ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ, ਸੀਰੀਜ਼ ਵੀ 4-1 ਨਾਲ ਜਿੱਤੀ
Thursday, Mar 27, 2025 - 02:31 PM (IST)

ਵੈਲਗਿੰਟਨ– ਜੇਮਸ ਨੀਸ਼ਮ (5 ਵਿਕਟਾਂ) ਤੇ ਜੈਕਬ ਡਫੀ (2 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਤੋਂ ਬਾਅਦ ਟਿਮ ਸੀਫਰਟ (ਅਜੇਤੂ 97) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਬੁੱਧਵਾਰ ਨੂੰ 5ਵੇਂ ਤੇ ਆਖਰੀ ਟੀ-20 ਮੁਕਾਬਲੇ ਵਿਚ ਪਾਕਿਸਤਾਨ ਨੂੰ 10 ਓਵਰ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਨਿਊਜ਼ੀਲੈਂਡ ਨੇ 5 ਮੈਚਾਂ ਦੀ ਸੀਰੀਜ਼ ਵੀ 4-1 ਨਾਲ ਆਪਣੇ ਨਾਂ ਕਰ ਲਈ।
ਪਾਕਿਸਤਾਨ ਦੀਆਂ 128 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਵੱਲੋਂ ਸੀਫਰਟ ਤੇ ਫਿਨ ਐਲਨ ਦੀ ਸਲਾਮੀ ਜੋੜੀ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਪਹਿਲੀ ਵਿਕਟ ਲਈ 93 ਦੌੜਾਂ ਜੋੜੀਆਂ। 7ਵੇਂ ਓਵਰ ਵਿਚ ਸੂਫੀਆਨ ਮੁਕੀਮ ਨੇ ਫਿਨ ਐਲਨ ਨੂੰ ਬੋਲਡ ਕਰ ਕੇ ਪਾਕਿਸਤਾਨ ਨੂੰ ਪਹਿਲੀ ਸਫਲਤਾ ਦਿਵਾਈ। ਨਿਊਜ਼ੀਲੈਂਡ ਨੇ 10 ਓਵਰਾਂ ਵਿਚ 2 ਵਿਕਟਾਂ ’ਤੇ 131 ਦੌੜਾਂ ਬਣਾ ਕੇ ਮੁਕਾਬਲਾ 8 ਵਿਕਟਾਂ ਨਾਲ ਜਿੱਤ ਲਿਆ। ਜੇਮਸ ਨੀਸ਼ਮ ਨੂੰ ਉਸਦੀ ਬਿਹਤਰੀਨ ਗੇਂਦਬਾਜ਼ੀ ਲਈ ‘ਪਲੇਅਰ ਆਫ ਦਿ ਮੈਚ’ ਅਤੇ ਟਿਮ ਸੀਫਰਟ ਨੂੰ ਉਸਦੀ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ ਦਿ ਸੀਰੀਜ਼’ ਨਾਲ ਸਨਮਾਨਿਆ ਗਿਆ।