ਬਾਰਡਰ-ਗਾਵਸਕਰ ਟਰਾਫੀ : ਲਿਓਨ ਨੇ ਜਾਇਸਵਾਲ ਨਾਲ ਨਜਿੱਠਣ ਲਈ ਇੰਗਲੈਂਡ ਦੇ ਸਪਿਨਰ ਹਾਰਟਲੇ ਤੋਂ ਮੰਗੇ ਟਿਪਸ

Monday, Aug 19, 2024 - 01:54 PM (IST)

ਬਾਰਡਰ-ਗਾਵਸਕਰ ਟਰਾਫੀ : ਲਿਓਨ ਨੇ ਜਾਇਸਵਾਲ ਨਾਲ ਨਜਿੱਠਣ ਲਈ ਇੰਗਲੈਂਡ ਦੇ ਸਪਿਨਰ ਹਾਰਟਲੇ ਤੋਂ ਮੰਗੇ ਟਿਪਸ

ਸਿਡਨੀ, (ਭਾਸ਼ਾ)– ਧਾਕੜ ਆਫ ਸਪਿਨਰ ਨਾਥਨ ਲਿਓਨ ਨੇ ਭਾਰਤ ਤੇ ਆਸਟਰੇਲੀਆ ਵਿਚਾਲੇ 22 ਨਵੰਬਰ ਤੋਂ ਸ਼ੁਰੂ ਹੋ ਰਹੀ 5 ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਉਸ ਨੇ ਉੱਭਰਦੇ ਹੋਏ ਸਟਾਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨਾਲ ਨਜਿੱਠਣ ਲਈ ਇੰਗਲੈਂਡ ਦੇ ਸਪਿਨਰ ਟਾਮ ਹਾਰਟਲੇ ਤੋਂ ਸਲਾਹ ਲਈ ਹੈ। ਪਿਛਲੇ ਸਾਲ ਵੈਸਟਇੰਡੀਜ਼ ਵਿਚ ਡੈਬਿਊ ’ਤੇ ਸੈਂਕੜਾ ਬਣਾਉਣ ਵਾਲੇ ਜਾਇਸਵਾਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਘਰੇਲੂ ਮੈਦਾਨ ’ਤੇ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਲੜੀ ਵਿਚ 712 ਦੌੜਾਂ ਬਣਾਈਆਂ ਸਨ ਪਰ ਆਸਟ੍ਰੇਲੀਆ ਦੀਆਂ ਪਿੱਚਾਂ ’ਤੇ ਮਿਲਣ ਵਾਲੀ ਗਤੀ ਤੇ ਉਛਾਲ ਮੁੰਬਈ ਦੇ ਇਸ ਬੱਲੇਬਾਜ਼ ਲਈ ਵੱਖਰੀ ਚੁਣੌਤੀਆਂ ਪੇਸ਼ ਕਰਨਗੀਆਂ।

ਲਿਓਨ ਨੇ ਕਿਹਾ, ‘‘ਮੇਰਾ ਅਜੇ ਤੱਕ ਜਾਇਸਵਾਲ ਨਾਲ ਸਾਹਮਣਾ ਨਹੀਂ ਹੋਇਆ ਹੈ ਪਰ ਇਹ ਸਾਡੇ ਸਾਰੇ ਗੇਂਦਬਾਜ਼ਾਂ ਲਈ ਇਕ ਵੱਡੀ ਚੁਣੌਤੀ ਹੋਵੇਗੀ।’’ ਉਸ ਨੇ ਕਿਹਾ, ‘‘ਜਿਸ ਤਰ੍ਹਾਂ ਨਾਲ ਜਾਇਸਵਾਲ ਇੰਗਲੈਂਡ ਵਿਰੁੱਧ ਖੇਡਿਆ, ਮੈਂ ਉਸ ਨੂੰ ਕਾਫੀ ਨੇੜਿਓਂ ਦੇਖਿਆ ਤੇ ਮੈਨੂੰ ਲੱਗਾ ਕਿ ਇਹ ਸ਼ਾਨਦਾਰ ਸੀ।’’ਲਿਓਨ ਨੇ ਕਿਹਾ,‘‘ਮੈਂ ਟਾਮ ਹਾਰਟਲੇ (ਇੰਗਲੈਂਡ ਦੇ ਖੱਬੇ ਹੱਥ ਦੇ ਸਪਿਨਰ) ਨਾਲ ਵੱਖ-ਵੱਖ ਗੇਂਦਬਾਜ਼ਾਂ ਵਿਰੁੱਧ ਉਸਦੇ ਖੇਡਣ ਦੇ ਤਰੀਕਿਆਂ ਦੇ ਬਾਰੇ ਵਿਚ ਕਾਫੀ ਚੰਗੀ ਗੱਲਬਾਤ ਕੀਤੀ ਹੈ ਜਿਹੜੀ ਮੈਨੂੰ ਕਾਫੀ ਦਿਲਚਸਪ ਲੱਗੀ।’’

ਲਿਓਨ ਲੰਕਾਸ਼ਾਇਰ ਵੱਲੋਂ ਇੰਗਲਿਸ਼ ਕਾਊਂਟੀ ਕ੍ਰਿਕਟ ਵਿਚ ਖੇਡਿਆ ਤੇ ਉਸ ਨੂੰ ਹਾਰਟਲੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਸ ਨੇ ਭਾਰਤ ਵਿਰੁੱਧ 4 ਟੈਸਟ ਮੈਚਾਂ ਵਿਚ 20 ਵਿਕਟਾਂ ਲਈਆਂ ਸਨ ਤੇ ਉਹ ਅਜਿਹਾ ਖਿਡਾਰੀ ਹੈ, ਜਿਸ ਨੂੰ ਜਾਇਸਵਾਲ ਵਿਰੁੱਧ ਖੇਡਣ ਦਾ ਤਜਰਬਾ ਹੈ। ਆਸਟ੍ਰੇਲੀਆ ਨੇ 2014-15 ਵਿਚ ਬਾਰਡਰ-ਗਾਵਸਕਰ ਟਰਾਫੀ 2-0 ਨਾਲ ਜਿੱਤਣ ਤੋਂ ਬਾਅਦ ਭਾਰਤ ਵਿਰੁੱਧ ਅਗਲੀਆਂ ਚਾਰ ਲੜੀਆਂ ਗੁਆਈਆਂ ਹਨ। 
 


author

Tarsem Singh

Content Editor

Related News