KL ਰਾਹੁਲ ਦੀ ਜਰਮਨੀ ''ਚ ਸਫ਼ਲ ਸਰਜਰੀ, ਟਵੀਟ ਕਰ ਲਿਖਿਆ- ''ਜਲਦ ਮਿਲਦੇ ਹਾਂ''
Thursday, Jun 30, 2022 - 11:48 AM (IST)
ਨਵੀਂ ਦਿੱਲੀ (ਏਜੰਸੀ) : ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਅਤੇ ਨਿਯਮਤ ਉਪ-ਕਪਤਾਨ ਲੋਕੇਸ਼ ਰਾਹੁਲ ਦਾ ਜਰਮਨੀ ਵਿਚ ਸਪੋਰਟਸ ਹਰਨੀਆ ਦਾ ਸਫ਼ਲ ਆਪ੍ਰੇਸ਼ਨ ਹੋਇਆ ਹੈ ਅਤੇ ਉਸ ਦੇ ਕੁਝ ਹੋਰ ਮਹੀਨਿਆਂ ਤੱਕ ਮੁਕਾਬਲੇਬਾਜ਼ੀ ਕ੍ਰਿਕਟ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਘਰੇਲੂ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਹਰ ਹੋਣ ਲਈ ਮਜ਼ਬੂਰ ਹੋਏ ਰਾਹੁਲ ਨੂੰ ਪਿਛਲੇ ਸਾਲਾਂ ਤੋਂ ਢਿੱਡ ਦੇ ਹੇਠਲੇ ਹਿੱਸੇ ਨਾਲ ਸਬੰਧਤ ਫਿਟਨੈੱਸ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਕਮਰ ਵਿੱਚ ਖਿਚਾਅ ਅਤੇ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਵੀ ਸ਼ਾਮਲ ਹੈ।
ਰਾਹੁਲ ਨੇ ਟਵੀਟ ਕੀਤਾ, 'ਪਿਛਲੇ ਕੁਝ ਹਫ਼ਤੇ ਔਖੇ ਰਹੇ ਪਰ ਸਰਜਰੀ ਸਫ਼ਲ ਰਹੀ। ਮੈਂ ਠੀਕ ਹੋ ਰਿਹਾ ਹਾਂ। ਮੇਰੀ ਸਿਹਤਯਾਬੀ ਦੀ ਯਾਤਰਾ ਸ਼ੁਰੂ ਹੋ ਗਈ ਹੈ। ਤੁਹਾਡੇ ਸੰਦੇਸ਼ਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ। ਜਲਦ ਮਿਲਦੇ ਹਾਂ।' ਪਿਛਲੇ ਅੱਠ ਸਾਲਾਂ ਵਿੱਚ, 30 ਸਾਲਾ ਖਿਡਾਰੀ ਨੇ ਭਾਰਤ ਲਈ 42 ਟੈਸਟ, 42 ਵਨਡੇ ਅਤੇ 56 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਭਾਰਤ ਪਰਤਣ 'ਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਦੀ ਖੇਡ ਵਿਗਿਆਨ ਟੀਮ ਦੇ ਮੁਖੀ ਡਾ: ਨਿਤਿਨ ਪਟੇਲ ਦੀ ਅਗਵਾਈ 'ਚ ਉਸ ਦਾ ਰੀਹੈਬਲੀਟੇਸ਼ਨ ਸ਼ੁਰੂ ਹੋਵੇਗਾ। ਰਾਹੁਲ ਦੀ ਵਾਪਸੀ ਦੀ ਸਮਾਂ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ ਪਰ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ 'ਚ ਵਾਪਸੀ ਕਰਨ 'ਚ ਉਨ੍ਹਾਂ ਨੂੰ ਕੁਝ ਮਹੀਨੇ ਹੋਰ ਲੱਗ ਸਕਦੇ ਹਨ।