ਸੁਪਰ ਓਵਰ ’ਚ ਮੇਰੀ ਯੋਜਨਾ ਸਪੱਸ਼ਟ ਸੀ ਕਿ ਵਾਈਡ ਯਾਰਕਰ ਸੁੱਟੋ : ਅਰਸ਼ਦੀਪ ਸਿੰਘ
Sunday, Sep 28, 2025 - 12:45 AM (IST)

ਦੁਬਈ (ਭਾਸ਼ਾ)–ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਸੁਪਰ 4 ਮੈਚ ਵਿਚ ਸ਼੍ਰੀਲੰਕਾ ਵਿਰੁੱਧ ਸੁਪਰ ਓਵਰ ਵਿਚ ਆਪਣੀ ਸਫਲਤਾ ਦਾ ਸਿਹਰਾ ਵਾਈਡ ਯਾਰਕਰ ਸੁੱਟਣ ਦੀ ਆਪਣੀ ਕਾਬਲੀਅਤ ਨੂੰ ਦਿੱਤਾ। ਸ਼੍ਰੀਲੰਕਾਈ ਬੱਲੇਬਾਜ਼ ਪਾਥੁਮ ਨਿਸਾਂਕਾ ਤੇ ਕੁਸ਼ਲ ਪਰੇਰਾ ਨੇ ਸ਼ੁੱਕਰਵਾਰ ਨੂੰ ਅਰਸ਼ਦੀਪ ਦੇ 2 ਓਵਰਾਂ ਵਿਚ 26 ਦੌੜਾਂ ਜੋੜੀਆਂ ਪਰ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਚੰਗੀ ਵਾਪਸੀ ਕੀਤੀ ਤੇ ਸੁਪਰ ਓਵਰ ਵਿਚ ਸਿਰਫ 2 ਦੌੜਾਂ ਦਿੱਤੀਆਂ ਤੇ ਨਾਲ ਹੀ ਪਰੇਰਾ ਤੇ ਦਾਸੁਨ ਸ਼ਨਾਕਾ ਦੀਆਂ ਵਿਕਟਾਂ ਵੀ ਲਈਆਂ।
ਅਰਸ਼ਦੀਪ ਨੇ ਕਿਹਾ, ‘‘ਮੈਂ ਸੋਚ ਰਿਹਾ ਸੀ ਕਿ ਪਾਵਰਪਲੇਅ ਵਿਚ ਸਾਡੇ ਵਿਰੁੱਧ ਦੌੜਾਂ ਬਣੀਆਂ ਪਰ ਬਾਅਦ ਵਿਚ ਸਾਰਿਆਂ ਨੇ ਯੋਗਦਾਨ ਦਿੱਤਾ ਤੇ ਮੈਚ ਨੂੰ ਸੁਪਰ ਓਵਰ ਤੱਕ ਲੈ ਗਏ। ਸੁਪਰ ਓਵਰ ਵਿਚ ਮੇਰੀ ਯੋਜਨਾ ਸਪੱਸ਼ਟ ਸੀ ਕਿ ਵਾਈਡ ਯਾਰਕਰ ਸੁੱਟੋ ਤੇ ਸ਼੍ਰੀਲੰਕਾਈ ਬੱਲੇਬਾਜ਼ਾਂ ਨੂੰ ਸਿਰਫ ਆਫ-ਸਾਈਡ ਵਿਚ ਹੀ ਦੌੜਾਂ ਬਣਾਉਣ ਦਿਓ।’’
ਇਹ ਯੋਜਨਾ ਕਾਰਗਰ ਰਹੀ, ਜਿਸ ਨਾਲ ਪਰੇਰਾ ਤੇ ਸ਼ਨਾਕਾ ਦੋਵੇਂ ਡੀਪ ਪੁਆਇੰਟ (ਰਿੰਕੂ ਸਿੰਘ) ਤੇ ਡੀਪ ਬੈਕਵਰਡ ਪੁਆਇੰਟ (ਜਿਤੇਸ਼ ਸ਼ਰਮਾ) ’ਤੇ ਕੈਚ ਆਊਟ ਹੋਏ। ਇਸ ਤਰ੍ਹਾਂ ਸੁਪਰ ਓਵਰ ਵਿਚ ਭਾਰਤ ਜੇਤੂ ਬਣਿਆ। ਅਰਸ਼ਦੀਪ ਨੇ ਮੌਜੂਦਾ ਏਸ਼ੀਆ ਕੱਪ ਵਿਚ ਸਿਰਫ ਦੋ ਮੈਚ ਖੇਡੇ ਹਨ ਕਿਉਂਕਿ ਭਾਰਤ ਦੁਬਈ ਦੀਆਂ ਪਿੱਚਾਂ ਨੂੰ ਦੇਖਦੇ ਹੋਏ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਦੇ ਨਾਲ ਹੀ ਖੇਡਿਆ ਪਰ ਉਹ ਨਿਰਾਸ਼ ਨਹੀਂ ਹੈ।
ਉਸ ਨੇ ਕਿਹਾ, ‘‘ਮੈਂ ਹਮੇਸ਼ਾ ਖੁਦ ਨੂੰ ਮਾਨਸਿਕ ਰੂਪ ਨਾਲ ਤਿਆਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਵੀ ਤੁਸੀਂ ਸੌਣ ਜਾਓ ਤਾਂ ਤੁਹਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣਾ ਸੌ ਫੀਸਦੀ ਦਿੱਤਾ ਹੈ। ਜਦੋਂ ਤੁਸੀਂ ਨਹੀਂ ਖੇਡ ਰਹੇ ਹੋ ਤਾਂ ਤੁਹਾਨੂੰ ਮੈਦਾਨ ਦੇ ਬਾਹਰ ਆਪਣਾ ਸੌ ਫੀਸਦੀ ਦੇਣਾ ਚਾਹੀਦਾ ਹੈ ਤੇ ਖੇਡ ਰਹੇ ਖਿਡਾਰੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਚੰਗੀ ਟ੍ਰੇਨਿੰਗ ਕਰਨੀ ਚਾਹੀਦੀ ਹੈ ਤੇ ਆਪਣੀ ਫਿਟਨੈੱਸ ’ਤੇ ਕੰਮ ਕਰਨਾ ਚਾਹੀਦਾ ਹੈ।’’
ਇਸ 26 ਸਾਲਾ ਖਿਡਾਰੀ ਲਈ ਖੁਸ਼ੀ ਦਾ ਪਲ ਤਦ ਆਇਆ ਜਦੋਂ ਉਹ ਟੀ-20 ਕੌਮਾਂਤਰੀ ਮੈਚਾਂ ਵਿਚ 100 ਵਿਕਟਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਗੇਦਬਾਜ਼ ਬਣਿਆ।