ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ

04/19/2021 8:29:38 PM

ਨਵੀਂ ਦਿੱਲੀ– ਪਿਛਲੇ ਕੁਝ ਸਮੇਂ ਤੋਂ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੂੰ ਉਮੀਦ ਹੈ ਕਿ ਆਈ. ਪੀ. ਐੱਲ. ਵਿਚ ਉਹ ਜਲਦ ਹੀ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਲਈ ਮੈਦਾਨ ’ਤੇ ਉਤਰ ਕੇ ਚੰਗਾ ਪ੍ਰਦਰਸ਼ਨ ਕਰੇਗਾ। ਕੇ. ਕੇ. ਆਰ. ਨੂੰ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ 38 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਿੰਨ ਮੈਚਾਂ ਵਿਚ ਟੀਮ ਦੀ ਦੂਜੀ ਹਾਰ ਤੋਂ ਬਾਅਦ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਨੇ ਵੀ ਆਖਰੀ-11 ਵਿਚ ਬਦਲਾਅ ਕਰਨ ਦੇ ਸੰਕੇਤ ਦਿੱਤੇ ਹਨ। ਆਈ. ਪੀ. ਐੱਲ. ਵਿਚ 45 ਮੈਚਾਂ ਵਿਚ 40 ਵਿਕਟਾਂ ਲੈਣ ਵਾਲੇ ਇਸ ਸਪਿਨਰ ਨੇ ਕਿਹਾ,‘‘ਅਜੇ ਸਿਰਫ ਤਿੰਨ ਮੈਚ ਹੋਏ ਹਨ। ਮੈਨੂੰ ਉਮੀਦ ਹੈ ਕਿ ਜਲਦ ਹੀ ਟੀਮ (ਆਖਰੀ-11) ਵਿਚ ਮੈਨੂੰ ਮੌਕਾ ਮਿਲੇਗਾ ਤੇ ਮੈਂ ਚੰਗਾ ਪ੍ਰਦਰਸ਼ਨ ਕਰਾਂਗਾ।’’

PunjabKesari
ਕੁਲਦੀਪ ਨੇ ਕਿਹਾ ਕਿ ਟੀਮ ਨਾਲ ਤਜਰਬੇਕਾਰ ਸਪਿਨਰ ਹਰਭਜਨ ਸਿੰਘ ਦੇ ਜੁੜਨ ਨਾਲ ਉਸ ਨੂੰ ਨਿੱਜੀ ਤੌਰ ’ਤੇ ਕਾਫੀ ਫਾਇਦਾ ਹੋਇਆ ਹੈ ਤੇ ਉਹ ਮਾਨਸਿਕ ਤੌਰ ’ਤੇ ਮਜ਼ਬੂਤ ਹੋਇਆ ਹੈ। ਇਸ ਸਪਿਨਰ ਨੇ ਕਿਹਾ,‘‘ਭੱਜੀ ਭਾਅ (ਹਰਭਜਨ) ਦੇ ਟੀਮ ਨਾਲ ਜੁੜਨ ਤੋਂ ਬਾਅਦ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਮੈਂ ਉਸ ਤੋਂ ਕਈ ਚੀਜ਼ਾਂ ਪੁੱਛਦਾ ਹਾਂ। ਤੁਹਾਡੇ ਨਾਲ ਕਿਸੇ ਤਜਰਬੇਕਾਰ ਖਿਡਾਰੀ ਦੇ ਹੋਣ ਨਾਲ ਤੁਹਾਨੂੰ ਫਾਇਦਾ ਹੁੰਦਾ ਹੈ। ਉਹ ਮੈਨੂੰ ਕਲਾ ਸੁਧਾਰਨ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਕਿਵੇਂ ਮਜ਼ਬੂਤ ਹੋਣਾ ਹੈ, ਦੇ ਬਾਰੇ ਵਿਚ ਦੱਸਦਾ ਹੈ।’’

ਇਹ ਖ਼ਬਰ ਪੜ੍ਹੋ- ਭਾਰਤੀ ਗੋਲਫਰ ਲਾਹਿੜੀ ਕੋਰੋਨਾ ਪਾਜ਼ੇਟਿਵ


ਭਾਰਤ ਲਈ 7 ਟੈਸਟ, 63 ਵਨ ਡੇ ਤੇ 20 ਟੀ-20 ਕੌਮਾਂਤਰੀ ਮੈਚ ਖੇਡਣ ਵਾਲੇ ਕੁਲਦੀਪ ਨੇ ਕਿਹਾ ਕਿ ਕੇ. ਕੇ. ਆਰ. ਪੂਰੀ ਤਰ੍ਹਾਂ ਨਾਲ ਸੰਪੂਰਣ ਹੈ ਤੇ ਜਲਦ ਹੀ ਟੂਰਨਾਮੈਂਟ ਵਿਚ ਵਾਪਸੀ ਕਰੇਗੀ। ਉਸ ਫ੍ਰੈਂਚਾਈਜ਼ੀ ਨੇ ਹਰਭਜਨ ਦੇ ਨਾਲ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਟੀਮ ਵਿਚ ਸ਼ਾਮਲ ਕਰਕੇ ਇਸ ਨੂੰ ਹੋਰ ਮਜ਼ਬੂਤ ਬਣਾਇਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News