ਲਿਵਰਪੂਲ ਦੀ ਘਰੇਲੂ ਮੈਦਾਨ ''ਤੇ ਅਜੇਤੂ ਮੁਹਿੰਮ ਦਾ ''ਅਰਧ ਸੈਂਕੜਾ'' ਪੂਰਾ
Monday, Dec 30, 2019 - 06:40 PM (IST)

ਲੰਡਨ : ਲਿਵਰਪੂਲ ਨੇ 'ਵਾਰ' ਦੇ ਸਹਾਰੇ ਵੋਲਵਸ ਨੂੰ 1-0 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਵਿਚ ਫਿਰ ਤੋਂ 13 ਅੰਕਾਂ ਦੀ ਬੜ੍ਹਤ ਹਾਸਲ ਕਰਨ ਦੇ ਨਾਲ ਹੀ ਘਰੇਲੂ ਮੈਦਾਨ 'ਤੇ ਆਪਣੀ ਅਜੇਤੀ ਮੁਹਿੰਮ ਮੁਹਿੰਮ ਨੂੰ 50 ਮੈਚਾਂ ਤਕ ਪਹੁੰਚਾ ਦਿੱਤਾ। ਉਧਰ ਚੇਲਸੀ ਨੇ ਬਿਹਤਰੀਨ ਵਾਪਸੀ ਕਰਕੇ ਆਖਰੀ ਪਲਾਂ ਵਿਚ ਚਾਰ ਮਿੰਟਾਂ ਦੇ ਅੰਦਰ ਦੋ ਗੋਲ ਕਰਕੇ ਆਰਸਨਲ ਨੂੰ 2-1 ਨਾਲ ਹਰਾ ਦਿੱਤਾ। ਆਰਸਨਲ ਪਿਯਰੇ ਐਮਰਿਕ ਦੇ 13ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਜਿੱਤ ਵੱਲ ਵੱਧ ਰਿਹਾ ਸੀ ਪਰ ਜੋਰਗਿਨ੍ਹੋ (83ਵੇਂ) ਤੇ ਟੈਮ ਅਬ੍ਰਾਹਮ (87ਵੇਂ ਮਿੰਟ) ਨੇ ਮੈਚ ਨੂੰ ਪਾਸਾ ਪਸਟ ਦਿੱਤਾ। ਮਾਨਚੈਸਟਰ ਸਿਟੀ ਅਜੇ ਵੀ ਲਿਵਰਪੂਲ ਤੋਂ 14 ਅੰਕ ਪਿੱਛੇ ਹੈ ਪਰ ਉਸ ਨੇ ਸ਼ੈਫੀਲਡ ਯੂਨਾਈਟਿਡ 'ਤੇ 2-0 ਦੀ ਜਿੱਤ ਨਾਲ ਦੂਜੇ ਨੰਬਰ 'ਤੇ ਕਾਬਜ਼ ਲੀਸਟਰ ਤੋਂ ਫਰਕ ਘੱਟ ਕਰ ਦਿੱਤਾ ਹੈ। ਸਿਟੀ ਵਲੋਂ ਸਰਜੀਓ ਐਗੁਏਰਾ ਤੇ ਕੇਵਿਨ ਡੀ ਬਰੂਏਨ ਦੇ ਦੂਜੇ ਹਾਫ ਵਿਚ ਗੋਲ ਕੀਤੇ। ਮਾਨਚੈਸਟਰ ਸਿਟੀ ਦੇ 42 ਜਦਕਿ ਲੀਸਟਰ ਦੇ 43 ਅੰਕ ਹਨ। ਲਿਵਰਪੂਲ 55 ਅੰਕਾਂ ਨਾਲ ਚੋਟੀ 'ਤੇ ਹੈ। ਚੇਲਸੀ 35 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
ਐਨਫੀਡ ਵਿਚ ਖੇਡੇ ਗਏ ਵਿਵਾਦਪੂਰਨ ਮੁਕਾਬਲੇ ਵਿਚ ਸੈਡੀਓ ਮਾਨੇ ਦੇ ਗੋਲ ਨਾਲ ਲਿਵਰਪੂਲ ਨੇ ਲੀਗ ਵਿਚ ਆਪਣੇ ਘਰੇਲੂ ਮੈਦਾਨ ਅਜੇਤੂ ਮੁਹਿੰਮ 50 ਮੈਚ ਤਕ ਪਹੁੰਚਾ ਦਿੱਤਾ। ਲਿਵਰਪੂਲ ਦੇ ਕੋਚ ਜਰਗਨ ਕਲਾਪ ਨੇ ਕਿਹਾ, ''ਜੇਕਰ ਇੰਨੇ ਵੱਧ ਮੈਚ ਜਿੱਤਣਾ ਆਸਾਨ ਹੁੰਦਾ ਤਾਂ ਕਈ ਟੀਮਾਂ ਅਜਿਹੀਆਂ ਕਰਦੀਆਂ।'' ਮਾਨੇ ਦੇ 42ਵੇਂ ਮਿੰਟ ਵਿਚ ਕੀਤੇ ਗਏ ਗੋਲ ਨੂੰ ਪਹਿਲੇ ਨਕਾਰ ਦਿੱਤਾ ਗਿਆ ਸੀ ਕਿਉਂਕਿ ਰੈਫਰੀ ਨੂੰ ਲੱਗਾ ਕਿ ਗੇਂਦ ਐਡਮ ਲਾਲਨਾ ਦੇ ਹੱਥ ਨਾਲ ਲੱਗੀ ਹੈ ਪਰ 'ਵਾਰ' ਸਮੀਖਿਆ ਤੋਂ ਬਾਅਦ ਰੈਫਰੀ ਐਂਥਨੀ ਟੇਲਰ ਦਾ ਫੈਸਲਾ ਬਦਲ ਦਿੱਤਾ ਗਿਆ। ਇਸ ਤੋਂ ਕੁਝ ਦੇਰ ਤਕ ਵੋਲਵਸ ਵਲੋਂ ਪੇਡ੍ਰੋ ਨੀਟੋ ਨੇ ਗੋਲ ਕੀਤਾ ਪਰ 'ਵਾਰ' ਸਮੀਖਿਆ ਵਿਚ ਆਫਸਾਈਡ ਦੀ ਵਜਾ ਨਾਲ ਫੈਸਲਾ ਉਸ਼ਦੇ ਵਿਰੁੱਧ ਚਲਾ ਗਿਆ।