ਦਸੰਬਰ ਤੱਕ ਹੋਵੇਗਾ ਕੌਮੀ ਖੇਡ ਬੋਰਡ ਕਾਇਮ : ਮਨਸੁਖ ਮਾਂਡਵੀਆ

Sunday, Sep 14, 2025 - 11:01 AM (IST)

ਦਸੰਬਰ ਤੱਕ ਹੋਵੇਗਾ ਕੌਮੀ ਖੇਡ ਬੋਰਡ ਕਾਇਮ : ਮਨਸੁਖ ਮਾਂਡਵੀਆ

ਸਪੋਰਟਸ ਡੈਸਕ- ਕੌਮੀ ਖੇਡ ਪ੍ਰਸ਼ਾਸਨ ਐਕਟ ਤਹਿਤ ਫੈਡਰੇਸ਼ਨਾਂ ਨੂੰ ਮਾਨਤਾ ਦੇਣ ਜਾਂ ਮੁਅੱਤਲ ਕਰਨ ਤੇ ਉਨ੍ਹਾਂ ਦੇ ਵਿੱਤੀ ਲੈਣ-ਦੇਣ ਦੀ ਨਿਗਰਾਨੀ ਕਰਨ ਦੇ ਸਰਵਉੱਚ ਅਧਿਕਾਰ ਰੱਖਣ ਵਾਲੇ ਕੌਮੀ ਖੇਡ ਬੋਰਡ (ਐੱਨ ਸੀ ਬੀ) ਦਾ ਗਠਨ ਦਸੰਬਰ ਦੇ ਅੰਤ ਤੱਕ ਹੋ ਜਾਵੇਗਾ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅਗਲੇ ਸਾਲ ਜਨਵਰੀ ਦੇ ਅੰਤ ਤੱਕ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਅਤੇ ਐੱਨ ਐੱਸ ਬੀ ਦਾ ਗਠਨ ਉਸ ਪ੍ਰਕਿਰਿਆ ਵਿੱਚ ਸਭ ਤੋਂ ਅਹਿਮ ਮੀਲ ਪੱਥਰ ਹੋਵੇਗਾ। ਪੂਰੀ ਪ੍ਰਕਿਰਿਆ ਦੀ ਸਮਾਂ-ਸੀਮਾ ਬਾਰੇ ਪੁੱਛੇ ਜਾਣ ’ਤੇ ਖੇਡ ਮੰਤਰਾਲੇ ਦੇ ਸੂਤਰ ਨੇ ਕਿਹਾ, ‘ਕੌਮੀ ਖੇਡ ਬੋਰਡ ਦਾ ਗਠਨ ਅਗਲੇ ਤਿੰਨ ਮਹੀਨਿਆਂ ਵਿੱਚ ਕੀਤਾ ਜਾਵੇਗਾ ਅਤੇ ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਐਕਟ ਲਾਗੂ ਕਰਨ ਲਈ ਨਿਯਮ ਬਣਾਉਣ ਵਾਸਤੇ ਵੀ ਕੰਮ ਚੱਲ ਰਿਹਾ ਹੈ।’

ਇਸ ਵਿੱਚ ਕੌਮੀ ਖੇਡ ਫੈਡਰੇਸ਼ਨਾਂ (ਐੱਨ ਐੱਸ ਐੱਫ) ਨੂੰ ਮਾਨਤਾ ਦੇਣ ਦੇ ਮਾਪਦੰਡ ਵੀ ਸ਼ਾਮਲ ਹਨ। ਐੱਨ ਐੱਸ ਬੀ ਦਾ ਇੱਕ ਚੇਅਰਮੈਨ ਅਤੇ ਕੁਝ ਮੈਂਬਰ ਹੋਣਗੇ (ਮੈਂਬਰਾਂ ਦੀ ਗਿਣਤੀ ਹਾਲੇ ਤੈਅ ਨਹੀਂ ਕੀਤੀ ਗਈ ਹੈ)। ਉਨ੍ਹਾਂ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ‘ਲੋਕ ਪ੍ਰਸ਼ਾਸਨ, ਖੇਡ ਪ੍ਰਸ਼ਾਸਨ, ਖੇਡ ਕਾਨੂੰਨ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਵਿਸ਼ੇਸ਼ ਗਿਆਨ ਜਾਂ ਵਿਹਾਰਕ ਤਜਰਬਾ ਰੱਖਣ ਵਾਲੇ ਸਮਰੱਥ ਅਤੇ ਇਮਾਨਦਾਰ ਵਿਅਕਤੀਆਂ’ ਵਿੱਚੋਂ ਕੀਤੀ ਜਾਵੇਗੀ। ਇਹ ਨਿਯੁਕਤੀਆਂ ਕੈਬਨਿਟ ਸਕੱਤਰ ਦੀ ਅਗਵਾਈ ਹੇਠਲੀ ਕਮੇਟੀ ਦੀ ਸਿਫ਼ਾਰਸ਼ ’ਤੇ ਕੀਤੀਆਂ ਜਾਣਗੀਆਂ। ਇਸ ਕਮੇਟੀ ਦੇ ਹੋਰ ਮੈਂਬਰਾਂ ਦੇ ਵੇਰਵੇ ਹਾਲੇ ਪਤਾ ਨਹੀਂ ਹਨ ਪਰ ਐਕਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਜਨਤਕ ਪ੍ਰਸ਼ਾਸਨ ਅਤੇ ਖੇਡ ਪ੍ਰਸ਼ਾਸਨ ਵਿੱਚ ਵਿਆਪਕ ਤਜਰਬਾ ਹੋਣਾ ਚਾਹੀਦਾ ਹੈ।


author

Tarsem Singh

Content Editor

Related News