ਮੈਸੀ ਦੀ ਭੈਣ ਭਿਆਨਕ ਕਾਰ ਹਾਦਸੇ ਤੋਂ ਬਾਅਦ ਹਸਪਤਾਲ 'ਚ ਦਾਖਲ, ਵਿਆਹ ਹੋਇਆ ਮੁਲਤਵੀ

Tuesday, Dec 23, 2025 - 05:19 PM (IST)

ਮੈਸੀ ਦੀ ਭੈਣ ਭਿਆਨਕ ਕਾਰ ਹਾਦਸੇ ਤੋਂ ਬਾਅਦ ਹਸਪਤਾਲ 'ਚ ਦਾਖਲ, ਵਿਆਹ ਹੋਇਆ ਮੁਲਤਵੀ

ਸਪੋਰਟਸ ਡੈਸਕ- ਫੁੱਟਬਾਲ ਦੇ ਮਹਾਨ ਖਿਡਾਰੀ ਲਿਓਨਲ ਮੈਸੀ ਦੀ ਭੈਣ ਮਾਰੀਆ ਸੋਲ ਮੈਸੀ ਮਿਆਮੀ ਵਿੱਚ ਇੱਕ ਗੰਭੀਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਮੰਦਭਾਗੀ ਘਟਨਾ ਕਾਰਨ ਜਨਵਰੀ ਦੀ ਸ਼ੁਰੂਆਤ ਵਿੱਚ ਹੋਣ ਵਾਲਾ ਉਸ ਦਾ ਵਿਆਹ ਵੀ ਮੁਲਤਵੀ ਕਰ ਦਿੱਤਾ ਗਿਆ ਹੈ।

ਖਬਰਾਂ ਅਨੁਸਾਰ ਮਾਰੀਆ ਸੋਲ ਮਿਆਮੀ ਵਿੱਚ ਗੱਡੀ ਚਲਾ ਰਹੀ ਸੀ ਜਦੋਂ ਉਸ ਦਾ ਕੰਟਰੋਲ ਵਿਗੜ ਗਿਆ ਅਤੇ ਗੱਡੀ ਇੱਕ ਕੰਧ ਨਾਲ ਜਾ ਟਕਰਾਈ। ਉਸਦੀ ਮਾਂ, ਸੇਲੀਆ ਕੁਚੀਟਿਨੀ ਨੇ ਦੱਸਿਆ ਕਿ ਟੱਕਰ ਤੋਂ ਕੁਝ ਪਲ ਪਹਿਲਾਂ ਮਾਰੀਆ ਬੇਹੋਸ਼ ਹੋ ਗਈ ਸੀ। 32 ਸਾਲਾ ਮਾਰੀਆ ਨੂੰ ਇਸ ਹਾਦਸੇ ਵਿੱਚ ਕਈ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚ ਰੀੜ੍ਹ ਦੀ ਹੱਡੀ ਦਾ ਫਰੈਕਚਰ, ਸਰੀਰ ਦਾ ਝੁਲਸਣਾ  ਅਤੇ ਗੁੱਟ ਤੇ ਅੱਡੀ ਦੀਆਂ ਹੱਡੀਆਂ ਦਾ ਟੁੱਟਣਾ ਸ਼ਾਮਲ ਹੈ। ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਮਾਰੀਆ ਹੁਣ ਖ਼ਤਰੇ ਤੋਂ ਬਾਹਰ ਹੈ, ਪਰ ਉਸ ਨੂੰ ਲੰਬੇ ਸਮੇਂ ਤੱਕ ਮੁੜ ਵਸੇਬੇ (rehabilitation) ਦੀ ਲੋੜ ਪਵੇਗੀ। ਉਸ ਨੇ ਆਪਣੇ ਜੱਦੀ ਸ਼ਹਿਰ ਰੋਜ਼ਾਰੀਓ ਵਿੱਚ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਹੈ।

ਮਾਰੀਆ ਸੋਲ ਦਾ ਵਿਆਹ 3 ਜਨਵਰੀ 2026 ਨੂੰ ਰੋਜ਼ਾਰੀਓ ਵਿੱਚ 'ਇੰਟਰ ਮਿਆਮੀ' ਦੇ ਕੋਚਿੰਗ ਸਟਾਫ ਦੇ ਮੈਂਬਰ ਜੂਲੀਅਨ "ਟੂਲੀ" ਅਰੇਲਾਨੋ ਨਾਲ ਹੋਣਾ ਤੈਅ ਸੀ। ਇਸ ਸਮਾਗਮ ਵਿੱਚ ਲਿਓਨਲ ਮੈਸੀ ਅਤੇ ਉਸਦੀ ਪਤਨੀ ਐਂਟੋਨੇਲਾ ਸਮੇਤ ਪੂਰਾ ਮੈਸੀ ਪਰਿਵਾਰ ਸ਼ਾਮਲ ਹੋਣਾ ਸੀ। ਹੁਣ ਇਹ ਵਿਆਹ ਮਾਰੀਆ ਦੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਰੋਕ ਦਿੱਤਾ ਗਿਆ ਹੈ।


author

Tarsem Singh

Content Editor

Related News