ਮੈਕਗ੍ਰਾ ਨੇ ਆਸਟ੍ਰੇਲੀਆ ਨੂੰ ਕੋਹਲੀ ਵਿਰੁੱਧ ‘ਸਖਤ ਰੁਖ਼’ ਅਪਣਾਉਣ ਨੂੰ ਕਿਹਾ
Monday, Nov 18, 2024 - 12:04 PM (IST)

ਮੈਲਬੋਰਨ– ਧਾਕੜ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਕੋਲ ‘ਭਾਵਨਾਤਮਕ’ ਵਿਰਾਟ ਕੋਹਲੀ ਨੂੰ ਨਿਸ਼ਾਨਾ ਬਣਾਉਣ ਦੀ ‘ਸਮਰੱਥਾ’ ਹੈ ਤੇ ਇਹ ਸਟਾਰ ਬੱਲੇਬਾਜ਼ ਜੇਕਰ ਬਾਰਡਰ-ਗਾਵਸਕਰ ਟਰਾਫੀ ਵਿਚ ਖਰਾਬ ਸ਼ੁਰੂਆਤ ਕਰਦਾ ਹੈ ਤਾਂ 22 ਨਵੰਬਰ ਤੋਂ ਪਰਥ ਵਿਚ ਸ਼ੁਰੂ ਹੋਣ ਵਾਲੀ ਲੜੀ ਵਿਚ ਦਬਾਅ ਵਿਚ ਆ ਜਾਵੇਗਾ।
ਭਾਰਤ ਨੇ ਆਸਟ੍ਰੇਲੀਆ ਵਿਰੁੱਧ ਪਿਛਲੀਆਂ 4 ਟੈਸਟ ਲੜੀਆਂ ਜਿੱਤੀਆਂ ਹਨ, ਜਿਨ੍ਹਾਂ ਵਿਚੋਂ 2 ਆਸਟ੍ਰੇਲੀਆ ਵਿਚ ਖੇਡੀਆਂ ਗਈਆਂ। ਟੀਮ ਇੰਡੀਆ ਨੂੰ ਹਾਲਾਂਕਿ ਆਸਟ੍ਰੇਲੀਆ ਵਿਰੁੱਧ 5 ਟੈਸਟਾਂ ਦੀ ਲੜੀ ਤੋਂ ਪਹਿਲਾਂ ਪਿਛਲੀ ਲੜੀ ਵਿਚ ਵਤਨ ਵਿਚ ਨਿਊਜ਼ੀਲੈਂਡ ਵਿਰੁੱਧ 0-3 ਨਾਲ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ।
ਮੈਕਗ੍ਰਾ ਨੇ ਕਿਹਾ,‘‘ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਨਿਊਜ਼ੀਲੈਂਡ ਵਿਰੁੱਧ 0-3 ਦੀ ਹਾਰ ਤੋਂ ਬਾਅਦ ਤੁਹਾਡੇ ਆਸਟ੍ਰੇਲੀਆ ਕੋਲ ਖੁਦ ਨੂੰ ਸਾਬਤ ਕਰਨ ਲਈ ਬਹੁਤ ਸਮਰੱਥਾ ਹੈ। ਇਸ ਲਈ ਭਾਰਤੀਆਂ ’ਤੇ ਦਬਾਅ ਪਾਓ ਤੇ ਦੇਖੋ ਕਿ ਉਹ ਇਸਦੇ ਲਈ ਤਿਆਰ ਹਨ ਜਾਂ ਨਹੀਂ।’’
ਇਕ ਦਹਾਕੇ ਤੋਂ ਵੱਧ ਸਮੇਂ ਤੋਂ ਭਾਰਤ ਦੀ ਬੱਲੇਬਾਜ਼ੀ ਦਾ ਮੁੱਖ ਆਧਾਰ ਰਿਹਾ ਕੋਹਲੀ ਪਿਛਲੇ ਕੁਝ ਸਮੇਂ ਤੋਂ ਟੈਸਟ ਕ੍ਰਿਕਟ ਵਿਚ ਖਰਾਬ ਫਾਰਮ ਨਾਲ ਜੂਝ ਰਿਹਾ ਹੈ। ਇਸ ਸਾਲ ਉਸ ਨੇ ਜਿਹੜੇ 6 ਮੈਚ ਖੇਡੇ ਹਨ, ਉਨ੍ਹਾਂ ਵਿਚ ਉਸਦੀ ਔਸਤ ਸਿਰਫ 22.72 ਰਹੀ ਹੈ।
ਜ਼ਖ਼ਮੀ ਸ਼ੁਭਮਨ ਗਿੱਲ ਤੇ ਕਪਤਾਨ ਰੋਹਿਤ ਦੀ ਗੈਰ-ਹਾਜ਼ਰੀ ਵਿਚ ਕੋਹਲੀ ਬੱਲੇਬਾਜ਼ੀ ਕ੍ਰਮ ਦੀ ਅਗਵਾਈ ਕਰਨ ਦਾ ਦਬਾਅ ਮਹਿਸੂਸ ਕਰੇਗਾ। ਹਾਲਾਂਕਿ 36 ਸਾਲਾ ਕੋਹਲੀ ਆਸਟ੍ਰੇਲੀਆ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਉਤਾਵਲਾ ਹੈ। ਉਸ ਨੇ ਆਸਟ੍ਰੇਲੀਆ ਦੇ ਚਾਰ ਦੌਰਿਆਂ ਵਿਚ 54.08 ਦੀ ਪ੍ਰਭਾਵਸ਼ਾਲੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਮੈਕਗ੍ਰਾ ਨੇ ਚੇਤਾਵਨੀ ਦਿੱਤੀ ਕਿ ਕੋਹਲੀ ਨੂੰ ਹਮਲਵਾਰ ਤਰੀਕੇ ਨਾਲ ਨਿਸ਼ਾਨਾ ਬਣਾਉਣ ਨਾਲ ਇਹ ਸਟਾਰ ਬੱਲੇਬਾਜ਼ ਵੀ ਉਤਸ਼ਾਹਿਤ ਹੋ ਸਕਦਾ ਹੈ, ਵਿਸ਼ੇਸ਼ ਤੌਰ ’ਤੇ ਜੇਕਰ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਣ ਵਿਚ ਕਾਮਯਾਬ ਰਹਿੰਦਾ ਹੈ ਤਾਂ।
ਮੈਕਗ੍ਰਾ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਹ ਥੋੜ੍ਹਾ ਦਬਾਅ ਵਿਚ ਹੈ ਤੇ ਜੇਕਰ ਉਹ ਸ਼ੁਰੂ ਵਿਚ ਕੁਝ ਸਕੋਰ ਬਣਾਉਂਦਾ ਹੈ ਤਾਂ ਉਹ ਅਸਲੀਅਤ ਵਿਚ ਇਸ ਨਾਲ ਚੰਗਾ ਮਹਿਸੂਸ ਕਰੇਗਾ। ਮੈਨੂੰ ਲੱਗਦਾ ਹੈ ਕਿ ਉਹ ਕਾਫੀ ਭਾਵਨਾਤਮਕ ਖਿਡਾਰੀ ਹੈ।’