ਖਿਡਾਰੀਆਂ ਦੀ ਮੈਗਾ ਨਿਲਾਮੀ ਮੁਲਤਵੀ ਕਰਨ ਦਾ ਵਿਚਾਰ ਚੰਗਾ : ਮੈਸੂਰ
Thursday, Sep 10, 2020 - 08:54 PM (IST)
ਨਵੀਂ ਦਿੱਲੀ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਵੇਂਕੀ ਮੈਸੂਰ ਦਾ ਕਹਿਣਾ ਹੈ ਕਿ 2021 ਸੈਸ਼ਨ ਲਈ ਆਈ. ਪੀ. ਐੱਲ. ਖਿਡਾਰੀਆਂ ਦੀ ਮੈਗਾ ਨਿਲਾਮੀ ਮੁਲਤਵੀ ਕਰਨ ਦਾ ਵਿਚਾਰ ਚੰਗਾ ਹੈ। ਆਈ. ਪੀ. ਐੱਲ. 2020 ਸੈਸ਼ਨ ਲਈ ਖਿਡਾਰੀਆਂ ਦੀ ਨਿਲਾਮੀ ਪਿਛਲੇ ਸਾਲ ਦਸੰਬਰ ਵਿਚ ਹੋਈ ਸੀ ਤੇ ਇਸ ਟੂਰਨਾਮੈਂਟ ਨੂੰ 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਹੁਣ ਇਹ ਟੂਰਨਾਮੈਂਟ 19 ਸਤੰਬਰ ਤੋਂ ਯੂ. ਏ. ਈ. ਵਿਚ ਸ਼ੁਰੂ ਹੋ ਰਿਹਾ ਹੈ। ਫ੍ਰੈਂਚਾਈਜ਼ੀ ਦਾ ਮੰਨਣਾ ਹੈ ਕਿ ਨਿਲਾਮੀ ਵਿਚ ਚਾਰ ਮਹੀਨਿਆਂ ਤੋਂ ਘੱਟ ਸਮਾਂ ਬਚਿਆ ਹੈ ਤੇ ਅਜਿਹੇ ਵਿਚ ਇਸਦੀ ਤਿਆਰੀ ਕਰਨ ਲਈ ਟੀਮਾਂ ਕੋਲ ਜ਼ਿਆਦਾ ਸਮਾਂ ਨਹੀਂ ਬਚੇਗਾ।
ਆਈ. ਪੀ. ਐੱਲ. ਦੇ ਨਿਯਮ ਅਨੁਸਾਰ ਫ੍ਰੈਂਚਾਈਜ਼ੀ ਨੂੰ ਰਿਟੇਨ ਗਏ ਖਿਡਾਰੀਆਂ ਨੂੰ ਛੱਡ ਕੇ ਹੋਰਨਾਂ ਖਿਡਾਰੀਆਂ ਨੂੰ ਨਿਲਾਮੀ ਵਿਚ ਉਤਾਰਨਾ ਪੈਂਦਾ ਹੈ। ਫ੍ਰੈਂਚਾਈਜ਼ੀ ਮੈਗਾ ਨਿਲਾਮੀ ਵਿਚ ਅਗਲੇ 3 ਸਾਲ ਤੱਕ ਲਈ ਟੀਮ ਦੀ ਚੋਣ ਕਰਦੀ ਹੈ। ਪਿਛਲੀ ਮੈਗਾ ਨਿਲਾਮੀ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ 'ਤੇ ਦੋ ਸਾਲ ਦੀ ਪਾਬੰਦੀ ਹਟਣ ਤੋਂ ਬਾਅਦ ਜਨਵਰੀ 2018 ਵਿਚ ਦੋ ਦਿਨ ਤਕ ਹੋਈ ਸੀ, ਿਜੱਥੇ 169 ਖਿਡਾਰੀ ਖਰੀਦੇ ਗਏ ਸਨ। ਮੈਸੂਰ ਨੇ ਕਿਹਾ,''ਮੈਂ ਇਸ ਬਾਰੇ ਵਿਚ ਸੁਣਿਆ ਹੈ ਤੇ ਇਹ ਗਲਤ ਵਿਚਾਰ ਨਹੀਂ ਹੈ ਕਿ ਨਿਲਾਮੀ ਨੂੰ ਇਕ ਸਾਲ ਤਕ ਲਈ ਮੁਲਤਵੀ ਕੀਤਾ ਜਾਵੇ ਕਿਉਂਕਿ ਇਸ ਸੈਸ਼ਨ ਦੇ ਫਾਈਨਲ ਤੇ ਅਗਲੇ ਸੈਸ਼ਨ ਵਿਚਾਲੇ ਕੁਝ ਹੀ ਮਹੀਨਿਆਂ ਦਾ ਫਾਸਲਾ ਹੈ। ਇਹ ਗਲਤ ਨਹੀਂ ਹੈ, ਇਸ 'ਤੇ ਵਿਚਾਰ ਹੋਣਾ ਚਾਹੀਦਾ ਹੈ।''