IPL 2020 KXIP vs RCB : ਪੰਜਾਬ ਦੀ ਵੱਡੀ ਜਿੱਤ, ਬੈਂਗਲੁਰੂ ਨੂੰ 97 ਦੌੜਾਂ ਨਾਲ ਹਰਾਇਆ
Thursday, Sep 24, 2020 - 11:36 PM (IST)
ਦੁਬਈ– ਕਪਤਾਨ ਕੇ. ਐੱਲ. ਰਾਹੁਲ ਦੇ ਰਿਕਾਰਡ ਸੈਂਕੜੇ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) 'ਤੇ 97 ਦੌੜਾਂ ਨਾਲ ਵੱਡੀ ਜਿੱਤ ਦਰਜ ਕਰਕੇ ਆਪਣਾ ਖਾਤਾ ਖੋਲ੍ਹਿਆ ਤੇ ਧਮਾਕੇਦਾਰ ਵਾਪਸੀ ਕੀਤੀ। ਰਾਹੁਲ ਨੇ ਵਿਰਾਟ ਕੋਹਲੀ ਤੋਂ ਮਿਲੇ ਦੋ ਜੀਵਨਦਾਨਾਂ ਦਾ ਪੂਰਾ ਫਾਇਦਾ ਚੁੱਕਿਆ ਤੇ 69 ਗੇਂਦਾਂ 'ਤੇ ਅਜੇਤੂ 132 ਦੌੜਾਂ ਬਣਾਈਆਂ, ਜਿਹੜਾ ਉਸਦੇ ਕਰੀਅਰ ਦਾ ਸਰਵਉੱਚ ਸਕੋਰ ਵੀ ਹੈ। ਉਸ ਨੇ ਆਪਣੀ ਪਾਰੀ ਵਿਚ 14 ਚੌਕੇ ਤੇ 7 ਛੱਕੇ ਲਾਏ, ਜਿਸ ਨਾਲ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ 3 ਵਿਕਟਾਂ 'ਤੇ 206 ਦੌੜਾਂ ਦਾ ਵੱਡਾ ਸਕੋਰ ਬਣਾਉਣ ਵਿਚ ਸਫਲ ਰਹੀ। ਇਸ ਦੇ ਜਵਾਬ ਵਿਚ ਆਰ. ਸੀ. ਬੀ. ਦਾ ਚੋਟੀਕ੍ਰਮ ਲੜਖੜਾ ਗਿਆ, ਜਿਸ ਤੋਂ ਉਹ ਉੱਭਰ ਨਹੀਂ ਸਕੀ ਤੇ ਉਸਦੀ ਟੀਮ 17 ਓਵਰਾਂ ਵਿਚ ਹੀ 109 ਦੌੜਾਂ 'ਤੇ ਢੇਰ ਹੋ ਗਈ।
ਕੋਚ ਅਨਿਲ ਕੁੰਬਲੇ ਤੋਂ ਗੁਰ ਸਿੱਖ ਰਹੇ ਕਿੰਗਜ਼ ਇਲੈਵਨ ਦੇ ਦੋਵਾਂ ਲੈੱਗ ਸਪਿਨਰਾਂ ਮੁਰੂਗਨ ਅਸ਼ਵਿਨ (21 ਦੌੜਾਂ 'ਤੇ 3 ਵਿਕਟਾਂ) ਤੇ ਰਵੀ ਬਿਸ਼ਨੋਈ (32 ਦੌੜਾਂ ਦੇ ਕੇ 3 ਵਿਕਟਾਂ) ਨੇ ਪ੍ਰਭਾਵਿਤ ਕੀਤਾ ਜਦਕਿ ਸ਼ੈਲਡਨ ਕੋਟਰੈੱਲ (17 ਦੌੜਾਂ ਦੇ ਕੇ 2 ਵਿਕਟਾਂ) ਨੇ ਚੋਟੀ ਕ੍ਰਮ ਝੰਝੋੜਿਆ। ਕਿੰਗਜ਼ ਇਲੈਵਨ ਪੰਜਾਬ ਦੀ ਇਹ ਟੂਰਨਾਮੈਂਟ ਵਿਚ ਪਹਿਲੀ ਜਿੱਤ ਹੈ। ਉਸ ਨੇ ਪਹਿਲਾ ਮੈਚ ਦਿੱਲੀ ਕੈਪੀਟਲਸ ਤੋਂ ਸੁਪਰ ਓਵਰ ਵਿਚ ਗੁਆਇਆ ਸੀ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਆਰ. ਸੀ. ਬੀ. ਜੇਤੂ ਮੁਹਿੰਮ ਜਾਰੀ ਨਹੀਂ ਰੱਖ ਸਕੀ। ਕਿੰਗਜ਼ ਇਲੈਵਨ ਨੇ ਦੌੜਾਂ ਦੇ ਲਿਹਾਜ ਨਾਲ ਆਈ. ਪੀ. ਐੱਲ. ਵਿਚ ਆਪਣੀ ਦੂਜੀ ਵੱਡੀ ਜਿੱਤ ਵੀ ਹਾਸਲ ਕੀਤੀ। ਰਾਹੁਲ ਆਈ. ਪੀ. ਐੱਲ. ਵਿਚ ਸਭ ਤੋਂ ਵੱਡੀ ਵਿਅਕਤੀਗਤ ਪਾਰੀ ਖੇਡਣ ਵਾਲਾ ਭਾਰਤੀ ਬਣਿਆ। ਇਸ ਤੋਂ ਪਹਿਲਾਂ ਇਹ ਰਿਸ਼ਭ ਪੰਤ (ਅਜੇਤੂ 128) ਦੇ ਨਾਂ 'ਤੇ ਸੀ। ਰਾਹੁਲ ਜਦੋਂ 83 ਤੇ 89 ਦੌੜਾਂ 'ਤੇ ਸੀ ਤਦ ਕੋਹਲੀ ਨੇ ਉਸਦੇ ਕੈਚ ਛੱਡੇ, ਜਿਸਦਾ ਫਾਇਦਾ ਚੁੱਕ ਕੇ ਉਸ ਨੇ ਆਖਰੀ ਦੋ ਓਵਰਾਂ ਵਿਚ 49 ਦੌੜਾਂ ਜੋੜਨ ਵਿਚ ਅਹਿਮ ਭੂਮਿਕਾ ਨਿਭਾਈ।
ਕੋਹਲੀ (1) ਬੱਲੇਬਾਜ਼ੀ ਵਿਚ ਵੀ ਨਹੀਂ ਚੱਲ ਸਕਿਆ। ਕੋਟਰੈੱਲ ਨੇ ਪਿਛਲੇ ਮੈਚ ਵਿਚ ਛਾਪ ਛੱਡਣ ਵਾਲੇ ਦੇਵਦਤ ਪਡੀਕਲ (1) ਨੂੰ ਆਊਟ ਕਰਨ ਤੋਂ ਬਾਅਦ ਕੋਹਲੀ ਨੂੰ ਵੀ ਪੈਵੇਲੀਅਨ ਭੇਜਿਆ ਜਦਕਿ ਮੁਹੰਮਦ ਸ਼ੰਮੀ ਨੇ ਇਸ ਵਿਚਾਲੇ ਜੋਸ਼ ਫਿਲਿਪ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਆਰ. ਸੀ. ਬੀ. ਨੇ 3 ਵਿਕਟਾਂ 'ਤੇ 4 ਦੌੜਾਂ ਗੁਆ ਦਿੱਤੀਆਂ ਸਨ। ਏ. ਬੀ. ਡਿਵਿਲੀਅਰਸ (28) ਤੇ ਸਲਾਮੀ ਬੱਲੇਬਾਜ਼ ਆਰੋਨ ਫਿੰਚ (20) ਨੇ ਚੌਤੀ ਵਿਕਟ ਲਈ 49 ਦੌੜਾਂ ਜੋੜੀਆਂ ਪਰ ਵੱਡੇ ਟੀਚੇ ਦਾ ਦਬਾਅ ਉਨ੍ਹਾਂ 'ਤੇ ਸਾਫ ਦਿਖਾਈ ਦਿਸ ਰਿਹਾ ਸੀ। ਉਸ ਨੇ ਲੈੱਗ ਸਪਿਨਰ ਮੁਰੂਗਨ ਅਸ਼ਵਿਨ ਦੀ ਗੁਗਲੀ 'ਤੇ ਕਵਰ 'ਤੇ ਕੈਚ ਦਿੱਤਾ, ਜਿਸ ਨਾਲ ਆਰ. ਸੀ. ਬੀ. ਦੀਆਂ ਉਮੀਦਾਂ ਵੀ ਖਤਮ ਹੋ ਗਈਆਂ।
ਇਸ ਤੋਂ ਪਹਿਲਾਂ ਰਾਹੁਲ ਤੇ ਮਯੰਕ ਅਗਰਵਾਲ (26) ਨੇ ਪਾਰੀ ਦੀ ਸਹਿਜ ਸ਼ੁਰੂਆਤ ਕੀਤੀ ਤੇ ਢਿੱਲੀਆਂ ਗੇਂਦਾਂ ਨੂੰ ਬਾਊਂਡਰੀ ਦੇ ਪਾਰ ਪਹੁੰਚਾਇਆ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ 57 ਦੌੜਾਂ ਜੋੜੀਆਂ। ਕੋਹਲੀ ਨੇ ਪਿਛਲੇ ਮੈਚ ਦੀ ਤਰ੍ਹਾਂ ਪਾਵਰਪਲੇਅ ਤੋਂ ਬਾਅਦ ਆਪਣੇ 'ਤਰੁਪ ਦੇ ਇੱਕੇ' ਚਾਹਲ ਨੂੰ ਗੇਂਦ ਸੌਂਪੀ ਤੇ ਉਸ ਨੇ ਫਿਰ ਤੋਂ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ। ਅਗਰਵਾਲ ਦੇ ਕੋਲ ਚਾਹਲ ਦੀ ਗੁਗਲੀ ਦਾ ਕੋਈ ਜਵਾਬ ਨਹੀਂ ਸੀ, ਜਿਹੜੀ ਉਸਦੇ ਬੱਲੇ ਤੇ ਪੈਡ ਵਿਚਾਲਿਓਂ ਨਿਕਲ ਕੇ ਵਿਕਟਾਂ 'ਤੇ ਜਾ ਵੱਜੀ।
ਪਾਰੀ ਦਾ ਪਹਿਲਾ ਛੱਕਾ ਰਾਹੁਲ ਨੇ ਉਮੇਸ਼ 'ਤੇ ਲਾਇਆ। ਉਸ ਨੇ ਨਿਕੋਲਸ ਪੂਰਣ (17) ਨਾਲ ਵੀ 57 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ। ਪੂਰਣ ਨੇ ਦੂਬੇ ਦੀ ਗੇਂਦ 'ਤੇ ਆਸਾਨ ਕੈਚ ਦਿੱਤਾ। ਦੂਬੇ ਨੇ ਇਸ ਤੋਂ ਬਾਅਦ ਗਲੇਨ ਮੈਕਸਵੈੱਲ (5) ਨੂੰ ਵੀ ਆਊਟ ਕੀਤਾ। ਇਸ ਵਿਚਾਲੇ ਰਾਹੁਲ ਦਾ ਕਿਸਮਤ ਨੇ ਵੀ ਸਾਥ ਦਿੱਤਾ। ਸਟੇਨ ਦੀ ਗੇਂਦ 'ਤੇ ਉਸ ਨੇ ਡੀਪ ਮਿਡਵਿਕਟ 'ਤੇ ਛੱਕਾ ਲਾਉਣ ਤੋਂ ਬਾਅਦ ਅਗਲੀ ਗੇਂਦ ਉਸੇ ਖੇਤਰ ਵਿਚ ਉਛਾਲੀ ਪਰ ਕੋਹਲੀ ਨੇ ਉਮੀਦਾਂ ਦੇ ਉਲਟ ਕੈਚ ਛੱਡ ਦਿੱਤਾ। ਇਹ ਹੀ ਨਹੀਂ ਕੋਹਲੀ ਨੇ ਬਾਅਦ ਵਿਚ ਨਵਦੀਪ ਸੈਣੀ ਦੀ ਗੇਂਦ 'ਤੇ ਵੀ ਉਸਦਾ ਕੈਚ ਛੱਡਿਆ। ਇਸਦਾ ਖਾਮਿਆਜਾ ਸਟੇਨ ਤੇ ਆਰ. ਸੀ. ਬੀ. ਦੋਵਾਂ ਨੂੰ ਭੁਗਤਣਾ ਪਿਆ। ਉਸ ਨੇ ਪਾਰੀ ਦੇ 19ਵੇਂ ਓਵਰ ਵਿਚ ਸਟੇਨ 'ਤੇ 3 ਛੱਕੇ ਤੇ 2 ਚੌਕੇ ਲਾਏ ਤੇ ਇਸ ਵਿਚਾਲੇ ਨਾ ਸਿਰਫ ਆਪਣਾ ਸੈਂਕੜਾ ਪੂਰਾ ਕੀਤਾ ਸਗੋਂ ਟੀ-20 ਵਿਚ ਪਿਛਲਾ ਸਰਵਉੱਚ ਸਕੋਰ (110) ਵੀ ਪਿੱਛੇ ਛੱਡ ਦਿੱਤਾ। ਸਟੇਨ ਦੇ ਇਸ ਓਵਰ ਵਿਚ 26 ਦੌੜਾਂ ਬਣੀਆਂ। ਉਸ ਨੇ ਦੂਬੇ ਦੀਆਂ ਪਾਰੀ ਦੀਆਂ ਆਖਰੀ ਦੋ ਗੇਂਦਾਂ 'ਤੇ ਛੱਕੇ ਲਾਏ ਤੇ ਕਰੁਣ ਨਾਇਰ (ਅਜੇਤੂ 15) ਨਾਲ 78 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਟੀਮਾਂ ਇਸ ਤਰ੍ਹਾਂ ਹੈ-
ਰਾਇਲ ਚੈਲੰਜਰਜ਼ ਬੈਂਗਲੁਰੂ- ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਲੀਅਰਸ, ਗੁਰਕੀਰਤ ਸਿੰਘ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜਾਂਪਾ, ਇਸੁਰੂ ਉਡਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।
ਕਿੰਗਜ਼ ਇਲੈਵਨ ਪੰਜਾਬ- ਲੋਕੇਸ਼ ਰਾਹੁਲ (ਕਪਤਾਨ), ਮਯੰਕ ਅਗਰਵਾਲ, ਸ਼ੈਲਡਨ ਕੋਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੈੱਲ, ਮੁਹੰਮਦ ਸ਼ੰਮੀ, ਮੁਜੀਬ ਉਰ ਰਹਿਮਾਨ, ਕਰੁਣ ਨਾਇਰ, ਜੇਮਸ ਨੀਸ਼ਮ, ਨਿਕੋਲਸ ਪੂਰਨ (ਵਿਕਟਕੀਪਰ), ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮੁਰੂਗਨ ਅਸ਼ਵਿਨ, ਕ੍ਰਿਸ਼ਣੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੌਰਡਨ, ਸਰਫਰਾਜ ਖਾਨ, ਮਨਦੀਪ ਸਿੰਘ, ਦਰਸ਼ਨ ਨਲਕੰਡੇ, ਰਵੀ ਬਿਸ਼ਨੋਈ, ਸਿਮਰਨ ਸਿੰਘ (ਵਿਕਟਕੀਪਰ), ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਸ ਵਿਲਜੋਨ।