ਨਿਊਜ਼ੀਲੈਂਡ ਨੇ ਤੀਜੇ ਟੀ-20 ’ਚ ਵੈਸਟਇੰਡੀਜ਼ ਨੂੰ 9 ਦੌੜਾਂ ਨਾਲ ਹਰਾਇਆ, ਲੜੀ ਵਿਚ 2-1 ਦੀ ਬੜ੍ਹਤ ਕੀਤੀ ਹਾਸਲ
Sunday, Nov 09, 2025 - 11:19 PM (IST)
ਨੈਲਸਨ (ਨਿਊਜ਼ੀਲੈਂਡ)–ਨਿਊਜ਼ੀਲੈਂਡ ਨੇ ਕਾਇਲ ਜੈਮੀਸਨ ਦੀ ਆਖਰੀ ਓਵਰ ਵਿਚ ਸ਼ਾਨਦਾਰ ਗੇਂਦਬਾਜ਼ੀ ਨਾਲ ਐਤਵਾਰ ਨੂੰ ਤੀਜੇ ਟੀ-20 ਕੌਮਾਂਤਰੀ ਮੈਚ ਵਿਚ ਵੈਸਟਇੰਡੀਜ਼ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਇਸ ਤਰ੍ਹਾਂ 5 ਮੈਚਾਂ ਦੀ ਲੜੀ ਵਿਚ 2-1 ਦੀ ਬੜ੍ਹਤ ਬਣਾ ਲਈ।ਜੈਮੀਸਨ ਨੇ ਵੀਰਵਾਰ ਨੂੰ ਦੂਜੇ ਮੈਚ ਵਿਚ ਵੀ ਆਖਰੀ ਓਵਰ ਕੀਤਾ ਸੀ, ਜਿਸ ਨੂੰ ਨਿਊਜ਼ੀਲੈਂਡ ਨੇ 3 ਦੌੜਾਂ ਨਾਲ ਜਿੱਤ ਲਿਆ ਸੀ। ਵੈਸਟਇੰਡੀਜ਼ ਨੇ ਪਹਿਲਾ ਮੈਚ 7 ਦੌੜਾਂ ਨਾਲ ਜਿੱਤਿਆ ਸੀ। ਤਿੰਨੇ ਮੈਚਾਂ ਦਾ ਫੈਸਲਾ ਆਖਰੀ ਓਵਰ ਵਿਚ ਹੋਇਆ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 177 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਨੇ 13ਵੇਂ ਓਵਰ ਤੱਕ 88 ਦੌੜਾਂ ’ਤੇ 8 ਵਿਕਟਾਂ ਗੁਆ ਦਿੱਤੀਆਂ ਸਨ, ਜਿਸ ਤੋਂ ਲੱਗ ਰਿਹਾ ਸੀ ਕਿ ਨਿਊਜ਼ੀਲੈਂਡ ਆਸਾਨੀ ਨਾਲ ਜਿੱਤ ਜਾਵੇਗਾ ਪਰ ਰੋਮਾਰੀਓ ਸ਼ੈਫਰਡ ਨੇ 34 ਗੇਂਦਾਂ ਵਿਚ 49 ਤੇ ਸ਼ਮਰ ਸਪ੍ਰਿੰਗਰ ਨੇ 20 ਗੇਂਦਾਂ ਵਿਚ 39 ਦੌੜਾਂ ਬਣਾ ਦਿੱਤੀਆਂ, ਜਿਸ ਨਾਲ ਵੈਸਟਇੰਡੀਜ਼ ਨੂੰ ਆਖਰੀ ਓਵਰ ਵਿਚ ਜਿੱਤ ਲਈ 14 ਦੌੜਾਂ ਦੀ ਲੋੜ ਸੀ।
ਸ਼ੈਫਰਡ ਤੇ ਅਕੀਲ ਹੋਸੇਨ ਕ੍ਰੀਜ਼ ’ਤੇ ਸਨ। ਆਖਰੀ ਓਵਰ ਸੁੱਟਣ ਦੀ ਜ਼ਿੰਮੇਵਾਰੀ ਇਕ ਵਾਰ ਫਿਰ ਤੋਂ ਲੰਬੇ ਕੱਦ ਦੇ ਤੇਜ਼ ਗੇਂਦਬਾਜ਼ ਜੈਮੀਸਨ ਨੂੰ ਦਿੱਤੀ ਗਈ। ਉਸ ਨੇ ਸਬਰ ਨਾਲ ਗੇਂਦਬਾਜ਼ੀ ਕਰਦੇ ਹੋਏ ਪਹਿਲੀਆਂ 4 ਗੇਂਦਾਂ ਵਿਚ ਸਿਰਫ 2 ਦੌੜਾਂ ਦਿੱਤੀਆਂ ਤੇ 5ਵੀਂ ਗੇਂਦ ’ਤੇ ਸ਼ੈਫਰਡ ਨੂੰ ਆਊਟ ਕਰ ਕੇ ਮੈਚ ਖਤਮ ਕਰ ਦਿੱਤਾ।
