਾਕੀ ਪਾਰੀਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ।’’
ਸਾਊੂਦੀ ਪਿਛਲੇ ਕੁਝ ਸਮੇਂ ਤੋਂ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ ਪਰ ਲਾਥਮ ਨੇ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ। ਲਾਥਮ ਨੇ ਕਿਹਾ,‘‘ਅਸੀਂ ਜਦੋਂ ਪਿਛਲੀ ਵਾਰ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਸ ਨੇ ਬੈਂਗਲੁਰੂ ਟੈਸਟ ਮੈਚ ਵਿਚ 7 ਵਿਕਟਾਂ ਲਈਆਂ ਸਨ। ਸਾਨੂੰ ਪੂਰਾ ਭਰੋਸਾ ਹੈ ਕਿ ਉਹ ਫਾਰਮ ਵਿਚ ਵਾਪਸੀ ਕਰੇਗਾ। ਉਹ ਪਿਛਲੇ ਕੁਝ ਸਾਲਾਂ ਤੋਂ ਸਾਡੇ ਲਈ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ ਤੇ ਇਹ ਹੀ ਵਜ੍ਹਾ ਹੈ ਕਿ ਉਹ ਨਿਊਜ਼ੀਲੈਂਡ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿਚ ਸ਼ਾਮਲ ਹੈ।’’
ਭਾਰਤ ਤੇ ਨਿਊਜ਼ੀਲੈਡ ਵਿਚਾਲੇ ਪਹਿਲਾ ਟੈਸਟ ਮੈਚ ਬੈਂਗਲੁਰੂ ਵਿਚ ਤੇ ਦੂਜਾ ਮੈਚ ਪੁਣੇ ਤੇ ਤੀਜਾ ਮੈਚ ਮੁੰਬਈ ਵਿਚ ਖੇਡਿਆ ਜਾਵੇਗਾ।