ਹੁਣ ਮਣੀਪੁਰ ਦੇ ਖੇਡ ਮੰਤਰੀ ਅਤੇ ਸਾਬਕਾ ਫੁੱਟਬਾਲ ਖਿਡਾਰੀ ਹਾਓਕਿਪ ਨੇ ਫੜਿਆ ਭਾਜਪਾ ਦਾ ਪੱਲਾ

Wednesday, Dec 29, 2021 - 04:34 PM (IST)

ਨਵੀਂ ਦਿੱਲੀ (ਵਾਰਤਾ) : ਸਾਬਕਾ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਅਤੇ ਮਣੀਪੁਰ ਸਰਕਾਰ ਵਿਚ ਖੇਡ, ਯੁਵਾ ਮਾਮਲਿਆਂ ਅਤੇ ਜਲ ਸ਼ਕਤੀ ਮੰਤਰੀ ਲੇਤਪਾਓ ਹਾਓਕਿਪ ਬੁੱਧਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋ ਗਏ। ਕੁਕੀ ਜਨਜਾਤੀ ਦੇ ਹਾਓਕਿਪ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਦੀ ਟਿਕਟ ’ਤੇ ਮਿਆਂਮਾਰ ਸਰਹੱਦ ’ਤੇ ਸਥਿਤ ਚੰਦੇਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਚੁਣੇ ਗਏ ਹਨ। ਉਹ ਭਾਰਤ ਦੀ ਅੰਤਰਰਾਸ਼ਟਰੀ ਫੁੱਟਬਾਲ ਟੀਮ ਦਾ ਹਿੱਸਾ ਰਹੇ ਹਨ। ਭਾਜਪਾ ਦੇ ਦੀਨਦਿਆਲ ਉਪਾਧਿਆਏ ਮਾਰਗ ਸਥਿਤ ਹੈਡਕੁਆਰਟਰ ਵਿਚ ਇਕ ਸੰਖੇਪ ਸਮਾਰੋਹ ਵਿਚ ਮਣੀਪੁਰ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਹਾਓਕਿਪ ਨੂੰ ਮੈਂਬਰਸ਼ਿਪ ਸੂਚੀ ਸੌਂਪ ਕੇ ਭਾਜਪਾ ਵਿਚ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੜਿਆ ਭਾਜਪਾ ਦਾ ਪੱਲਾ

ਇਸ ਮੌਕੇ ’ਤੇ ਭਾਜਪਾ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਤੇ ਸੰਸਦ ਮੈਂਬਰ ਅਨਿਲ ਬਲੂਨੀ, ਸਹਿ-ਇੰਚਾਰਜ ਸੰਜੇ ਮਯੂਖ ਅਤੇ ਭਾਰਤ ਸੈਰ-ਸਪਾਟਾ ਵਿਕਾਸ ਨਿਗਮ ਦੇ ਪ੍ਰਧਾਨ ਡਾ. ਸੰਬਿਤ ਪਾਤਰਾ ਵੀ ਮੌਜੂਦ ਸਨ। ਇਸ ਮੌਕੇ ’ਤੇ ਹਾਓਕਿਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਉਤਰ-ਪੂਰਬ ਖ਼ਾਸ ਕਰਕੇ ਮਣੀਪੁਰ ਹੋਰ ਵਿਕਾਸ ਕਰ ਸਕਦਾ ਹੈ। ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ਅਤੇ ਸਾਰਿਆਂ ਦੀ ਕੋਸ਼ਿਸ ਦੇ ਮੰਤਰ ’ਤੇ ਪ੍ਰਧਾਨ ਮੰਤਰੀ ਕੰਮ ਕਰ ਰਹੇ ਹਨ ਅਤੇ 130 ਕਰੋੜ ਭਾਰਤ ਵਾਸੀਆਂ ਨਾਲ ਉਤਰ-ਪੂਰਬ ਨੂੰ ‘ਅਸ਼ਟਲਕਸ਼ਮੀ’ ਬਣਾਉਣ ਅਤੇ ਮਣੀਪੁਰ ਨੂੰ ਵਿਕਾਸ ਦੀਆਂ ਨਵੀਂਆਂ ਉਚਾਈਆਂ ’ਤੇ ਪਹੁੰਚਾਉਣ ਵਿਚ ਲੱਗੇ ਹਨ। ਇਸ ਲਈ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਮੋਂਗੀਆ ਪੰਜਾਬ ਦੇ ਰਹਿਣ ਵਾਲੇ ਹਨ। 

ਇਹ ਵੀ ਪੜ੍ਹੋ : ਪੜ੍ਹਾਈ ਦਾ ਜਨੂੰਨ, 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਇਕੱਠਿਆਂ ਕੀਤੀ ਗ੍ਰੈਜੂਏਸ਼ਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News