ਨੀਦਰਲੈਂਡ ਵਿਰੁੱਧ ਮੈਚ ਦੌਰਾਨ ਸ਼੍ਰੀਲੰਕਾ ਦੇ ਚੋਟੀਕ੍ਰਮ ਕੋਲ ਵਾਪਸੀ ਦਾ ਆਖਰੀ ਮੌਕਾ
Friday, Oct 22, 2021 - 03:52 AM (IST)
ਸ਼ਾਰਜਾਹ- ਸੁਪਰ-12 ਵਿਚ ਜਗ੍ਹਾ ਬਣਾ ਚੁੱਕੀ ਸ਼੍ਰੀਲੰਕਾਈ ਟੀਮ ਕੋਲ ਸ਼ੁੱਕਰਵਾਰ ਨੂੰ ਨੀਦਰਲੈਂਡ ਵਿਰੁੱਧ ਟੀ-20 ਵਿਸ਼ਵ ਕੱਪ ਗਰੁੱਪ-ਏ ਦੇ ਆਖਰੀ ਲੀਗ ਮੈਚ ਵਿਚ ਆਪਣੀ ਚੋਟੀਕ੍ਰਮ ਦੀ ਬੱਲੇਬਾਜ਼ੀ ਵਿਚ ਸੁਧਾਰ ਕਰਨ ਦਾ ਆਖਰੀ ਮੌਕਾ ਹੋਵੇਗਾ। ਸਾਬਕਾ ਚੈਂਪੀਅਨ ਸ਼੍ਰੀਲੰਕਾ ਨੇ ਨਾਮੀਬੀਆ ਤੇ ਆਇਰਲੈਂਡ ਨੂੰ ਆਸਾਨੀ ਨਾਲ ਹਰਾ ਕੇ ਸੁਪਰ-12 ਵਿਚ ਜਗ੍ਹਾ ਬਣਾ ਲਈ ਹੈ ਪਰ ਕੁਸ਼ਲ ਪਰੇਰਾ ਤੇ ਦਿਨੇਸ਼ ਚਾਂਦੀਮਲ ਦੀ ਖਰਾਬ ਫਾਰਮ ਟੀਮ ਲਈ ਚਿੰਤਾ ਦਾ ਸਬੱਬ ਬਣੀ ਹੋਈ ਹੈ। ਦੋਵੇਂ ਦੋ ਮੈਚਾਂ ਵਿਚ 11-11 ਦੌੜਾਂ ਹੀ ਬਣਾ ਸਕੇ ਸਨ। ਹੁਣ ਸੁਪਰ-12 ਵਿਚ ਮਜ਼ਬੂਤ ਟੀਮਾਂ ਵਿਰੁੱਧ ਇਸ ਤਰ੍ਹਾਂ ਦੇ ਪ੍ਰਦਰਸ਼ਨ ਨਾਲ ਦਾਲ ਨਹੀਂ ਗਲਣ ਵਾਲੀ। ਹੁਣ ਸ਼੍ਰੀਲੰਕਾ 'ਤੇ ਕੁਆਲੀਫਿਕੇਸ਼ਨ ਦਾ ਦਬਾਅ ਨਹੀਂ ਹੈ ਤਾਂ ਉਸਦੇ ਬੱਲੇਬਾਜ਼ਾਂ ਕੋਲ ਖੁੱਲ੍ਹ ਕੇ ਖੇਡਣ ਦਾ ਮੌਕਾ ਹੋਵੇਗਾ। ਤੇਜ਼ ਗੇਂਦਬਾਜ਼ ਚਮਿਕਾ ਕਰੁਣਾਰਤਨੇ ਤੇ ਦੁਸ਼ਮੰਤ ਚਾਮੀਰਾ ਨੇ ਅਨੁਸ਼ਾਸਿਤ ਗੇਂਦਬਾਜ਼ੀ ਕੀਤੀ ਹੈ ਜਦਕਿ ਸਪਿਨਰ ਵਾਨਿੰਦੂ ਹਸਰੰਗਾ ਵੀ ਫਾਰਮ ਵਿਚ ਹੈ। ਉਸ ਨੇ ਗੇਂਦ ਤੇ ਬੱਲੇ ਦੋਵਾਂ ਨਾਲ ਕਮਾਲ ਕਰਦੇ ਹੋਏ ਆਇਰਲੈਂਡ ਵਿਰੁੱਧ 71 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ
ਆਫ ਸਪਿਨਰ ਮਹੀਸ਼ ਥੀਕਸ਼ਾਨਾ ਦੇ ਨਾਲ ਉਹ ਫਿਰਕੀ ਦੀ ਕਲਾ ਦਿਖਾਉਣ ਨੂੰ ਬੇਤਾਬ ਹੋਵੇਗਾ। ਅਵਿਸ਼ਕਾ ਫਰਨਾਂਡੋ ਨੇ ਚੌਥੇ ਨੰਬਰ 'ਤੇ ਚੰਗਾ ਪ੍ਰਦਰਸ਼ਨ ਕੀਤਾ ਪਰ ਉਸ ਨੂੰ ਪ੍ਰਦਰਸ਼ਨ ਵਿਚ ਨਿੰਤਰਤਾ ਲਿਆਉਣੀ ਪਵੇਗੀ। ਦੂਜੇ ਪਾਸੇ ਨੀਦਰਲੈਂਡ ਕੋਲ ਇਹ ਕਿਸੇ ਚੋਟੀ ਦੀ ਟੀਮ ਵਿਰੁੱਧ ਤਜਰਬਾ ਹਾਸਲ ਕਰਨ ਦਾ ਮੌਕਾ ਹੈ। ਅਜੇ ਤੱਕ ਉਹ ਆਪਣਾ ਚੋਟੀ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਗੇਂਦਬਾਜ਼ਾਂ ਦੇ ਗੈਰ-ਤਜਰਬੇਕਾਰ ਹੋਣ ਦਾ ਖਮਿਆਜ਼ਾ ਉਸ ਨੂੰ ਨਾਮੀਬੀਆ ਵਿਰੁੱਧ ਭੁਗਤਣਾ ਪਿਆ ਜਦੋਂ ਡੇਵਿਡ ਵੀਸੇ ਨੇ ਇਕੱਲੇ ਆਪਣੇ ਦਮ 'ਤੇ ਮੈਚ ਉਸ ਤੋਂ ਖੋਹ ਲਿਆ। ਬੱਲੇਬਾਜ਼ਾਂ ਵਿਚ ਸਲਾਮੀ ਬੱਲੇਬਾਜ਼ ਮੈਕਸ ਓਡਾਓਡ ਨੂੰ ਛੱਡ ਕੇ ਕੋਈ ਪ੍ਰਭਾਵਿਤ ਨਹੀਂ ਕਰ ਸਕਿਆ ਹੈ।
ਇਹ ਖ਼ਬਰ ਪੜ੍ਹੋ- ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।