ਫਰਾਂਸ ਦੇ ਐਮਬਾਪੇ ਤੇ ਨਾਰਵੇ ਦੇ ਹਾਲੈਂਡ ਨੇ ਤੋੜੇ ਮੈਸੀ ਦੇ ਰਿਕਾਰਡ
Friday, Oct 16, 2026 - 02:40 PM (IST)
ਸਪੋਰਟਸ ਡੈਸਕ- ਕਿਲੀਅਨ ਐਮਬਾਪੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ’ਚ ਸਭ ਤੋਂ ਘੱਟ ਉਮਰ ’ਚ 100 ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। ਇਸ 27 ਸਾਲਾ ਖਿਡਾਰੀ ਨੇ ਰਿਆਲ ਮੈਡ੍ਰਿਡ ਅਤੇ ਰੋਮਾ ਵਿਚਾਲੇ ਖੇਡੇ ਗਏ ਮੈਚ ’ਚ ਇਹ ਉਪਲੱਬਧੀ ਹਾਸਲ ਕੀਤੀ।
ਐਮਬਾਪੇ ਨੇ ਲਿਓਨੇਲ ਮੈਸੀ ਦਾ ਰਿਕਾਰਡ ਤੋੜਿਆ, ਜਿਸ ਨੇ ਸਤੰਬਰ 2015 ’ਚ 28 ਸਾਲ ਦੀ ਉਮਰ ’ਚ ਬਾਰਸੀਲੋਨਾ ਵੱਲੋਂ ਰੋਮਾ ਵਿਰੁੱਧ ਹੀ ਖੇਡਦਿਆਂ ਪਿਛਲਾ ਰਿਕਾਰਡ ਬਣਾਇਆ ਸੀ। ਐਮਬਾਪੇ ਨੇ ਮੈਡ੍ਰਿਡ ਦੀ 4-3 ਦੀ ਜਿੱਤ ’ਚ ਪਹਿਲੇ ਹਾਫ ’ਚ ਬਰਾਬਰੀ ਦਾ ਗੋਲ ਕੀਤਾ ਅਤੇ ਇਸ ਉਪਲੱਬਧੀ ਦਾ ਜਸ਼ਨ ਮਨਾਇਆ।
ਚੈਂਪੀਅਨਜ਼ ਲੀਗ ’ਚ ਬੁੱਧਵਾਰ ਨੂੰ ਮੈਸੀ ਦਾ ਸਿਰਫ ਇਹ ਰਿਕਾਰਡ ਹੀ ਨਹੀਂ ਟੁੱਟਿਆ, ਸਗੋਂ ਇਕ ਹੋਰ ਰਿਕਾਰਡ ਉਨ੍ਹਾਂ ਦੇ ਨਾਂ ਤੋਂ ਚਲਾ ਗਿਆ। ਮੈਨਚੈਸਟਰ ਸਿਟੀ ਦੇ ਏਰਲਿੰਗ ਹਾਲੈਂਡ ਨੇ ਪੈਰਿਸ ਸੈਂਟ ਜਰਮਨ ਵਿਰੁੱਧ ਆਪਣੀ ਟੀਮ ਦੀ 2-4 ਨਾਲ ਹਾਰ ਦੌਰਾਨ 2 ਗੋਲ ਕੀਤੇ। ਇਸ ਨਾਲ ਉਸ ਦੀ ਚੈਂਪੀਅਨਜ਼ ਲੀਗ ’ਚ ਕੁੱਲ ਗੋਲ ਦੀ ਗਿਣਤੀ 60 ਮੈਚਾਂ ’ਚ 61 ਹੋ ਗਈ ਹੈ।
ਯੂਰਪੀਅਨ ਫੁੱਟਬਾਲ ਦੀ ਸਰਵਉੱਚ ਸੰਸਥਾ ਯੂ. ਈ. ਐੱਫ. ਏ. ਅਨੁਸਾਰ 26 ਸਾਲ ਅਤੇ 85 ਦਿਨਾਂ ਦੀ ਉਮਰ ’ਚ ਹਾਲੈਂਡ ਚੈਂਪੀਅਨਜ਼ ਲੀਗ ’ਚ 60 ਗੋਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸ ਨੇ ਮੈਸੀ ਦੇ ਰਿਕਾਰਡ ਨੂੰ ਇਕ ਦਿਨ ਦੇ ਫਰਕ ਨਾਲ ਤੋੜਿਆ।
