ਕੇ.ਐੱਲ. ਰਾਹੁਲ ਨੇ ਸੈਂਕੜਾ ਜੜਨ ਮਗਰੋਂ ਕਿਉਂ ਮਾਰੀ ''ਸੀਟੀ''? ਇਹ ਹੈ ਵਜ੍ਹਾ
Wednesday, Jan 14, 2026 - 07:08 PM (IST)
ਸਪੋਰਟਸ ਡੈਸਕ- ਜਦੋਂ ਭਾਰਤੀ ਟੀਮ ਮੁਸੀਬਤ ਵਿੱਚ ਹੁੰਦੀ ਹੈ ਅਤੇ ਰੋਹਿਤ-ਵਿਰਾਟ ਵਰਗੇ ਦਿੱਗਜ ਬੱਲੇਬਾਜ਼ ਫੇਲ ਹੋ ਜਾਂਦੇ ਹਨ, ਤਾਂ ਅਜਿਹੇ ਮੌਕੇ 'ਤੇ ਕੇ. ਐੱਲ. ਰਾਹੁਲ ਸੰਕਟਮੋਚਨ ਬਣ ਕੇ ਸਾਹਮਣੇ ਆਉਂਦੇ ਹਨ। ਨਿਊਜ਼ੀਲੈਂਡ ਖ਼ਿਲਾਫ਼ ਰਾਜਕੋਟ ਵਨਡੇ ਵਿੱਚ ਰਾਹੁਲ ਨੇ ਨਾ ਸਿਰਫ਼ ਸ਼ਾਨਦਾਰ ਸੈਂਕੜਾ ਜੜਿਆ, ਸਗੋਂ ਕਈ ਵੱਡੇ ਰਿਕਾਰਡ ਵੀ ਆਪਣੇ ਨਾਂ ਕੀਤੇ।
ਮੁਸੀਬਤ ਵੇਲੇ ਖੇਡੀ ਜਾਨਦਾਰ ਪਾਰੀ
ਭਾਰਤੀ ਟੀਮ ਇੱਕ ਸਮੇਂ 112 ਦੌੜਾਂ 'ਤੇ ਰੋਹਿਤ, ਗਿੱਲ, ਵਿਰਾਟ ਅਤੇ ਅਈਅਰ ਵਰਗੇ 4 ਅਹਿਮ ਵਿਕਟਾਂ ਗੁਆ ਚੁੱਕੀ ਸੀ। ਅਜਿਹੇ ਨਾਜ਼ੁਕ ਮੋੜ 'ਤੇ ਕੇ. ਐੱਲ. ਰਾਹੁਲ ਨੇ ਕ੍ਰੀਜ਼ 'ਤੇ ਆ ਕੇ ਮੋਰਚਾ ਸੰਭਾਲਿਆ ਅਤੇ ਨਾਬਾਦ 112 ਦੌੜਾਂ ਦੀ ਪਾਰੀ ਖੇਡੀ। ਇਹ ਉਨ੍ਹਾਂ ਦਾ ਵਨਡੇ ਕ੍ਰਿਕਟ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਸਕੋਰ ਹੈ। ਰਾਹੁਲ ਦੇ ਇਸ ਸੈਂਕੜੇ ਦੀ ਬਦੌਲਤ ਭਾਰਤ ਨੇ 50 ਓਵਰਾਂ ਵਿੱਚ 284 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕੀਤਾ।
ਕਿਉਂ ਵਜਾਈ ਮੈਦਾਨ 'ਤੇ ਸੀਟੀ?
ਕੇ. ਐੱਲ. ਰਾਹੁਲ ਦਾ ਇਸ ਵਾਰ ਸੈਂਕੜਾ ਜੜਨ ਤੋਂ ਬਾਅਦ ਜਸ਼ਨ ਮਨਾਉਣ ਦਾ ਤਰੀਕਾ ਕਾਫੀ ਚਰਚਾ ਵਿੱਚ ਹੈ। ਛੱਕਾ ਲਗਾ ਕੇ ਸੈਂਕੜਾ ਪੂਰਾ ਕਰਨ ਤੋਂ ਬਾਅਦ ਰਾਹੁਲ ਨੇ ਹੈਲਮੇਟ ਉਤਾਰਿਆ ਅਤੇ ਸੀਟੀ ਵਜਾਉਣੀ ਸ਼ੁਰੂ ਕਰ ਦਿੱਤੀ। ਦਰਅਸਲ, ਇਹ ਖਾਸ ਜਸ਼ਨ ਉਨ੍ਹਾਂ ਨੇ ਆਪਣੀ ਨਵਜੰਮੀ ਧੀ ਨੂੰ ਸਮਰਪਿਤ ਕੀਤਾ ਹੈ। ਉਹ ਸੈਂਕੜਾ ਲਗਾਉਣ ਤੋਂ ਬਾਅਦ ਆਪਣੀ ਬੇਟੀ ਨੂੰ ਯਾਦ ਕਰ ਰਹੇ ਸਨ।
ਰਾਜਕੋਟ 'ਚ ਰਚਿਆ ਇਤਿਹਾਸ
ਇਸ ਸੈਂਕੜੇ ਦੇ ਨਾਲ ਹੀ ਰਾਹੁਲ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਹ ਰਾਜਕੋਟ ਦੇ ਮੈਦਾਨ 'ਤੇ ਵਨਡੇ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਦਿੱਗਜ ਵੀ ਇਸ ਮੈਦਾਨ 'ਤੇ ਕਦੇ ਵਨਡੇ ਸੈਂਕੜਾ ਨਹੀਂ ਲਗਾ ਸਕੇ ਹਨ।
ਮੱਧਕ੍ਰਮ ਦੇ 'ਬਾਦਸ਼ਾਹ' ਬਣੇ ਰਾਹੁਲ ਕੇ. ਐੱਲ. ਰਾਹੁਲ
ਨੰਬਰ 5 'ਤੇ ਬੱਲੇਬਾਜ਼ੀ ਕਰਦੇ ਹੋਏ ਬੇਹੱਦ ਘਾਤਕ ਸਾਬਤ ਹੋ ਰਹੇ ਹਨ। ਅੰਕੜੇ ਦੱਸਦੇ ਹਨ ਕਿ ਨੰਬਰ 5 'ਤੇ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਦੀ ਔਸਤ 64.21 ਹੈ ਅਤੇ ਸਟ੍ਰਾਈਕ ਰੇਟ ਵੀ 100 ਦੇ ਕਰੀਬ ਹੈ। ਇਸ ਮੈਚ ਵਿੱਚ ਉਨ੍ਹਾਂ ਨੇ ਜਡੇਜਾ ਅਤੇ ਰੈੱਡੀ ਨਾਲ ਮਿਲ ਕੇ ਅਹਿਮ ਸਾਂਝੇਦਾਰੀਆਂ ਕੀਤੀਆਂ, ਜਦਕਿ ਸ਼ੁਭਮਨ ਗਿੱਲ ਨੇ 56 ਦੌੜਾਂ ਦਾ ਯੋਗਦਾਨ ਪਾਇਆ।
