ਮਹਾਰਾਸ਼ਟਰ ਦੇ ਮੰਤਰੀ ਸਰਨਾਈਕ ਨੇ ਕਾਂਬਲੀ ਨਾਲ ਕੀਤੀ ਮੁਲਾਕਾਤ
Thursday, Dec 26, 2024 - 12:00 PM (IST)
ਠਾਣੇ– ਮਹਾਰਾਸ਼ਟਰ ਦੇ ਆਵਾਜਾਈ ਮੰਤਰੀ ਪ੍ਰਤਾਪ ਸਰਨਾਈਕ ਨੇ ਬੁੱਧਵਾਰ ਨੂੰ ਜ਼ਿਲੇ ਦੇ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ’ਚ ਭਰਤੀ ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। 52 ਸਾਲਾਂ ਦੇ ਕਾਂਬਲੀ ਨੂੰ 21 ਦਸੰਬਰ ਨੂੰ ਭਿਵੰਡੀ ਦੇ ਨੇੜੇ ਆਕ੍ਰਿਤੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੇ ਮੂਤਰ ਮਾਰਗ ’ਚ ਇਨਫੈਕਸ਼ਨ ਹੋ ਗਿਆ ਸੀ।
ਠਾਣੇ ਤੋਂ ਵਿਧਾਇਕ ਸਰਨਾਈਕ ਨੇ ਕਿਹਾ,‘ਵਿਨੋਦ ਕਾਂਬਲੀ ਭਾਰਤੀ ਕ੍ਰਿਕਟ ਦਾ ਚਮਕਦਾ ਨਾਂ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੇ ਪ੍ਰਦਰਸ਼ਨ ਨਾਲ ਦੇਸ਼ ਨੂੰ ਮਾਣ ਦਿਵਾਇਆ ਹੈ। ਉਨ੍ਹਾਂ ਦੀਆਂ ਅੱਖਾਂ ’ਚ ਅਜੇ ਵੀ ਉਹ ਜੁਝਾਰੂਪਨ ਅਤੇ ਪ੍ਰਤੀਬੱਧਤਾ ਦਿਸਦੀ ਹੈ, ਜੋ ਮੈਦਾਨ ’ਤੇ ਉਨ੍ਹਾਂ ਨੇ ਹਮੇਸ਼ਾ ਦਿਖਾਈ ਹੈ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਛੇਤੀ ਹੀ ਠੀਕ ਹੋ ਜਾਣਗੇ।’ ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਮੈਂ ਇਹ ਯਕੀਨੀ ਕਰਾਂਗਾ ਕਿ ਉਨ੍ਹਾਂ ਨੂੰ ਵਧੀਆ ਇਲਾਜ ਅਤੇ ਦੇਖਭਾਲ ਮਿਲੇ।