Asia Cup: ਸੁਪਰ-4 ’ਚ ਵਾਪਸੀ ਨੂੰ ਬੇਤਾਬ ਸ਼੍ਰੀਲੰਕਾ ਤੇ ਪਾਕਿਸਤਾਨ ਆਹਮੋ-ਸਾਹਮਣੇ
Tuesday, Sep 23, 2025 - 02:06 PM (IST)

ਆਬੂਧਾਬੀ– ਸੁਪਰ-4 ਪੜਾਅ ਵਿਚ ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਉੱਭਰਦੇ ਹੋਏ ਸ਼੍ਰੀਲੰਕਾ ਤੇ ਪਾਕਿਸਤਾਨ ਦੋਵੇਂ ਏਸ਼ੀਆ ਕੱਪ ਦੇ ਇਸ ਅਹਿਮ ਪੜਾਅ ਵਿਚ ਮੰਗਲਵਾਰ ਨੂੰ ਹੋਣ ਵਾਲੇ ਮੁਕਾਬਲੇ ਵਿਚ ਜਿੱਤ ਦੀ ਰਾਹ ’ਤੇ ਵਾਪਸੀ ਕਰਨਾ ਚਾਹੁਣਗੇ। ਸਾਬਕਾ ਚੈਂਪੀਅਨ ਸ਼੍ਰੀਲੰਕਾ ਗਰੁੱਪ ਪੜਾਅ ਵਿਚ ਅਜੇਤੂ ਰਹੀ ਪਰ ਪਹਿਲੇ ਸੁਪਰ 4 ਮੈਚ ਵਿਚ ਉਸ ਨੂੰ ਬੰਗਲਾਦੇਸ਼ ਨੇ ਚਾਰ ਵਿਕਟਾਂ ਨਾਲ ਹਰਾਇਆ।
ਇਸ ਨਾਲ ਟੀ-20 ਏਸ਼ੀਆ ਕੱਪ ਵਿਚ ਉਸਦੇ 8 ਮੈਚਾਂ ਦੀ ਜੇਤੂ ਮੁਹਿੰਮ ’ਤੇ ਰੋਕ ਲੱਗੀ ਤੇ ਉਸਦੀ ਲੈਅ ਵੀ ਟੁੱਟ ਗਈ।
ਦੂਜੇ ਪਾਸੇ ਪਾਕਿਸਤਾਨੀ ਟੀਮ ਮੈਦਾਨ ਵਿਚੋਂ ਬਾਹਰ ਦੀਆਂ ਗਤੀਵਿਧੀਆਂ ਦੇ ਕਾਰਨ ਜ਼ਿਆਦਾ ਚਰਚਾ ਵਿਚ ਰਹੀ। ਪੁਰਾਣੇ ਵਿਰੋਧੀ ਭਾਰਤ ਨੇ ਉਸ ਨੂੰ ਐਤਵਾਰ ਨੂੰ ਇਕਪਾਸੜ ਮੁਕਾਬਲੇ ਵਿਚ ਫਿਰ ਹਰਾਇਆ ਜਿਹੜੀ ਇਸ ਵਾਰ ਦੇ ਏਸ਼ੀਆ ਕੱਪ ਵਿਚ ਉਸਦੀ ਭਾਰਤ ਦੇ ਹੱਥੋਂ ਲਗਾਤਾਰ ਦੂਜੀ ਹਾਰ ਸੀ।
ਭਾਰਤ ਤੇ ਬੰਗਲਾਦੇਸ਼ ਦੇ ਦੋ ਅੰਕ ਹਨ ਤੇ ਬਿਹਤਰ ਨੈੱਟ ਰਨ ਰੇਟ ਦੇ ਆਧਾਰ ’ਤੇ ਸੂਰਯਕੁਮਾਰ ਯਾਦਵ ਦੀ ਟੀਮ ਚੋਟੀ ’ਤੇ ਹੈ। ਸ਼੍ਰੀਲੰਕਾ ਤੇ ਪਾਕਿਸਤਾਨ ਤੀਜੇ ਤੇ ਚੌਥੇ ਸਥਾਨ ’ਤੇ ਹਨ।
ਰਿਕਵਰੀ ਲਈ ਜ਼ਿਆਦਾ ਸਮਾਂ ਭਾਵੇਂ ਹੀ ਨਾ ਮਿਲਿਆ ਹੋਵੇ ਪਰ ਸਲਮਾਨ ਆਗਾ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਨੂੰ ਹੁਣ ਹਰ ਹਾਲਾਤ ਵਿਚ ਜਿੱਤ ਦਰਜ ਕਰਨੀ ਪਵੇਗੀ। ਸਾਬਕਾ ਕਪਤਾਨ ਬਾਬਰ ਆਜ਼ਮ ਤੇ ਸੀਨੀਅਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੀ ਕਮੀ ਉਸ ਨੂੰ ਬੱਲੇਬਾਜ਼ੀ ਵਿਚ ਬੁਰੀ ਤਰ੍ਹਾਂ ਮਹਿਸੂਸ ਹੋ ਰਹੀ ਹੈ। ਉਸਦੇ ਬੱਲੇਬਾਜ਼ ਤਕਨੀਕ ਤੇ ਤੇਵਰ ਦੇ ਮਾਮਲੇ ਵਿਚ ਗੈਰ-ਤਜਰਬੇਕਾਰ ਸਾਬਤ ਹੋਏ।
ਭਾਰਤ ਵਿਰੁੱਧ ਚੋਟੀਕ੍ਰਮ ਦੇ ਬੱਲੇਬਾਜ਼ਾਂ ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਂ ਤੇ ਸਈਮ ਅਯੂਬ ਨੇ ਉਮੀਦ ਜਤਾਈ ਤੇ ਚੰਗੀ ਸ਼ੁਰੂਆਤ ਦਿੰਦੇ ਹੋਏ ਇਕ ਵਿਕਟ ’ਤੇ 90 ਦੌੜਾਂ ਬਣਾਈਆਂ। ਅਯੂਬ ਨੇ ਲਗਾਤਾਰ ਤਿੰਨ ਮੈਚਾਂ ਵਿਚ ਜ਼ੀਰੋ ’ਤੇ ਆਊਟ ਹੋਣ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਕੀਤਾ ਪਰ ਦੂਜੇ ਹਾਫ ਵਿਚ ਪਾਕਿਸਤਾਨੀ ਬੱਲੇਬਾਜ਼ੀ ਲੈਅ ਕਾਇਮ ਨਹੀਂ ਰੱਖ ਸਕੇ।
ਗੇਂਦਬਾਜ਼ੀ ਵਿਚ ਵੀ ਲੈੱਗ ਸਪਿੰਨਰ ਅਬਰਾਰ ਅਹਿਮਦ ਸਿਰਫ ਓਮਾਨ ਤੇ ਯੂ. ਏ. ਈ. ਵਰਗੀਆਂ ਟੀਮਾਂ ਵਿਰੁੱਧ ਹੀ ਕਾਮਯਾਬ ਰਿਹਾ ਤੇ ਭਾਰਤੀ ਬੱਲੇਬਾਜ਼ਾਂ ਨੂੰ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਕਰ ਸਕਿਆ।
ਦੂਜੇ ਪਾਸੇ ਸ਼੍ਰੀਲੰਕਾ ਦੀ ਚਿੰਤਾ ਦਾ ਸਬੱਬ ਕਮਜ਼ੋਰ ਮੱਧਕ੍ਰਮ ਹੈ। ਦਾਸੁਨ ਸ਼ਨਾਕਾ ਨੇ ਬੰਗਲਾਦੇਸ਼ ਵਿਰੁੱਧ 5ਵੇਂ ਨੰਬਰ ’ਤੇ ਚੰਗੀ ਬੱਲੇਬਾਜ਼ੀ ਕੀਤੀ। ਗਰੁੱਪ ਪੜਾਅ ਵਿਚ ਲਗਾਤਾਰ ਦੋ ਅਰਧ ਸੈਂਕੜੇ ਲਾਉਣ ਵਾਲਾ ਪਾਥੁਮ ਨਿਸਾਂਕਾ ਹੁਣ ਲੈਅ ਦੁਬਾਰਾ ਹਾਸਲ ਕਰਨ ਲਈ ਜੂਝ ਰਿਹਾ ਹੈ। ਕੁਸ਼ਲ ਮੈਂਡਿਸ ਤੇ ਕਾਮਿਲ ਮਿਸ਼ਾਰਾ ਚੰਗੀ ਫਾਰਮ ਵਿਚ ਹਨ ਤੇ ਬੱਲੇਬਾਜ਼ੀ ਵਿਚ ਸਥਿਰਤਾ ਦੇ ਸਕਦੇ ਹੈ। ਗੇਂਦਬਾਜ਼ੀ ਵਿਚ ਤੇਜ਼ ਗੇਂਦਬਾਜ਼ ਨੁਵਾਨ ਤੁਸ਼ਾਰਾ ਨੇ ਪ੍ਰਭਾਵਿਤ ਕੀਤਾ ਹੈ ਜਿਹੜਾ ਟੂਰਨਾਮੈਂਟ ਵਿਚ 6 ਵਿਕਟਾਂ ਲੈ ਚੁੱਕਾ ਹੈ। ਸਪਿੰਨਰ ਵਾਨਿੰਦੂ ਹਸਰੰਗਾ, ਦੁਸ਼ਮੰਤਾ ਚਾਮੀਰਾ, ਚਰਿਤ ਅਸਾਲੰਕਾ ਤੇ ਸ਼ਨਾਕਾ ਨੇ ਵੀ ਯੋਗਦਾਨ ਦਿੱਤਾ ਹੈ।