ਪਾਕਿਸਤਾਨ ਦੇ ਪਤਨ ਲਈ ਮੁਦੱਸਰ ਨੇ PCB ਨੂੰ ਠਹਿਰਾਇਆ ਦੋਸ਼ੀ, ਕਪਤਾਨ ਨੂੰ ਹੋਰ ਸਹਿਯੋਗ ਦੀ ਲੋੜ
Friday, Oct 04, 2024 - 02:15 PM (IST)
ਨਵੀਂ ਦਿੱਲੀ–ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਮੁਦੱਸਰ ਨਜ਼ਰ ਨੇ ਸੀਨੀਅਰ ਖਿਡਾਰੀਆਂ ਬਾਬਰ ਆਜ਼ਮ ਅਤੇ ਸ਼ਾਹੀਨ ਸ਼ਾਹ ਅਫਰੀਦੀ ਵਿਚਾਲੇ ਵਧਦੇ ਤਣਾਅ ਲਈ ਪੀ. ਸੀ. ਬੀ. ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਬੋਰਡ ਨੂੰ ਕਪਤਾਨ ਦਾ ਸਾਥ ਦੇਣਾ ਚਾਹੀਦਾ। ਬਾਬਰ ਨੇ ਪਾਕਿਸਤਾਨ ਦੀ ਕਪਤਾਨੀ ਤੋਂ ਬੁੱਧਵਾਰ ਨੂੰ ਦੂਜੀ ਵਾਰ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ 2023 ਵਨ ਡੇ ਵਿਸ਼ਵ ਕੱਪ ’ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਕਪਤਾਨੀ ਛੱਡੀ ਸੀ, ਜਦ ਸ਼ਾਹੀਨ ਨੂੰ ਕਪਤਾਨ ਬਣਾਇਆ ਗਿਆ ਸੀ। ਪੀ. ਸੀ. ਬੀ. ਨੇ ਇਸ ਸਾਲ ਮਾਰਚ ’ਚ ਫਿਰ ਬਾਬਰ ਨੂੰ ਸੀਮਤ ਓਵਰਾਂ ਦਾ ਕਪਤਾਨ ਬਣਾਇਆ।
ਮੁਦੱਸਰ ਨੇ ਕਿਹਾ ਕਿ ਇਹ ਸਭ ਸਾਡਾ ਕੀਤਾ ਕਰਾਇਆ ਹੈ (ਬਾਬਰ ਤੇ ਸ਼ਾਹੀਨ ਵਿਚਾਲੇ ਮਤਭੇਦ)। ਸਾਨੂੰ ਕਪਤਾਨ ਨੂੰ ਲੰਬਾ ਕਾਰਜਕਾਲ ਦੇਣਾ ਚਾਹੀਦਾ ਅਤੇ ਜੇ ਕਿਸੇ ਹੋਰ ਨੂੰ ਕਪਤਾਨ ਬਣਾਇਆ ਗਿਆ ਹੈ ਤਾਂ ਉਸ ਨੂੰ ਵੀ ਸਮਾਂ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ,‘ਪਾਕਿਸਤਾਨ ਕ੍ਰਿਕਟ ਇਸ ਸਮੇਂ ਪਤਨ ਵੱਲ ਹੈ ਅਤੇ ਇਸ ’ਚ ਬਹੁਤੀ ਗਲਤੀ ਸਾਡੀ ਹੈ। ਅਸੀਂ ਹਰ 2, 3, 4 ਮਹੀਨਿਆਂ ’ਚ ਕ੍ਰਿਕਟ ਬੋਰਡ ਬਦਲ ਰਹੇ ਹਾਂ, ਇਸ ਨਾਲ ਵੀ ਕੁਝ ਭਲਾ ਨਹੀਂ ਹੋਇਆ ਹੈ ਪਰ ਮੈਨੂੰ ਉਮੀਦ ਹੈ ਕਿ ਇਕ ਦਿਨ ਕੁਝ ਨਵੇਂ ਖਿਡਾਰੀ ਆ ਕੇ ਨਾਂ ਚਮਕਾਉਣਗੇ। ਪਾਕਿਸਤਾਨੀ ਟੀਮ ਇਕ ਵਾਰ ਫਿਰ ਸਿਖਰ ’ਤੇ ਹੋਵੇਗੀ।’