ਇੰਗਲੈਂਡ ਟੀਮ ''ਚ ਆਰਚਰ ਦੀ ਮੌਜੂਦਗੀ ''ਤੇ ਕੋਹਲੀ ਨੇ ਦਿੱਤਾ ਵੱਡਾ ਬਿਆਨ
Friday, May 24, 2019 - 03:35 AM (IST)

ਲੰਡਨ— ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਆਪਣੇ ਬਿਲਕੁਲ ਅਲੱਗ ਤਰ੍ਹਾ ਦੇ ਹੁਨਰ ਕਾਰਨ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਆਗਾਮੀ ਵਿਸ਼ਵ ਕੱਪ 'ਚ ਇੰਗਲੈਂਡ ਦੇ 'ਐਕਸ ਫੇਕਟਰ' ਹੋਵੇਗਾ। ਆਰਚਰ ਨੇ ਸਿਰਫ 3 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ ਪਰ ਡੈੱਥ ਓਵਰਾਂ 'ਚ ਆਪਣੀ ਗੇਂਦਬਾਜ਼ੀ ਨਾਲ ਟੀ-20 'ਚ ਉਹ ਬਹੁਤ ਸਫਲ ਰਿਹਾ ਹੈ ਤੇ ਉਹ ਮਹਿਮਾਨ ਟੀਮਾਂ ਦੇ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ।
ਕੋਹਲੀ ਨੇ ਕਿਹਾ ਕਿ 'ਉਹ ਸੰਭਵਤ : ਐਕਸ ਫੇਕਟਰ ਹੋਵੇਗਾ।' ਉਸ ਦੇ ਕੋਲ ਇਸ ਤਰ੍ਹਾ ਦਾ ਹੁਨਰ ਹੈ ਜੋ ਬਾਕੀ ਖਿਡਾਰੀਆਂ ਤੋਂ ਅਲੱਗ ਹੈ। ਉਹ ਬਹੁਤ ਗਤੀ ਹਾਸਲ ਕਰ ਸਕਦਾ ਹੈ ਤੇ ਉਹ ਸ਼ਾਨਦਾਰ ਖਿਡਾਰੀ ਹੈ। ਮੈਨੂੰ ਯਕੀਨ ਹੈ ਕਿ ਇੰਗਲੈਂਡ ਨੂੰ ਉਸਦੇ ਹੋਣ ਦੀ ਖੁਸ਼ੀ ਹੋਵੇਗੀ। ਵਿਸ਼ਵ ਕੱਪ 'ਚ ਉਸ ਨੂੰ ਦੇਖਣਾ ਰੋਮਾਂਚਕ ਹੋਵੇਗਾ।
ਰਾਜਸਥਾਨ ਰਾਇਲਜ਼ ਟੀਮ ਵਲੋਂ ਆਈ. ਪੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਰਚਰ ਨੇ ਹਾਲ ਹੀ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਤੇ ਉਹ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਕੋਹਲੀ ਦਾ ਵਿਕਟ ਹਾਸਲ ਕਰਨਾ ਚਾਹੁੰਦੇ ਹਨ।