ਖੇਡ ਰਤਨ ਪੰਜਾਬ ਦੇ : ਆਲਮੀ ਹਾਕੀ ਦਾ ਚੋਟੀ ਦਾ ਲੈਫਟ ਵਿੰਗਰ ‘ਹਰਚਰਨ ਸਿੰਘ’

9/10/2020 3:26:15 PM

ਨਵਦੀਪ ਸਿੰਘ ਗਿੱਲ

ਲੜੀ-23

ਹਰਚਰਨ ਸਿੰਘ ਆਲਮੀ ਹਾਕੀ ਦੇ ਚੋਟੀ ਦੇ ਲੈਫਟ ਵਿੰਗਰਾਂ ਵਿੱਚੋਂ ਇਕ ਹੈ। ਹਰਚਰਨ ਹਰਫਨਮੌਲਾ ਸਖਸ਼ੀਅਤ ਹੈ। ਉਚ ਕੋਟੀ ਦਾ ਖਿਡਾਰੀ, ਕਾਬਲ ਕੋਚ, ਸਮਰਪਿਤ ਫੌਜੀ ਅਫਸਰ, ਖੇਡ ਲਿਖਾਰੀ, ਕੁਸ਼ਲ ਪ੍ਰਸ਼ਾਸਕ ਅਤੇ ਸੰਗਠਨ ਸ਼ਕਤੀਆਂ ਸਭ ਗੁਣ ਉਸ ਵਿੱਚ ਮੌਜੂਦ ਹੈ। ਭਾਰਤੀ ਸੈਨਾ ਵਿੱਚ ਬ੍ਰਿਗੇਡੀਅਰ ਰਿਟਾਇਰ ਹੋਏ ਹਰਚਰਨ ਸਿੰਘ ਨੇ ਹਾਕੀ ਦੇ ਨਾਲ ਫੌਜ ਦੇ ਮੋਰਚਿਆਂ 'ਤੇ ਵੀ ਦੇਸ਼ ਦੀ ਅਗਵਾਈ ਕੀਤੀ। ਹਰਚਰਨ ਭਾਰਤ ਦਾ ਇਕਲੌਤਾ ਓਲੰਪੀਅਨ ਹੈ, ਜਿਹੜਾ ਭਾਰਤੀ ਫੌਜ ਵਿੱਚ ਬ੍ਰਿਗੇਡੀਅਰ ਰੈਂਕ ਤੱਕ ਪੁੱਜਿਆ। ਹਰਚਰਨ ਦੇ ਹਾਕੀ ਖੇਡਦਿਆਂ ਭਾਰਤ ਨੇ ਪਾਕਿਸਤਾਨ ਨੂੰ ਖਦੇੜ ਕੇ ਪਲੇਠੀ ’ਤੇ ਇਕਲੌਤੀ ਵਾਰ ਵਿਸ਼ਵ ਕੱਪ ਜਿੱਤਿਆ। ਫੇਰ ਜਦੋਂ ਕਾਰਗਿਲ ਯੁੱਧ ਵਿੱਚ ਦੇਸ਼ ਨੂੰ ਉਸ ਦੀ ਘੁਸਪੈਠੀਆਂ ਨੂੰ ਲਾਈਨ ਆਫ ਕੰਟਰੋਲ ਤੋਂ ਪਾਰ ਖਦੇੜਨ ਦੀ ਵਾਰੀ ਆਈ ਤਾਂ ਉਸ ਨੇ ਭਾਰਤੀ ਟੀਮ ਦੀ ਕੋਚਿੰਗ ਤਿਆਗ ਕੇ ਫੌਜ ਦਾ ਮੋਰਚਾ ਸਾਂਭ ਲਿਆ। ਖਿਡਾਰੀ ਤੇ ਫੌਜੀ ਦੋ ਹੀ ਸਖਸ਼ ਹੁੰਦੇ ਹਨ, ਜਿਨ੍ਹਾਂ ਨੂੰ ਦੇਸ਼ ਦਾ ਝੰਡਾ ਉਚਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਬ੍ਰਿਗੇਡੀਅਰ ਹਰਚਰਨ ਸਿੰਘ ਦੀ ਗਿਣਤੀ ਅਰਬਾਂ ਦੇ ਮੁਲਕ ਵਿੱਚ ਗਿਣਵੇਂ ਸਖਸ਼ਾਂ ਵਿੱਚ ਆਉਂਦੀ ਹੈ, ਜਿਸ ਨੇ ਖਿਡਾਰੀ ਤੇ ਫੌਜੀ ਵਜੋਂ ਦੋਵੇਂ ਮੌਕਿਆਂ 'ਤੇ ਤਿਰੰਗਾ ਲਹਿਰਾਉਣ ਦਾ ਮਾਣ ਹਾਸਲ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਹਰਚਰਨ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਦੇ ਹੋਏ

PunjabKesari

ਹਰਚਰਨ ਸਿੰਘ ਨੇ ਹਾਕੀ ਵਿੱਚ 3 ਵਿਸ਼ਵ ਕੱਪ ਖੇਡੇ ਅਤੇ 3 ਵਾਰ ਭਾਰਤ ਤਮਗੇ ਤੋਂ ਬਿਨਾਂ ਵਾਪਸ ਨਹੀਂ ਮੁੜਿਆ। ਉਸ ਕੋਲ ਹਰ ਰੰਗ ਦਾ ਤਮਗਾ ਹੈ। ਪਹਿਲੀ ਵਾਰ ਉਸ ਨੇ ਕਾਂਸੀ, ਦੂਜੀ ਵਾਰ ਚਾਂਦੀ ਤੇ ਤੀਜੀ ਵਾਰ ਸੋਨੇ ਦਾ ਤਮਗਾ ਜਿੱਤਿਆ। ਹਰਚਰਨ, ਅਜੀਤ ਪਾਲ ਸਿੰਘ, ਅਸ਼ੋਕ ਕੁਮਾਰ ਤੇ ਮਾਈਕਲ ਕਿੰਡੋ ਚਾਰ ਵਿਸ਼ਵ ਹਾਕੀ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਕੋਲ ਵਿਸ਼ਵ ਕੱਪ ਦਾ ਹਰ ਰੰਗ ਦਾ ਤਮਗਾ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਨੇ ਇਹ ਤਿੰਨੋਂ ਤਮਗੇ ਇਕ-ਇਕ ਵਾਰ ਹੀ ਜਿੱਤੇ ਹਨ ਅਤੇ ਤਿੰਨੋਂ ਮੌਕਿਆਂ 'ਤੇ ਹਰਚਰਨ ਟੀਮ ਦਾ ਅਹਿਮ ਹਿੱਸਾ ਸੀ। ਉਸ ਨੇ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਸੱਤਰਵਿਆਂ ਦਾ ਸਮਾਂ ਭਾਰਤੀ ਹਾਕੀ ਦੇ ਸੁਨਹਿਰੀ ਸਮਾਂ ਸੀ, ਜਿਸ ਦੌਰ ਵਿੱਚ ਹਰਚਰਨ ਜਿਹੇ ਹਾਕੀ ਸਿਤਾਰਿਆਂ ਬਦੌਲਤ ਭਾਰਤ ਨੇ ਅੰਬਰਾਂ ਨੂੰ ਛੂਹਿਆ। ਉਸ ਵੇਲੇ ਤੋਂ ਬਾਅਦ ਹੁਣ ਤੱਕ ਭਾਰਤੀ ਹਾਕੀ ਉਸ ਦੌਰ ਨੂੰ ਤਰਸ ਰਹੀ ਹੈ। ਹਰਚਰਨ ਜਿੰਨਾ ਵੱਡੀ ਖਿਡਾਰੀ ਹੋਇਆ, ਉਨਾ ਹੀ ਗਿਆਨਵਾਨ ਤੇ ਸਲੀਕੇ ਵਾਲਾ ਇਨਸਾਨ ਹੈ। ਉਸ ਜਿੰਨਾ ਚੱਜ-ਆਚਾਰ ਕਿਸੇ ਵਿੱਚ ਨਹੀਂ ਹੈ। ਉਸ ਦੇ ਦੌਰ ਵਿੱਚ ਸਾਥੀ ਖਿਡਾਰੀਆਂ ਨੇ ਕੋਈ ਫਾਰਮ ਭਰਨਾ ਹੁੰਦਾ ਤਾਂ ਉਹ ਹਰਚਰਨ ਨੂੰ ਲੱਭਦੇ ਹੁੰਦੇ ਸਨ। ਹਾਕੀ ਤੇ ਫੌਜ ਤੋਂ ਰਿਟਾਇਰਮੈਂਟ ਤੋਂ ਬਾਅਦ ਉਹ ਟਿਕ ਕੇ ਨਹੀਂ ਬੈਠਿਆ। ਖੇਡ ਮੁਕਾਬਲਿਆਂ ਵਿੱਚ ਨਵੀਂ ਉਮਰ ਦੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਤੋਂ ਇਲਾਵਾ ਰੋਜ਼ਾਨਾ ਪੜ੍ਹਨਾ-ਲਿਖਣਾ ਉਸ ਦਾ ਰੁਟੀਨ ਹੈ, ਇਸੇ ਲਈ ਉਹ ਨਿਰੰਤਰ ਅਖਬਾਰਾਂ ਲਈ ਹਾਕੀ ਬਾਰੇ ਆਰਟੀਕਲ ਲਿਖਦਾ ਰਹਿੰਦਾ ਹੈ। ਇਥੇ ਵੀ ਹਰਫਨਮੌਲਾ ਹਰਚਰਨ ਨੇ ਅੰਗਰੇਜ਼ੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ ਦੇ ਅਖਬਾਰਾਂ ਵਿੱਚ ਆਪਣੇ ਲੇਖ ਲਿਖੇ। 1975 ਦੇ ਵਿਸ਼ਵ ਕੱਪ ਦੀਆਂ ਯਾਦਾਂ ਤਾਜ਼ੀਆਂ ਕਰਦੇ ਹਰਚਰਨ ਦੇ ਲੇਖ ਪੜ੍ਹਦਿਆਂ ਪਾਠਕ ਨੂੰ ਟੀ.ਵੀ. ਉਤੇ ਸਿੱਧਾ ਪ੍ਰਸਾਰਨ ਅਤੇ ਜਸਦੇਵ ਸਿੰਘ ਦੀ ਕੁਮੈਂਟਰੀ ਸੁਣਨ ਜਿੰਨਾ ਸਵਾਦ ਆਉਂਦਾ ਹੈ। ਹਰਚਰਨ ਘਟਨਾ ਦੇ ਪਲਾਂ ਦਾ ਪਾਤਰ ਹੋਣ ਕਰਕੇ ਉਸ ਦੇ ਲੇਖਾਂ ਦੀ ਭਰੋਸੇਯੋਗਤਾ ਅਤੇ ਹਕੀਕਤ ਸਭ ਤੋਂ ਵੱਧ ਹੁੰਦੀ ਹੈ।

ਅਰਜੁਨਾ ਐਵਾਰਡ ਹਾਸਲ ਕਰਨ ਸਮੇਂ ਵੱਖ-ਵੱਖ ਅੰਦਾਜ਼

PunjabKesari

ਹਰਚਰਨ ਸਿੰਘ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਬਣਾਈ ਸੰਸਥਾ 'ਪੰਜਾਬ ਸਪੋਰਟਸ ਸੁਪਰ ਸਟਾਰ ਐਸੋਸੀਏਸ਼ਨ' ਦਾ ਪ੍ਰਧਾਨ ਵੀ ਹੈ। ਐੱਨ.ਆਈ.ਐੱਸ. ਦੀ ਤਰਜ਼ 'ਤੇ ਬਣਾਈ ਪੰਜਾਬ ਦੇ ਖੇਡ ਵਿਭਾਗ ਦੀ ਸਿਖਰਲੀ ਸੰਸਥਾ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐੱਸ.) ਦੀ ਗਵਰਨਿੰਗ ਕੌਂਸਲ ਦਾ ਮੈਂਬਰ ਵੀ ਹੈ। ਉਹ ਆਪਣੇ ਪਿੰਡ ਮਰ੍ਹੜ ਦੇ ਪੇਂਡੂ ਖੇਡ ਮੇਲਿਆਂ ਦਾ ਵੀ ਪ੍ਰਬੰਧਕ ਵੀ ਹੈ। ਹਰਚਰਨ ਸਿੰਘ ਹਰੇਕ ਐਵਾਰਡ ਨਾਲ ਨਿਵਾਜਿਆ ਗਿਆ ਹੈ। ਪ੍ਰਾਇਮਰੀ ਵਿੱਚ ਪੜ੍ਹਦਿਆਂ ਪਹਿਲੀ ਵਾਰ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ ਤਾਂ ਉਹ ਬਲਾਕ ਚੈਂਪੀਅਨ ਬਣਿਆ। ਸਪੋਰਟਸ ਕਾਲਜ ਵੱਲੋਂ ਖੇਡਿਆ ਤਾਂ ਯੂਨੀਵਰਸਿਟੀ ਚੈਂਪੀਅਨ ਬਣਿਆ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖੇਡਦਿਆਂ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨਸ਼ਿਪ ਜਿੱਤੀ। ਪੰਜਾਬ ਵੱਲੋਂ ਖੇਡਿਆ ਤਾਂ ਪੰਜਾਬ ਕੌਮੀ ਚੈਂਪੀਅਨ ਬਣਿਆ। ਸੈਨਾ ਵਿੱਚ ਕਮਿਸ਼ਨਡ ਹੋਇਆ ਤਾਂ ਭਾਰਤੀ ਫੌਜ ਕੌਮੀ ਚੈਂਪੀਅਨ ਬਣੀ। ਕੌਮੀ ਟੀਮ ਵਿੱਚ ਸ਼ਾਮਲ ਹੋਇਆ ਤਾਂ ਭਾਰਤ ਵਿਸ਼ਵ ਚੈਂਪੀਅਨ ਬਣਿਆ। ਲੈਫਟ ਵਿੰਗਰ ਤਾਂ ਉਹ ਹੈ ਹੀ ਦੁਨੀਆਂ ਦਾ ਸਿਖਰਲਾ ਸੀ। ਸਮੀਉੱਲਾ ਤੇ ਹਰਚਰਨ ਦੋਵਾਂ ਨੂੰ ਦੁਨੀਆਂ ਦੇ ਚੋਟੀ ਦੇ ਲੈਫਟ ਆਊਟ ਖਿਡਾਰੀ ਮੰਨਿਆ ਜਾਂਦਾ ਹੈ। ਹੋਰ ਤਾਂ ਹੋਰ ਭਾਰਤੀ ਮਿਲਟਰੀ ਅਕੈਡਮੀ ਦੇਹਰਾਦੂਨ ਪ੍ਰੀ ਕਮਿਸ਼ਨ ਟਰੇਨਿੰਗ ਵਿੱਚ ਸਾਢੇ ਤਿੰਨ ਸੌ ਤੋਂ ਵੱਧ ਅਫਸਰਾਂ ਵਿੱਚ ਵੀ ਉਹ ਤੀਜੇ ਨੰਬਰ 'ਤੇ ਆਇਆ। ਪੜ੍ਹਾਈ ਵਿੱਚ ਤਾਂ ਉਹ ਮੁੱਢੋਂ ਹੁਸ਼ਿਆਰ ਸੀ। ਉਨ੍ਹਾਂ ਵੇਲਿਆਂ ਵਿੱਚ 10ਵੀਂ ਉਸ ਨੇ ਪਹਿਲੇ ਦਰਜੇ ਵਿੱਚ 72 ਫੀਸਦੀ ਅੰਕ ਹਾਸਲ ਕਰਕੇ ਕੀਤੀ ਸੀ। ਹਾਕੀ ਦੇ ਨਾਲ ਸਟੇਟ ਪੱਧਰ 'ਤੇ ਉਹ ਚੰਗਾ ਅਥਲੀਟ ਵੀ ਰਿਹਾ। ਹਰਚਰਨ ਨਿਆਣੀ ਉਮਰੇ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। ਉਹ ਇਕੋ ਵੇਲੇ ਕਾਲਜ, ਯੂਨੀਵਰਸਿਟੀ, ਕੰਬਾਈਡ ਯੂਨੀਵਰਸਿਟੀ, ਪੰਜਾਬ ਤੇ ਭਾਰਤੀ ਟੀਮ ਵੱਲੋਂ ਖੇਡਦਾ ਰਿਹਾ।

ਹਾਕੀ ਵਿਸ਼ਵ ਕੱਪ 1975 ਜਿੱਤਣ ਵਾਲੀ ਭਾਰਤੀ ਟੀਮ  

PunjabKesari

ਹਰਚਰਨ ਸਿੰਘ ਦਾ ਜਨਮ 15 ਜਨਵਰੀ 1950 ਨੂੰ ਗੁਰਦਾਸਪੁਰ ਜ਼ਿਲੇ ਦੇ ਪਿੰਡ ਮਰ੍ਹੜ (ਨੇੜੇ ਬਟਾਲਾ) ਵਿਖੇ ਦਰਸ਼ਨ ਸਿੰਘ ਦੇ ਘਰ ਗੁਰਬਚਨ ਕੌਰ ਦੀ ਕੁੱਖੋਂ ਪੈਦਾ ਹੋਇਆ। ਹਰਚਰਨ ਹੁਰੀਂ 5 ਭਰਾ ਤੇ 2 ਭੈਣਾਂ ਹਨ। ਉਨ੍ਹਾਂ ਦੇ ਨਾਨਕੇ ਭੰਗਾਲੀ ਖੁਰਦ ਰੰਧਾਵਿਆਂ ਦੇ ਘਰ ਹੈ। ਪਿਤਾ ਦਰਸ਼ਨ ਸਿੰਘ ਕਬੱਡੀ ਦੇ ਚੰਗੇ ਖਿਡਾਰੀ ਸਨ। ਵੱਡਾ ਭਰਾ ਪਿਆਰਾ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਦਾ ਚੰਗਾ ਅਥਲੀਟ ਸੀ। ਹਰਚਰਨ ਤੋਂ ਛੋਟਾ ਕੁਲਦੀਪ ਸਿੰਘ ਜੋ ਅੱਗੇ ਜਾ ਕੇ ਸੀ.ਆਰ.ਪੀ.ਐਫ. ਵਿਚੋਂ ਕਮਾਂਡੈਂਟ ਰਿਟਾਇਰ ਹੋਇਆ, ਕੌਮੀ ਪੱਧਰ ਦਾ ਹਾਕੀ ਖਿਡਾਰੀ ਰਿਹਾ। ਹਰਚਰਨ ਨੇ ਮੁੱਢਲੀ ਪੜ੍ਹਾਈ ਨੇੜਲੇ ਪਿੰਡ ਸ਼ੇਖਪੁਰਾ ਦੇ ਖਾਲਸਾ ਹਾਈ ਸਕੂਲ ਤੋਂ ਕੀਤੀ, ਜਿੱਥੇ ਪੀ.ਟੀ.ਆਈ. ਦਲੀਪ ਸਿੰਘ ਸਿੰਘ ਦੀ ਦੇਖ-ਰੇਖ ਵਿੱਚ ਅਥਲੈਟਿਕਸ, ਫੁਟਬਾਲ ਤੇ ਹਾਕੀ ਤਿੰਨੋਂ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ। ਅਥਲੈਟਿਕਸ ਵਿੱਚ ਉਹ ਦੌੜਾਂ ਵੀ ਲਗਾਉਂਦਾ ਤੇ ਛਾਲਾਂ ਵੀ। ਚੌਥੀ ਪੜ੍ਹਦਿਆਂ ਉਹ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਤਿੰਨ ਈਵੈਂਟਾਂ ਵਿੱਚ ਚੈਂਪੀਅਨ ਬਣਿਆ। ਪਹਿਲੇ ਇਨਾਮ ਵਜੋਂ ਉਸ ਨੂੰ ਰੁਮਾਲ, ਬੁਨੈਣ ਤੇ ਸਾਬਨਦਾਨੀ ਮਿਲੀ। ਨੌਵੀਂ ਪੜ੍ਹਦਾ ਉਹ ਸਕੂਲ ਦੀ ਹਾਕੀ ਟੀਮ ਦਾ ਕਪਤਾਨ ਬਣਿਆ।

ਹਾਕੀ ਵਿਸ਼ਵ ਕੱਪ 1975 ਜਿੱਤਣ ਵਾਲੀ ਭਾਰਤੀ ਟੀਮ ਦੀ ਪੁਰਾਣੀ ਤਸਵੀਰ

PunjabKesari

ਹਰਚਰਨ ਨੇ ਉਚੇਰੀ ਸਿੱਖਿਆ ਲਈ ਸਪੋਰਟਸ ਕਾਲਜ ਜਲੰਧਰ ਵਿਖੇ ਦਾਖਲਾ ਲੈ ਲਿਆ। ਉਸ ਵੇਲੇ ਸਪਰੋਟਸ ਕਾਲਜ ਪੰਜਾਬ ਦੀਆਂ ਖੇਡਾਂ ਦੀ ਨਰਸਰੀ ਸੀ। ਹਰ ਖੇਡ ਵਿੱਚੋਂ ਕੋਈ ਨਾ ਕੋਈ ਖਿਡਾਰੀ ਭਾਰਤੀ ਟੀਮ ਵਿੱਚ ਚੁਣਿਆ ਜਾਂਦਾ ਸੀ। ਹਾਕੀ ਖੇਡ ਵਿੱਚ ਕਰਨਲ ਬਲਬੀਰ ਸਿੰਘ ਹਰਚਰਨ ਦਾ ਸੀਨੀਅਰ ਸੀ ਤੇ ਅਜੀਤ ਸਿੰਘ ਸਮਕਾਲੀ। ਸੁਰਜੀਤ ਸਿੰਘ, ਬਲਦੇਵ ਸਿੰਘ ਤੇ ਕੁਲਵੰਤ ਸਿੰਘ ਉਸ ਦੇ ਜੂਨੀਅਰ ਸਨ। ਸੁਰਜੀਤ ਨੂੰ ਸਪੋਰਟਸ ਕਾਲਜ ਦਾਖਲਾ ਦਿਵਾਉਣ ਵਾਲਾ ਹਰਚਰਨ ਹੀ ਸੀ। ਸੁਰਜੀਤ ਪਹਿਲੀ ਵਾਰ ਹਰਚਰਨ ਦੀ ਪਾਰਖੂ ਅੱਖ ਉਤੇ ਉਦੋਂ ਨਜ਼ਰ ਚੜ੍ਹਿਆ ਸੀ ਜਦੋਂ ਉਹ ਹਰਚਰਨ ਦੇ ਪਿੰਡ ਮਰ੍ਹੜ ਦੇ ਹਾਕੀ ਟੂਰਨਾਮੈਂਟ ਵਿੱਚ ਖੇਡ ਰਿਹਾ ਸੀ। ਸੁਰਜੀਤ ਦਾ ਪਿੰਡ ਦਾਖਲਾ (ਹੁਣ ਸੁਰਜੀਤ ਸਿੰਘ ਵਾਲਾ) ਬਟਾਲਾ ਨੇੜੇ ਹਰਚਰਨ ਦੇ ਪਿੰਡ ਮਰ੍ਹੜ ਤੋਂ ਥੋੜੀ ਦੇਰ ਸਥਿਤ ਸੀ। ਇਸੇ ਇਲਾਕੇ ਦੇ ਇਕ ਹੋਰ ਓਲੰਪੀਅਨ ਮੁਖਬੈਨ ਸਿੰਘ ਦੋਵਾਂ ਦਾ ਸੀਨੀਅਰ ਸੀ। ਹਰਚਰਨ ਹੁਰੀਂ ਦੱਸਦੇ ਹਨ ਕਿ ਸਪੋਰਟਸ ਕਾਲਜ ਨੇ ਹਰ ਖੇਡ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ। ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਏਸ਼ੀਆ ਦੇ ਪਹਿਲੇ ਸਪੋਰਟਸ ਕਾਲਜ ਦੀ ਸਥਾਪਨਾ ਕਰਦਿਆਂ ਸੰਗਰੂਰ ਦੇ ਬਾਕਸਿੰਗ ਕੋਚ ਸੋਮਨਾਥ ਨੂੰ ਪ੍ਰਿੰਸੀਪਸ ਥਾਪਿਆ ਸੀ। ਮਨਮੋਹਨ ਸਿੰਘ ਹਾਕੀ ਦੇ ਕੋਚ ਹੁੰਦੇ ਸਨ। ਉਨ੍ਹਾਂ ਸਮਿਆਂ ਵਿੱਚ ਅਥਲੈਟਿਕਸ ਵਿੱਚ ਜਗਦੇਵ ਸਿੰਘ ਤੇ ਈਸ਼ਰ ਸਿੰਘ, ਫੁਟਬਾਲ ਵਿੱਚ ਉਜਾਗਰ ਸਿੰਘ ਹੁੰਦਾ ਸੀ।

ਹਾਕੀ ਵਿਸ਼ਵ ਕੱਪ 1975 ਜਿੱਤਣ ਤੋਂ ਬਾਅਦ ਤਿਰੰਗਾ ਝੰਡਾ ਫੜੀ ਹਰਚਰਨ ਸਿੰਘ ਸਾਥੀ ਖਿਡਾਰੀਆਂ ਨਾਲ ਸਟੇਡੀਅਮ ਦਾ ਚੱਕਰ ਲਗਾਉਂਦਾ ਹੋਇਆ

PunjabKesari

ਹਰਚਰਨ ਹਾਕੀ ਦੇ ਨਾਲ ਤੀਹਰੀ ਛਾਲ ਵੀ ਲਗਾਉਂਦਾ ਸੀ। ਉਸ ਵੇਲੇ ਸਾਂਝਾ ਪੰਜਾਬ ਹੁੰਦਾ ਸੀ। ਹਰਚਰਨ ਨੇ ਅੰਬਾਲਾ ਵਿਖੇ ਹੋਈ ਪੰਜਾਬ ਸਟੇਟ ਜੂਨੀਅਰ ਚੈਂਪੀਅਨਸ਼ਿਪ ਵਿੱਚ 43 ਫੁੱਟ 7 ਇੰਚ ਛਾਲ ਲਗਾਉਂਦਿਆਂ ਤੀਜਾ ਸਥਾਨ ਹਾਸਲ ਕੀਤਾ। ਗੁਰਦਾਸਪੁਰ ਵੱਲੋਂ ਹਾਕੀ ਦੀ ਪੰਜਾਬ ਸਟੇਟ ਚੈਂਪੀਅਨਸ਼ਿਪ ਖੇਡਦਿਆਂ ਉਸ ਦੀ ਟੀਮ ਤੀਜੇ ਸਥਾਨ 'ਤੇ ਆਈ ਸੀ। ਹਰਮੀਕ ਸਿੰਘ, ਅਜੀਤ ਪਾਲ ਸਿੰਘ, ਬਲਦੇਵ ਸਿੰਘ, ਕਰਨਲ ਬਲਬੀਰ ਸਿੰਘ, ਅਜੀਤ ਸਿੰਘ ਆਦਿ ਸਟਾਰ ਖਿਡਾਰੀਆਂ ਨਾਲ ਸਜੀਆਂ ਫਿਰੋਜ਼ਪੁਰ ਤੇ ਜਲੰਧਰ ਦੀਆਂ ਟੀਮਾਂ ਪਹਿਲੇ ਤੇ ਦੂਜੇ ਸਥਾਨ 'ਤੇ ਆਈਆਂ। 1967-68 ਵਿੱਚ ਹਰਚਰਨ ਤੇਰ੍ਹਵੀਂ ਵਿੱਚ ਹੀ ਪੜ੍ਹਦਾ ਸੀ ਕਿ ਉਹ ਪ੍ਰੀ ਓਲੰਪਿਕ ਮੁਕਾਬਲੇ ਲਈ ਲੱਗੇ ਭਾਰਤੀ ਹਾਕੀ ਟੀਮ ਦੇ ਕੈਂਪ ਵਿੱਚ ਚੁਣਿਆ ਗਿਆ। ਕਾਲਜ ਪੜ੍ਹਦਿਆਂ ਹਰਚਰਨ ਨੇ 18 ਵਰ੍ਹਿਆਂ ਦੀ ਉਮਰੇ ਜਰਮਨੀ ਵਿਰੁੱਧ ਆਪਣਾ ਕੌਮਾਂਤਰੀ ਮੈਚ ਖੇਡਿਆ। ਸੰਨ੍ਹ 1969 ਵਿੱਚ ਹਰਚਰਨ ਦੀ ਕਾਲਜ ਤੋਂ ਲੈ ਕੇ ਭਾਰਤੀ ਟੀਮ ਤੱਕ ਪੂਰੀ ਗੁੱਡੀ ਚੜ੍ਹੀ। ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਕਾਲਜ ਹਾਕੀ ਮੁਕਾਬਲਿਆਂ ਵਿੱਚ ਉਸ ਵੇਲੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਚੜ੍ਹਾਈ ਹੁੰਦੀ ਸੀ ਜਿਸ ਦੀ ਅਗਵਾਈ ਸੰਸਾਰਪੁਰ ਵਾਲਾ ਅਜੀਤ ਪਾਲ ਸਿੰਘ ਕਰਦਾ ਸੀ, ਜੋ ਅੱਗੇ ਜਾ ਕੇ 1975 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਸੀ। 1969 ਵਿੱਚ ਪਹਿਲੀ ਵਾਰ ਸਪੋਰਟਸ ਕਾਲਜ ਜਲੰਧਰ ਨੇ ਹਰਚਰਨ ਦੀ ਅਗਵਾਈ ਵਿੱਚ ਲਾਇਲਪੁਰ ਖਾਲਸਾ ਕਾਲਜ ਨੂੰ ਹਰਾ ਕੇ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਖੇਡਦਿਆਂ ਉਹ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨ ਬਣਿਆ। ਕੰਬਾਈਡ ਯੂਨੀਵਰਸਿਟੀ ਵੱਲੋਂ ਉਸ ਨੇ ਨਹਿਰੂ ਹਾਕੀ ਟੂਰਨਾਮੈਂਟ ਖੇਡਿਆ। 1969 ਵਿੱਚ ਉਹ ਪੰਜਾਬ ਦੀ ਟੀਮ ਵੱਲੋਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਖੇਡਿਆ ਜਿੱਥੇ ਪੰਜਾਬ ਕੌਮੀ ਚੈਂਪੀਅਨ ਬਣਿਆ। ਇਸੇ ਸਾਲ ਅੰਮ੍ਰਿਤਸਰ ਵਿਖੇ ਭਾਰਤ ਤੇ ਕੀਨੀਆ ਵਿਚਾਲੇ ਹਾਕੀ ਮੈਚ ਖੇਡਿਆ ਜਿਸ ਵਿੱਚ ਸਭ ਤੋਂ ਵੱਧ ਵਾਹ ਵਾਹ ਹਰਚਰਨ ਨੇ ਖੱਟੀ। ਅਗਲੇ ਦਿਨ ਦੀਆਂ ਅਖਬਾਰਾਂ ਦੀ ਸੁਰਖੀਆਂ ਵਿੱਚ ਹਰਚਰਨ ਹਰਚਰਨ ਹੋ ਗਈ। ਇਸੇ ਸਾਲ ਉਸ ਨੇ ਅਹਿਮਦਾਬਾਦ ਵਿਖੇ ਕੌਮਾਂਤਰੀ ਟੂਰਨਾਮੈਂਟ ਖੇਡਿਆ। ਫੇਰ ਤਾਂ ਚੱਲ ਸੋ ਚੱਲ ਸੀ।

ਸਪੋਰਟਸ ਵੀਕ ਰਸਾਲੇ ਦੇ ਕਵਰ ਪੰਨੇ ਉਤੇ ਹਰਚਰਨ ਸਿੰਘ ਦੀ ਤਸਵੀਰ

PunjabKesari

ਹਰਚਰਨ ਲੈਫਟ ਆਊਟ ਦੀ ਪੁਜੀਸ਼ਨ ’ਤੇ ਖੇਡਦਾ, ਜਿਸ ਦਾ ਮੁੱਖ ਕੰਮ ਖੱਬੇ ਪਾਸੇ ਤੋਂ ਭਾਰਤੀ ਹਮਲਿਆਂ ਦੀ ਅਗਵਾਈ ਕਰਕੇ 'ਡੀ' ਅੰਦਰ ਕਰਾਸ ਸੁੱਟਣੇ। ਉਸ ਦੀ ਮੁੱਖ ਭੂਮਿਕਾ ਮੁੱਖ ਸਟਰਾਈਕਰਾਂ ਨੂੰ ਸਟੀਕ ਪਾਸ ਦੇਣੇ ਹੁੰਦੇ ਸੀ। ਹਰ ਗੋਲ ਵਿੱਚ ਉਸ ਦਾ ਯੋਗਦਾਨ ਹੁੰਦਾ। ਲੈਫਟ ਹਾਫ ਤੋਂ ਬਾਲ ਜਿਉਂ ਹੀ ਹਰਚਰਨ ਦੇ ਪਾਲੇ ਵਿੱਚ ਆਉਂਦੀ ਤਾਂ ਉਹ ਗੋਲੀ ਵਾਂਗ ਗੇਂਦ ਨੂੰ ਲੈ ਕੇ ਅੱਗੇ ਵਧਦਾ ਅਤੇ ਡੀ ਦੇ ਖੱਬੇ ਪਾਸੇ ਤੋਂ ਉਸ ਦੇ ਸੁੱਟੇ ਕਰਾਸ ਸੈਂਟਰ ਫਾਰਵਰਡ, ਰਾਈਟ ਤੇ ਲੈਫਟ ਇਨ ਫਾਰਵਰਡਾਂ ਲਈ ਗੋਲ ਦੀ ਗਾਰੰਟੀ ਹੁੰਦੇ ਸਨ। 1970 ਵਿੱਚ ਸਿੰਗਾਪੁਰ ਵਿਖੇ ਟੈਸਟ ਖੇਡਣ ਤੋਂ ਬਾਅਦ ਉਹ ਬੈਂਕਾਕ ਵਿਖੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਗਿਆ ਜਿੱਥੇ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਅਗਲੇ ਸਾਲ 1971 ਵਿੱਚ ਹਰਚਰਨ ਨੇ ਭਾਰਤੀ ਟੀਮ ਵੱਲੋਂ ਦੱਖਣੀ ਪੂਰਬੀ ਹਾਕੀ ਚੈਂਪੀਅਨਸ਼ਿਪ ਅਤੇ ਬਰਤਾਨੀਆ ਖਿਲਾਫ ਟੈਸਟ ਲੜੀ ਖੇਡੀ। ਇਸੇ ਸਾਲ ਹਾਕੀ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ। ਪਹਿਲਾ ਵਿਸ਼ਵ ਕੱਪ ਸਪੇਨ ਦੀ ਰਾਜਧਾਨੀ ਬਾਰਸੀਲੋਨਾ ਵਿਖੇ 15 ਤੋਂ 24 ਅਕਤੂਬਰ ਤੱਕ ਖੇਡਿਆ ਗਿਆ। ਹਰਚਰਨ ਨੇ ਵੀ ਆਪਣਾ ਪਹਿਲਾ ਵਿਸ਼ਵ ਕੱਪ ਖੇਡਿਆ। ਲੀਗ ਦੌਰ ਵਿੱਚ ਭਾਰਤ ਪਹਿਲੇ ਸਥਾਨ 'ਤੇ ਰਿਹਾ। ਸੈਮੀ ਫਾਈਨਲ ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ ਇਕ ਗੋਲ ਨਾਲ ਹਾਰ ਗਿਆ। ਤੀਜੇ ਸਥਾਨ ਵਾਲੇ ਮੈਚ ਵਿੱਚ ਭਾਰਤ ਨੇ ਕੀਨੀਆ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਪਾਕਿਸਤਾਨ ਚੈਂਪੀਅਨ ਬਣਿਆ ਤੇ ਮੇਜ਼ਬਾਨ ਸਪੇਨ ਉਪ ਜੇਤੂ ਰਿਹਾ।

ਬ੍ਰਿਗੇਡੀਅਰ ਹਰਚਰਨ ਸਿੰਘ ਦਾ ਅੰਦਾਜ਼

PunjabKesari

ਹਰਚਰਨ ਨੇ 1972 ਵਿੱਚ ਮਿਊਨਿਖ ਵਿਖੇ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਹਰਮੀਕ ਸਿੰਘ ਦੀ ਕਪਤਾਨੀ ਹੇਠ ਖੇਡੀ ਭਾਰਤੀ ਟੀਮ ਨੇ ਹਾਲੈਂਡ, ਬਰਤਾਨੀਆ, ਆਸਟਰੇਲੀਆ ਜਿਹੇ ਤਕੜੇ ਮੁਲਕਾਂ ਨੂੰ ਪਟਕਨੀ ਦੇ ਕੇ ਆਪਣੇ ਗਰੁੱਪ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਸੈਮੀ ਫਾਈਨਲ ਵਿੱਚ ਭਾਰਤ ਨਾਲ ਫੇਰ ਵਿਸ਼ਵ ਕੱਪ ਵਾਲੀ ਹੋਣੀ ਵਾਪਰੀ। ਪਾਕਿਸਤਾਨ ਹੱਥੋਂ ਹਾਰਨ ਕਰਕੇ ਭਾਰਤ ਫਾਈਨਲ ਖੇਡਣ ਤੋਂ ਖੁੰਝ ਗਿਆ। ਤੀਜੇ ਸਥਾਨ ਵਾਲੇ ਮੈਚ ਵਿੱਚ ਭਾਰਤ ਨੇ ਹਾਲੈਂਡ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਇਸੇ ਸਾਲ ਹਰਚਰਨ ਨੇ ਮਿਸਰ ਖਿਲਾਫ ਟੈਸਟ ਲੜੀ ਖੇਡੀ। 1973 ਵਿੱਚ ਦੂਜਾ ਹਾਕੀ ਵਿਸ਼ਵ ਕੱਪ ਹਾਲੈਂਡ ਦੇ ਸ਼ਹਿਰ ਐਮਸਟਲਵੀਨ ਵਿਖੇ ਖੇਡਿਆ ਗਿਆ। ਹਰਚਰਨ ਸੁਭਾਅ ਦਾ ਚਿੜ੍ਹਾ ਹੋਣ ਕਰਕੇ ਗਿੱਟੇ 'ਤੇ ਲੱਗੀ ਸੱਟ ਦੇ ਬਾਵਜੂਦ ਵਿਸ਼ਵ ਕੱਪ ਖੇਡਿਆ। ਲੀਗ ਦੌਰ ਵਿੱਚ ਭਾਰਤੀ ਟੀਮ ਪੱਛਮੀ ਜਰਮਨੀ ਤੇ ਨਿਊਜ਼ੀਲੈਂਡ ਨਾਲ ਬਰਾਬਰੀ ਖੇਡਣ ਕਰਕੇ ਦੂਜੇ ਨੰਬਰ 'ਤੇ ਰਹਿ ਗਈ। ਸੈਮੀ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਐਤਕੀਂ ਫੇਰ ਪਾਕਿਸਤਾਨ ਨਾਲ ਹੋਇਆ। ਵਿਸ਼ਵ ਕੱਪ ਤੇ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿੱਚ ਪਿਛਲੀਆਂ ਦੋ ਹਾਰਾਂ ਦਾ ਬਦਲਾ ਲੈਂਦਿਆ ਭਾਰਤ ਨੇ ਇਸ ਵਾਰ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਦੀ ਟਿਕਟ ਕਟਾਈ। ਹਰਚਰਨ ਦੇ ਨਕਸ਼ੇ ਕਦਮਾਂ 'ਤੇ ਚੱਲੇ ਭਾਰਤੀ ਹਾਕੀ ਟੀਮ ਵਿੱਚ ਆਏ ਗੁਰਾਦਸਪੁਰੀਏ ਸੁਰਜੀਤ ਸਿੰਘ ਦੇ ਗੋਲ ਬਦੌਲਤ ਫਾਈਨਲ ਵਿੱਚ ਮੇਜ਼ਬਾਨ ਹਾਲੈਂਡ ਖਿਲਾਫ ਇਕ ਵਾਰ ਲੀਡ ਵੀ ਲੈ ਲਈ ਸੀ ਅਤੇ ਫੇਰ ਮੁਕਾਬਲਾ ਬਰਾਬਰ ਹੋ ਗਿਆ। ਟਾਈਬ੍ਰੇਕਰ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਪ ਜੇਤੂ ਰਹਿੰਦਿਆਂ ਚਾਂਦੀ ਦੇ ਤਮਗੇ 'ਤੇ ਸਬਰ ਕਰਨਾ ਪਿਆ।

ਬ੍ਰਿਗੇਡੀਅਰ ਹਰਚਰਨ ਸਿੰਘ  

PunjabKesari

ਸਾਲ 1974 ਵਿੱਚ ਹਰਚਰਨ ਨੇ ਭਾਰਤੀ ਟੀਮ ਵੱਲੋਂ ਅਰਜਨਟੀਨਾ ਤੇ ਫਰਾਂਸ ਖਿਲਾਫ ਟੈਸਟ ਲੜੀਆਂ ਖੇਡੀਆਂ। ਇਸੇ ਸਾਲ ਤਹਿਰਾਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਨੇ ਲੀਗ ਦੌਰ ਵਿੱਚ ਪਾਕਿਸਤਾਨ ਨਾਲ ਬਰਾਬਰੀ 'ਤੇ ਮੈਚ ਖੇਡਿਆ। ਫਾਈਨਲ ਵਿੱਚ ਪਾਕਿਸਤਾਨ ਹੱਥੋਂ ਹਾਰਨ ਕਰਕੇ ਭਾਰਤ ਨੂੰ ਫੇਰ ਚਾਂਦੀ ਦੇ ਤਮਗੇ ’ਤੇ ਸਬਰ ਕਰਨਾ ਪਿਆ। ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਦਾ ਸਮੀਉੱਲਾ ਖਾਨ ਧੂੰਆਂਧਾਰ ਲੈਫਟ ਵਿੰਗਰ ਬਣ ਕੇ ਉਭਰਿਆ। ਸਮੀਉੱਲਾ ਤੇ ਹਰਚਰਨ ਵਿਚਾਲੇ ਇਥੋਂ ਦੁਨੀਆਂ ਦੇ ਬਿਹਤਰੀਨ ਲੈਫਟ ਆਊਟ ਵਿਚਾਲੇ ਮੁਕਾਬਲੇਬਾਜ਼ੀ ਦਾ ਦੌਰ ਸ਼ੁਰੂ ਹੋਇਆ। ਹਰਚਰਨ ਤੇ ਸਮੀਉੱਲਾ ਦੋਵੇਂ ਗਰਾਊਂਡ ਤੋਂ ਬਾਹਰ ਇਕ-ਦੂਜੇ ਦੇ ਗੂੜ੍ਹੇ ਦੋਸਤ ਹੁੰਦੇ ਪਰ ਹਾਕੀ ਮੈਦਾਨ ਵਿੱਚ ਉਨ੍ਹਾਂ ਦੀ ਮੁਕਾਬਲਾ ਇੰਝ ਹੁੰਦਾ ਜਿਵੇਂ ਕੋਈ ਵਿਅਕਤੀਗਤ ਖੇਡ ਹੋਵੇ। ਭਾਰਤੀ ਹਾਕੀ ਟੀਮ ਕਈ ਸਾਲਾਂ ਤੋਂ ਵਿਸ਼ਵ ਦੇ ਹਰ ਵੱਡੇ ਟੂਰਨਾਮੈਂਟ (ਓਲੰਪਿਕ ਖੇਡਾਂ/ਵਿਸ਼ਵ ਕੱਪ/ਏਸ਼ਿਆਈ ਖੇਡਾਂ) ਦੇ ਫਾਈਨਲ ਜਾਂ ਸੈਮੀ ਫਾਈਨਲ ਵਿੱਚ ਹਾਰ ਜਾਂਦੀ। 1964 ਦੀਆਂ ਟੋਕੀਓ ਓਲੰਪਿਕ ਖੇਡਾਂ ਅਤੇ 1966 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਤੋਂ ਬਾਅਦ ਭਾਰਤੀ ਟੀਮ ਸੋਨ ਤਮਗੇ ਨੂੰ ਤਰਸ ਰਹੀ ਸੀ।

ਬ੍ਰਿਗੇਡੀਅਰ ਹਰਚਰਨ ਸਿੰਘ ਦੀ ਵੱਖਰੇ ਅੰਦਾਜ਼ ’ਚ ਤਸਵੀਰ

PunjabKesari

1975 ਵਿੱਚ ਤੀਜਾ ਵਿਸ਼ਵ ਕੱਪ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੰਪਰ ਵਿਖੇ ਖੇਡਿਆ ਜਾਣਾ ਸੀ। ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਭਾਰਤੀ ਹਾਕੀ ਟੀਮ ਦੇ ਕੈਂਪ ਦੀ ਜ਼ਿੰਮਵਾਰੀ ਪੰਜਾਬ ਸਰਕਾਰ ਵੱਲੋਂ ਓਟ ਲਈ ਲਈ। ਚੰਡੀਗੜ੍ਹ ਲਗਾਏ ਭਾਰਤੀ ਹਾਕੀ ਦੇ ਕੈਂਪ ਦੀ ਕਮਾਨ ਓਲੰਪਿਕ ਖੇਡਾਂ ਵਿੱਚ 3 ਸੋਨ ਤਮਗੇ ਜਿੱਤਣ ਵਾਲੇ ਦੁਨੀਆਂ ਦੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਕੋਲ ਸੀ। ਟੀਮ ਦਾ ਕਪਤਾਨ ਸੰਸਾਰਪੁਰੀਆ ਅਜੀਤ ਪਾਲ ਸਿੰਘ ਸਨ। ਹਰਚਰਨ ਸਿੰਘ ਦੱਸਦਾ ਹੈ ਕਿ ਉਸ ਵੇਲੇ ਕੈਂਪ ਤੋਂ ਹੀ ਭਾਰਤੀ ਟੀਮ ਅੰਦਰ ਇਹੋ ਮਾਹੌਲ ਸੀ ਕਿ ਐਤਕੀਂ ਸੋਨੇ ਦੇ ਤਮਗੇ ਤੋਂ ਘੱਟ ਵਾਪਸ ਨਹੀਂ ਮੁੜਨਾ। ਟੀਮ ਨੂੰ ਵੀ ਇਹੋ ਲੱਗਦਾ ਸੀ ਕਿ ਜੇ ਐਤਕੀਂ ਖੁੰਝ ਗਏ ਤਾਂ ਫੇਰ ਵਿਸ਼ਵ ਕੱਪ ਜਿੱਤਣਾ ਸੌਖਾ ਨਹੀਂ। ਬਲਬੀਰ ਸਿੰਘ ਸੀਨੀਅਰ ਨੇ ਆਪਣੀਆਂ ਹਾਕੀ ਜੁਗਤਾਂ ਦੇ ਨਾਲ ਖਿਡਾਰੀਆਂ ਦਾ ਮਨੋਬਲ ਉਚਾ ਚੁੱਕਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਬੁਲੰਦ ਹੌਸਲਿਆਂ ਨਾਲ ਲਬਰੇਜ਼ ਭਾਰਤੀ ਟੀਮ ਕੁਆਲਾ ਲੰਪਰ ਪੁੱਜੀ। ਵਿਸ਼ਵ ਕੱਪ ਦੇ ਪੂਲ ਬੀ ਵਿੱਚ ਭਾਰਤੀ ਟੀਮ ਸਿਖਰ 'ਤੇ ਰਹੀ। ਹਰਚਰਨ ਨੇ ਨਿਊਜ਼ੀਲੈਂਡ ਤੇ ਅਰਜਨਟੀਨਾ ਖਿਲਾਫ ਮੈਚਾਂ ਵਿੱਚ ਇਕ-ਇਕ ਗੋਲ ਕੀਤਾ। ਸੈਮੀ ਫਾਈਨਲ ਮੈਚ ਮੇਜ਼ਬਾਨ ਮਲੇਸ਼ੀਆ ਖਿਲਾਫ ਸੀ, ਜਿਸ ਨੂੰ ਭਾਰਤੀ ਟੀਮ ਵਿਸ਼ਵ ਚੈਂਪੀਅਨ ਬਣਨ ਦੇ ਆਪਣੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਮਨ ਰਹੀ ਸੀ। ਮਲੇਸ਼ੀਆ 2-1 ਨਾਲ ਅੱਗੇ ਚੱਲ ਰਿਹਾ ਸੀ। ਮੈਚ ਖਤਮ ਹੋਣ ਤੋਂ 5 ਮਿੰਟਾਂ ਪਹਿਲਾ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। ਬਲਬੀਰ ਸਿੰਘ ਸੀਨੀਅਰ ਨੇ ਬੈਚ 'ਤੇ ਬੈਠੇ ਅਸਲਮ ਸ਼ੇਰ ਖਾਨ ਨੂੰ ਥਾਪੀ ਦੇ ਕੇ ਮੈਦਾਨ ਵਿੱਚ ਘੱਲਿਆ ਤੇ ਅਸਲਮ ਨੇ ਤਵੀਤ ਚੁੰਮ ਕੇ ਅਜਿਹੀ ਹਿੱਟ ਲਗਾਈ ਕਿ ਮੈਚ 2-2 ਨਾਲ ਬਰਾਬਰ ਕਰ ਦਿੱਤਾ। ਵਾਧੂ ਸਮੇਂ ਵਿੱਚ ਗਏ ਮੈਚ ਵਿੱਚ ਦੋਵੇਂ ਟੀਮਾਂ ਗੋਲ ਕਰਨ ਲਈ ਪੂਰਾ ਟਿੱਲ ਲਾ ਰਹੀਆਂ ਸਨ। ਅਖੀਰ 79ਵੇਂ (ਵਾਧੂ ਸਮੇਂ ਦੇ 9ਵੇਂ) ਮਿੰਟ ਵਿੱਚ ਹਰਚਰਨ ਨੇ ਗੋਲਡਨ ਗੋਲ ਕਰਦਿਆਂ ਭਾਰਤੀ ਟੀਮ ਨੂੰ ਫਾਈਨਲ ਦੀ ਟਿਕਟਾ ਕਟਾ ਦਿੱਤੀ।

ਹਾਕੀ ਮੈਦਾਨ ਵਿੱਚ ਐਕਸ਼ਨ 'ਚ ਹਰਚਰਨ ਸਿੰਘ

PunjabKesari

ਭਾਰਤ ਲਗਾਤਾਰ ਦੂਜੇ ਵਿਸ਼ਵ ਕੱਪ ਵਿੱਚ ਫਾਈਨਲ ਖੇਡ ਰਿਹਾ ਸੀ। ਫਾਈਨਲ ਮੁਕਾਬਲਾ ਵੀ ਪਾਕਿਸਤਾਨ ਨਾਲ ਸੀ। ਭਾਰਤ ਤਹਿਰਾਨ ਏਸ਼ੀਆਡ ਦੀ ਹਾਰ ਦਾ ਬਦਲਾ ਲੈਣ ਲਈ ਉਤਾਰੂ ਸੀ। ਹਰਚਰਨ ਸਿੰਘ ਦੱਸਦੇ ਹਨ ਕਿ ਬਲਬੀਰ ਸਿੰਘ ਦੇ ਹੌਸਲਾ ਵਧਾਉਣ ਦਾ ਸਟਾਈਲ ਹੀ ਵੱਖਰਾ ਸੀ। ਫਾਈਨਲ ਤੋਂ ਪਹਿਲੀ ਰਾਤ ਬਲਬੀਰ ਸਿੰਘ ਨੇ ਹਰਚਰਨ ਨੂੰ ਥਾਪੀ ਦਿੰਦੇ ਕਿਹਾ, ''ਪਾਕਿਸਤਾਨ ਖਿਲਾਫ ਤਾਂ ਸਾਡਾ ਕੈਪਟਨ (ਫੌਜ ਦਾ ਕੈਪਟਨ) ਹੀ ਕਾਫੀ ਹੈ। ਸਾਡਾ ਹਰਚਰਨ ਸ਼ੇਰ ਹੈ ਸ਼ੇਰ।'' ਬਲਬੀਰ ਸਿੰਘ ਨੂੰ ਹਰਚਰਨ ਉਪਰ ਮਾਣ ਵੀ ਬਹੁਤ ਸੀ। ਉਸ ਸਮੇਂ ਭਾਰਤੀ ਟੀਮ ਦੀ ਡਰੈਸ ਵਿੱਚ ਪੱਗ ਦਾ ਰੰਗ ਵੀ ਲਾਲ ਰੱਖਿਆ ਗਿਆ ਜੋ ਕਿ ਫੌਜ ਦੇ ਰੰਗ ਤੋਂ ਲਿਆ ਗਿਆ। ਫਾਈਨਲ ਮੈਚ ਲਈ ਅਜੀਤ ਪਾਲ ਦੀ ਅਗਵਾਈ ਵਿੱਚ ਪੂਰੀ ਟੀਮ ਕੁਝ ਕਰ ਗੁਜ਼ਰਨ ਦੇ ਇਰਾਦੇ ਨਾਲ ਮੇਰਡੇਕਾ ਸਟੇਡੀਅਮ ਵਿੱਚ ਉਤਰੀ। ਪਾਕਿਸਤਾਨ ਨੇ 17ਵੇਂ ਮਿੰਟ ਵਿੱਚ ਮੁਹੰਮਦ ਜ਼ਾਹਿਦ ਸ਼ੇਖ ਦੇ ਗੋਲ ਨਾਲ ਲੀਡ ਲੈ ਲਈ। ਦੂਜੇ ਅੱਧ ਵਿੱਚ ਸੁਰਜੀਤ ਨੇ 44ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਬਰਾਬਰੀ 'ਤੇ ਲੈ ਆਂਦਾ। 51ਵੇਂ ਮਿੰਟ ਵਿੱਚ ਲੌਂਗ ਕਾਰਨਰ ਉਤੇ ਹਰਚਰਨ ਵੱਲੋਂ ਦਿੱਤੇ ਪਾਸ 'ਤੇ ਧਿਆਨ ਚੰਦ ਦੇ ਪੁੱਤਰ ਅਸ਼ੋਕ ਕੁਮਾਰ ਨੇ ਗੋਲ ਵਿੱਚ ਬਦਲਣ ਵਿੱਚ ਦੇਰ ਨਾ ਲਾਈ। ਆਖਰ ਭਾਰਤ ਨੇ ਸੋਨੇ ਦਾ ਤਮਗਾ ਜਿੱਤਦਿਆਂ ਪਹਿਲੀ ਵਾਰ ਵਿਸ਼ਵ ਕੱਪ ਝੋਲੀ ਪਾਇਆ। ਦੁਨੀਆ ਦਾ ਸਿਖਰਲੇ ਲੈਫਟ ਆਊਟ ਲਈ ਚੱਲਦੀ ਬਹਿਸ ਵਿੱਚ ਹਾਕੀ ਪ੍ਰੇਮੀ ਹਰਚਰਨ ਨੂੰ ਸਮੀਉੱਲਾ ਤੋਂ ਅੱਗੇ ਮੰਨਣ ਲੱਗੇ। ਭਾਰਤੀ ਹਾਕੀ ਦਾ ਇਹ ਪਲੇਠਾ ਤੇ ਹੁਣ ਤੱਕ ਦਾ ਇਕਲੌਤਾ ਵਿਸ਼ਵ ਖਿਤਾਬ ਹੈ। ਹਰਚਰਨ ਹੁਰੀਂ ਜੱਗ ਜੇਤੂ ਬਣ ਕੇ ਭਾਰਤ ਪਰਤੇ। ਪੂਰੇ ਦੇਸ਼ ਵਿੱਚ ਜਸ਼ਨਾਂ ਦਾ ਮਾਹੌਲ ਸੀ ਅਤੇ ਥਾਓ-ਥਾਈਂ ਟੀਮ ਦੇ ਸਨਮਾਨ ਵਿੱਚ ਸਮਾਗਮ ਹੋਏ। ਫਿਲਮੀ ਅਭਿਨੇਤਾ ਖਿਡਾਰੀਆਂ ਨਾਲ ਤਸਵੀਰਾਂ ਖਿਚਵਾਉਂਦੇ ਰਹੇ। ਹਰਚਰਨ ਦੱਸਦਾ ਹੈ ਕਿ ਵਿਸ਼ਵ ਕੱਪ ਦਾ ਪੂਰਾ ਸਫਰ ਹੀ ਸ਼ਾਨਦਾਰ ਰਿਹਾ। ਮੈਚ ਖੇਡਣ ਜਾਂਦੇ ਹੋਏ ਬੱਸ ਵਿੱਚ ਸਾਰੀ ਟੀਮ 'ਰੰਗ ਦੇ ਬਸੰਤੀ ਚੋਲਾ' ਗਾਉਂਦੀ। ਕਿਤੇ ਕਿਤੇ ਪੰਜਾਬੀ ਖਿਡਾਰੀਆਂ ਨੇ ਬੋਲੀਆਂ ਤੇ ਭੰਗੜੇ ਵੀ ਪਾਉਣੇ। ਭੰਗੜਾ ਪਾਉਣ ’ਚ ਹਰਚਰਨ ਸਭ ਤੋਂ ਮੋਹਰੀ ਹੁੰਦਾ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਜਦੋਂ ਮੇਰਡੇਕਾ ਸਟੇਡੀਅਮ ਵਿਖੇ ਜੇਤੂ ਗੇੜਾ ਲਾ ਰਹੀ ਸੀ ਤਾਂ ਹਰਚਰਨ ਤਿਰੰਗਾ ਝੰਡਾ ਫੜੀ ਸਭ ਤੋਂ ਅੱਗੇ ਦੌੜ ਰਿਹਾ ਸੀ।

ਹਰਚਰਨ ਸਿੰਘ ਤੇ ਪਾਕਿਸਤਾਨੀ ਖਿਡਾਰੀ ਸਮੀਉੱਲਾ ਖਾਨ ਦੀ 1974 ਤੇ 2005 ਦੀਆਂ ਸਾਂਝੀਆਂ ਤਸਵੀਰਾਂ

PunjabKesari

ਵਿਸ਼ਵ ਕੱਪ ਦੀ ਜਿੱਤ ਨੂੰ 45 ਸਾਲ ਹੋ ਗਏ। ਹਰ ਸਾਲ 15 ਮਾਰਚ ਨੂੰ ਜਦੋਂ ਵੀ ਭਾਰਤ ਦੇ ਵਿਸ਼ਵ ਚੈਂਪੀਅਨ ਬਣਨ ਦੀ ਵਰ੍ਹੇਗੰਢ ਆਉਂਦੀ ਹੈ ਤਾਂ ਹਰਚਰਨ ਵਿੱਚ ਲਿਖਾਰੀ ਵਾਲੇ ਗੁਣ ਜਾਗ ਪੈਂਦੇ ਹਨ ਅਤੇ ਉਹ ਕਿਸੇ ਨਾ ਕਿਸੇ ਅੰਗਰੇਜ਼ੀ ਜਾਂ ਪੰਜਾਬੀ ਅਖਬਾਰ ਵਿੱਚ 1975 ਵਿਸ਼ਵ ਕੱਪ ਦੀ ਜਿੱਤ ਦੇ ਤਜ਼ਰਬਿਆਂ ਬਾਰੇ ਆਰਟੀਕਲ ਲਿਖਦਾ। ਹਰਚਰਨ ਹਾਕੀ ਮੈਦਾਨ ਦੇ ਪਲਾਂ ਨੂੰ ਆਪਣੀ ਕਲਮ ਨਾਲ ਕਾਗਜ਼ ਉਤੇ ਇੰਝ ਪਰੋ ਕੇ ਲਿਖਦਾ ਜਿਵੇਂ ਹਾਕੀ ਖੇਡ ਰਿਹਾ ਹੋਵੇ। ਜਿਵੇਂ ਲੈਫਟ ਤੋਂ ਦਿੱਤੇ ਉਸ ਦੇ ਸਟੀਕ ਪਾਸ ਨੂੰ ਸੈਂਟਰ ਫਾਰਵਰਡ ਗੋਲ ਕਰਨ ਲਈ ਅਸਾਨੀ ਨਾਲ ਬੋਚ ਲੈਂਦਾ ਉਵੇਂ ਹੀ ਉਸ ਦੇ ਲਿਖੇ ਸ਼ਬਦਾਂ ਨੂੰ ਪਾਠਕ ਵੀ ਆਸਾਨੀ ਨਾਲ ਬੋਚਦੇ ਹੀ ਵਿਸ਼ਵ ਕੱਪ ਦੇ ਨਜ਼ਾਰਿਆਂ ਵਿੱਚ ਗੁਆਚ ਜਾਂਦੇ। ਵਿਸ਼ਵ ਕੱਪ ਦੀ ਜਿੱਤ ਲਈ ਹਰਚਰਨ ਬਲਬੀਰ ਸਿੰਘ ਸੀਨੀਅਰ ਤੇ ਕੋਚ ਜੀ.ਐਸ.ਬੋਧੀ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਉਂਦਾ। ਇਕੇਰਾਂ ਜਲੰਧਰ ਵਿਖੇ ਵਰਿੰਦਰ ਸਿੰਘ ਦੀ ਰਿਟਾਇਰਮੈਂਟ ਵੇਲੇ ਅਸਲਮ ਸ਼ੇਰ ਖਾਨ ਆਇਆ ਤਾਂ ਉਸ ਵੇਲੇ ਮੇਰੇ ਪਿਤਾ ਜੀ ਵੀ ਉਥੇ ਮੌਜੂਦ ਸਨ। ਉਸ ਮਿਲਣੀ ਅਤੇ 1975 ਵਿਸ਼ਵ ਕੱਪ ਦੀਆਂ ਯਾਦਾਂ ਬਾਰੇ ਮੇਰੇ ਪਿਤਾ ਜੀ ਜਦੋਂ ਇਕ ਲੇਖ ਲਿਖਿਆ ਤਾਂ ਮੇਰੇ ਪਿਤਾ ਜੀ ਨੂੰ ਸਭ ਤੋਂ ਪਹਿਲਾਂ ਵਧਾਈ ਹਰਚਰਨ ਸਿੰਘ ਨੇ ਦਿੱਤੀ। ਉਹ ਚੰਗਾ ਖਿਡਾਰੀ, ਲਿਖਾਰੀ ਦੇ ਨਾਲ ਪਾਠਕ ਵੀ ਹੈ।

ਬਾਲੀਵੁੱਡ ਕਲਾਕਾਰਾਂ ਵਿੱਚ ਹਾਕੀ ਖਿਡਾਰੀਆਂ ਦੀ ਦੀਵਾਨਗੀ ਦੀ ਇਕ ਝਲਕ

PunjabKesari

ਹਰਚਰਨ ਨੇ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਤੋਂ ਬਾਅਦ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ। 1978 ਵਿੱਚ ਬਿਓਨਸ ਆਇਰਸ ਵਿਖੇ ਹੋਏ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਹਰਚਰਨ ਦਾ ਬਦਲ ਨਹੀਂ ਲੱਭ ਰਿਹਾ ਸੀ। ਉਸ ਵੇਲੇ ਭਾਰਤੀ ਟੀਮ ਨੇ ਹਰਚਰਨ ਨੂੰ ਟੀਮ ਵਿੱਚ ਵਾਪਸੀ ਦਾ ਸੱਦਾ ਵੀ ਦਿੱਤਾ ਪਰ ਉਸ ਵੇਲੇ ਉਹ ਭਾਰਤੀ ਸੈਨਾ ਵਿੱਚ ਆਪਣੀਆਂ ਵਿਭਾਗੀ ਤਰੱਕੀ ਪ੍ਰੀਖਿਆਵਾਂ ਦੇ ਰਿਹਾ ਸੀ। ਇਕ ਦਹਾਕਾ ਹਾਕੀ ਖੇਡਣ ਵਾਲੇ ਹਰਚਰਨ ਨੇ ਉਦੋਂ ਮਨ ਬਣਾ ਲਿਆ ਸੀ ਕਿ ਹੁਣ ਫੌਜ ਵਿੱਚ ਸੇਵਾ ਕਰਨੀ ਹੈ ਜਿਸ ਕਾਰਨ ਉਸ ਨੇ ਟੀਮ ਵਿੱਚ ਖੇਡਣ ਦੀ ਪੇਸ਼ਕਸ਼ ਠੁਕਰਾ ਦਿੱਤੀ। ਹਰਚਰਨ ਦੱਸਦਾ ਹੈ ਕਿ ਹਾਕੀ ਲਈ ਜਿੰਨਾ ਉਸ ਨੇ ਸਮਾਂ ਦੇਣਾ ਸੀ, ਉਹ ਦੇ ਦਿੱਤਾ ਅਤੇ ਹੁਣ ਮੌਕਾ ਸੀ ਫੌਜ ਦੀ ਸੇਵਾ ਕਰਨ ਦਾ ਹੈ। ਉਹ ਦੱਸਦਾ ਹੈ ਕਿ ਇਕੋ ਵੇਲੇ ਇਕੋ ਪਾਸੇ ਧਿਆਨ ਦਿੱਤਾ ਜਾ ਸਕਦਾ ਹੈ।

 

PunjabKesari

ਹਾਕੀ ਵਿੱਚ ਹਰਚਰਨ ਨੇ ਕੌਮੀ ਪੱਧਰ 'ਤੇ ਵੀ ਵੱਡੀਆਂ ਮੱਲਾਂ ਮਾਰੀਆਂ। 1969 ਤੋਂ 1972 ਤੱਕ ਲਗਾਤਾਰ ਚਾਰ ਸਾਲ ਉਹ ਪੰਜਾਬ ਵੱਲੋਂ ਖੇਡਿਆ ਅਤੇ ਚਾਰੇ ਵਾਰ ਪੰਜਾਬ ਕੌਮੀ ਚੈਂਪੀਅਨ ਬਣਿਆ। 1973 ਵਿੱਚ ਉਹ ਭਾਰਤੀ ਸੈਨਾ ਵਿੱਚ ਕਮਿਸ਼ਨਡ ਹੋ ਗਿਆ। ਪਹਿਲੇ ਹੀ ਸਾਲ ਹੀ ਸੈਨਾ ਦੀ ਟੀਮ ਕੌਮੀ ਚੈਂਪੀਅਨ ਬਣ ਗਈ। ਹਰਚਰਨ 1982 ਤੱਕ ਸੈਨਾ ਵੱਲੋਂ ਖੇਡਿਆ, ਉਸ ਤੋਂ ਬਾਅਦ ਉਸ ਨੇ ਬਤੌਰ ਮੈਨੇਜਰ ਜਾਂ ਕੋਚ ਵਜੋਂ ਸੇਵਾਵਾਂ ਨਿਭਾਈਆਂ। ਉਹ ਖੜਗਵਾਸਲਾ (ਪੁਣੇ) ਵਿਖੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਚਾਰ ਸਾਲ ਇੰਸਪੈਕਟਰ ਵੀ ਲੱਗੇ ਰਹੇ ਅਤੇ ਇਸ ਵੱਕਾਰੀ ਸੰਸਥਾ ਵਿੱਚ ਇਸ ਅਹਿਮ ਅਹੁਦੇ 'ਤੇ ਤਾਇਨਾਤ ਹੋਣਾ ਮਾਣ ਵਾਲੀ ਗੱਲ ਹੈ। ਹਰਚਰਨ ਸਿੰਘ 2006 ਵਿੱਚ ਉਹ ਬ੍ਰਿਗੇਡੀਅਰ ਵਜੋਂ ਸੇਵਾ ਮੁਕਤ ਹੋਏ। ਭਾਰਤੀ ਸੈਨਾ ਵਿੱਚ 33 ਸਾਲ ਸੇਵਾਵਾਂ ਨਿਭਾਉਣ ਵਾਲੇ ਹਰਚਰਨ ਨੇ ਕਾਲਜ ਦੀ ਪੜ੍ਹਾਈ ਉਪਰੰਤ ਬੀ.ਐਸ.ਐਫ. ਵੀ ਜੁਆਇਨ ਕੀਤੀ ਸੀ ਜਿੱਥੇ ਉਨ੍ਹਾਂ ਤਿੰਨ ਸਾਲ ਸੇਵਾਵਾਂ ਨਿਭਾਈਆਂ।

PunjabKesari

ਦੋ ਦਹਾਕਿਆਂ ਬਾਅਦ ਹਰਚਰਨ ਭਾਰਤੀ ਹਾਕੀ ਨਾਲ 1998-99 ਵਿੱਚ ਮੁੜ ਜੁੜਿਆ। ਇਸ ਵਾਰ ਉਸ ਨੂੰ ਮੁੱਖ ਕੋਚ ਦੀ ਜ਼ਿੰਮੇਵਾਰੀ ਸੌਂਪੀ ਗਈ। ਹਰਚਰਨ ਦੀ ਕੋਚਿੰਗ ਹੇਠ ਭਾਰਤੀ ਟੀਮ ਨੇ ਜਰਮਨੀ ਤੇ ਬੈਲਜੀਅਮ ਦੇ ਦੌਰੇ ਕੀਤੇ। 1999 ਵਿੱਚ ਜਦੋਂ ਕਾਰਗਿਲ ਦੀ ਜੰਗ ਛਿੜੀ ਤਾਂ ਹਰਚਰਨ ਦੀ ਬ੍ਰਿਗੇਡ ਪੂਰਬੀ ਕਮਾਂਡ ਵਿੱਚ ਸਿਲੀਗੁੜੀ ਵਿਖੇ ਤਾਇਨਾਤ ਸੀ। ਬ੍ਰਿਗੇਡ ਨੇ ਉਤਰੀ ਕਮਾਂਡ ਵਿੱਚ ਜੰਮੂ ਸੈਕਟਰ ਲਈ ਰਵਾਨਾ ਹੋਣਾ ਸੀ। ਹਰਚਰਨ ਉਸ ਵੇਲੇ ਬਰਸੱਲਜ਼ ਵਿਖੇ ਭਾਰਤੀ ਟੀਮ ਨਾਲ ਸੀ। ਕਾਰਗਿਲ ਜੰਗ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤੀ ਫੌਜ ਵੱਲੋਂ ਹਰਚਰਨ ਨੂੰ ਬੁਲਾਇਆ ਗਿਆ। ਹਰਚਰਨ ਨੇ ਅਗਲੇ ਹੀ ਦਿਨ ਫਲਾਈਟ ਫੜ ਕੇ ਹਾਕੀ ਟੀਮ ਦੀ ਬਜਾਏ ਆਪਣੀ ਬ੍ਰਿਗੇਡ ਦੀ ਕਮਾਨ ਸਾਂਭ ਲਈ। ਉਸ ਦੀ ਅਗਵਾਈ ਵਿੱਚ ਬ੍ਰਿਗੇਡ ਜੰਮੂ ਪੁੱਜੀ। ਹਰਚਰਨ ਹਮੇਸ਼ਾ ਹੀ ਦਲਾਂ ਦਾ ਮੋਹਰੀ ਰਿਹਾ ਚਾਹੇ ਉਹ ਹਾਕੀ ਟੀਮ ਵਿੱਚ ਹਮਲਿਆਂ ਦਾ ਹੋਵੇ ਜਾਂ ਫੇਰ ਫੌਜ ਵਿੱਚ ਮੋਰਚਿਆਂ ਦਾ ਹੋਵੇ।

ਖੇਡ ਦੇ ਮੈਦਾਨ ਵਿਚ ਆਪਣੀ ਟੀਮ ਨਾਲ ਖੇਡਦੇ ਹੋਏ

PunjabKesari

ਹਰਚਰਨ ਸਿੰਘ ਨੂੰ 1978 ਵਿੱਚ ਭਾਰਤ ਸਰਕਾਰ ਵੱਲੋਂ ਖੇਡ ਪ੍ਰਾਪਤੀਆਂ ਬਦਲੇ ਅਰਜੁਨਾ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ ਉਸ ਵੇਲੇ ਦੇ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਹੱਥੋਂ ਮਿਲਿਆ। ਪਿਤਾ ਦਰਸ਼ਨ ਸਿੰਘ ਚਾਦਰਾ ਬੰਨ੍ਹੀ ਮਾਣ ਨਾਲ ਪੂਰੇ ਪਰਿਵਾਰ ਸਮੇਤ ਰਾਸ਼ਟਰਪਤੀ ਭਵਨ ਵਿਖੇ ਹੋਏ ਸਮਾਰੋਹ ਦੌਰਾਨ ਹਾਜ਼ਰ ਸਨ। ਉਸ ਵੇਲੇ ਫੀਲਡ ਮਾਰਸ਼ਲ ਐਸ.ਐਚ.ਐਫ.ਜੇ. ਮਾਣਕਸ਼ਾਹ ਨੇ ਹਰਚਰਨ ਨੂੰ ਵੀ ਥਾਪੀ ਦਿੱਤੀ ਅਤੇ ਹਰਚਰਨ ਦੇ ਪਿਤਾ ਨੂੰ ਵੀ ਸ਼ੇਰ ਪੁੱਤਰ ਦੀਆਂ ਪ੍ਰਾਪਤੀਆਂ ਲਈ ਸ਼ਾਬਾਸ਼ ਦਿੱਤੀ। ਜਿੰਨੀ ਖੁਸ਼ੀ ਹਰਚਰਨ ਦੇ ਪਿਤਾ ਨੂੰ ਸੀ ਉਨੀ ਹੀ ਉਸ ਦੇ ਨੰਨ੍ਹੇ ਬੇਟੇ ਦਿਲਚਰਨਜੀਤ ਨੂੰ। ਪਿਤਾ ਚਾਈਂ ਚਾਈਂ ਫੌਜ ਮੁਖੀ ਨੂੰ ਮਿਲ ਰਿਹਾ ਸੀ ਅਤੇ ਬੇਟਾ ਅਰਜੁਨਾ ਐਵਾਰਡ ਦੀ ਟਰਾਫੀ ਨੂੰ ਗੋਦੀ ਵਿੱਚ ਚੁੱਕੀ ਖੁਸ਼ ਹੋ ਰਿਹਾ ਸੀ। ਹਰਚਰਨ ਅਰਜੁਨਾ ਐਵਾਰਡ ਹਾਸਲ ਕਰਨ ਵਾਲਾ ਸਪੋਰਟਸ ਕਾਲਜ ਜਲੰਧਰ ਦਾ ਦੂਜਾ ਵਿਦਿਆਰਥੀ ਹੈ। ਕਰਨਲ ਬਲਬੀਰ ਸਿੰਘ ਪਹਿਲੇ ਵਿਦਿਆਰਥੀ ਸਨ। ਉਸ ਤੋਂ ਬਾਅਦ ਸਪੋਰਟਸ ਕਾਲਜ ਦੇ ਵਿਦਿਆਰਥੀਆਂ ਵਿੱਚੋਂ ਸੁਰਜੀਤ ਸਿੰਘ ਤੇ ਬਲਦੇਵ ਸਿੰਘ ਨੂੰ ਅਰਜੁਨਾ ਐਵਾਰਡ ਮਿਲਿਆ।

ਬਾਲੀਵੁੱਡ ਕਲਾਕਾਰਾਂ ਵਿੱਚ ਹਾਕੀ ਖਿਡਾਰੀਆਂ ਦੀ ਦੀਵਾਨਗੀ ਦੀ ਪੇਸ਼ ਇਕ ਝਲਕ

PunjabKesari

ਹਰਚਰਨ ਸਿੰਘ ਨੂੰ ਸਾਲ 1981 ਵਿੱਚ ਫੌਜ ਵਿੱਚ ਸੇਵਾਵਾਂ ਨਿਭਾਉਣ ਲਈ ਵਿਸ਼ਿਸ਼ਟ ਸੇਵਾ ਮੈਡਲ ਮਿਲਿਆ। ਇਕ ਮੈਚ ਦੌਰਾਨ ਹਰਚਰਨ ਵੱਲੋਂ ਗੋਲ ਕਰਨ ਲਈ ਹਵਾ ਵਿੱਚ ਲਗਾਈ ਛਲਾਂਗ ਦੀ ਤਸਵੀਰ ਉਸ ਦੀ ਕੋਰ 'ਆਰਮੀ ਸਰਵਿਸ ਕੋਰ' ਨੇ ਆਪਣੇ 237ਵੇਂ ਦਿਵਸ ਮੌਕੇ ਛਪਵਾਏ ਕੈਲੰਡਰ ਉਤੇ ਉਚੇਚੇ ਤੌਰ 'ਤੇ ਲਈ। ਜਦੋਂ ਉਹਦੀ ਖੇਡ ਸਿਖਰ 'ਤੇ ਸੀ ਤਾਂ ਸਪੋਰਟਸ ਵੀਕ ਰਸਾਲੇ ਉਤੇ ਉਸ ਦੀ ਫੋਟੋ ਟਾਈਟਲ ਪੰਨੇ ਉਤੇ ਛਪੀ। ਪੰਜਾਬ ਸਰਕਾਰ ਵੱਲੋਂ ਹਰਚਰਨ ਸਿੰਘ ਨੂੰ 2019 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਗਿਆ। ਇਸ ਐਵਾਰਡ ਸਮਾਰੋਹ ਦੀ ਖਾਸੀਅਤ ਇਹ ਸੀ ਕਿ ਖਿਡਾਰੀ ਤੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖੇਡ ਨੀਤੀ ਵਿੱਚ ਸੋਧ ਕਰਦਿਆਂ ਪੁਰਾਣੇ ਖਿਡਾਰੀਆਂ ਨੂੰ ਵੀ ਪੰਜਾਬ ਦਾ ਇਹ ਵੱਕਾਰੀ ਸਟੇਟ ਖੇਡ ਐਵਾਰਡ ਦੇਣ ਦਾ ਫੈਸਲਾ ਕੀਤਾ ਜਿਸ ਤਹਿਤ ਬਲਬੀਰ ਸਿੰਘ ਸੀਨੀਅਰ, ਗੁਰਬਚਨ ਸਿੰਘ ਰੰਧਾਵਾ, ਮਿਲਖਾ ਸਿੰਘ, ਬਿਸ਼ਨ ਸਿੰਘ ਬੇਦੀ, ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਕਮਲਜੀਤ ਸੰਧੂ, ਮਹਿੰਦਰ ਸਿੰਘ ਗਿੱਲ ਜਿਹੇ ਪੁਰਾਣੇ ਦਿੱਗਜ਼ਾਂ ਦਾ ਵੀ ਸਨਮਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਖਿਡਾਰੀਆਂ ਨੂੰ ਖੁਦ ਸਨਮਾਨਤ ਕੀਤਾ ਅਤੇ ਅਗਾਂਹ ਇਨ੍ਹਾਂ ਹੱਥੋਂ ਹੀ ਨਵੀਂ ਉਮਰ ਦੇ ਖਿਡਾਰੀਆਂ ਨੂੰ ਐਵਾਰਡ ਵੰਡਣ ਦੀ ਰਸਮ ਕਰਵਾਈ। ਹਰਚਰਨ ਨੂੰ ਹੋਰ ਮਿਲੇ ਮਾਣ-ਸਨਮਾਨਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 25 ਗਰਾਮ ਸੋਨੇ ਦੇ ਮੈਡਲ ਨਾਲ ਸਨਮਾਨਤ ਕੀਤਾ। ਯੂਨੀਵਰਸਿਟੀ ਵੱਲੋਂ ਇਹ ਸਨਮਾਨ ਹਰਚਰਨ ਸਣੇ ਆਪਣੇ ਚਾਰ ਚੋਟੀ ਦੇ ਖਿਡਾਰੀਆਂ ਦਾ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਅਜੀਤ ਪਾਲ ਸਿੰਘ, ਕਰਤਾਰ ਸਿੰਘ ਤੇ ਪਰਗਟ ਸਿੰਘ ਵਾਰੋ-ਵਾਰੀ ਸਨਮਾਨਤ ਕੀਤਾ ਗਿਆ। ਹਰਚਰਨ ਸਿੰਘ ਨੂੰ ਕੋਟਲਾ ਸ਼ਾਹੀਆਂ ਵਿਖੇ ਮਾਝੇ ਦੀਆਂ ਮਸ਼ਹੂਰ ਕਮਲਜੀਤ ਖੇਡਾਂ ਦੌਰਾਨ 'ਮਾਝੇ ਦਾ ਮਾਣ' ਐਵਾਰਡ ਅਤੇ ਕਿਲਾ ਰਾਏਪੁਰ ਵਿਖੇ ਸਨਮਾਨਤ ਕੀਤਾ ਗਿਆ। ਕਿਲਾ ਰਾਏਪੁਰ ਦੀਆਂ ਖੇਡਾਂ ਨਾਲ ਮੇਰੀ ਇਕ ਨਿੱਜੀ ਯਾਦ ਵੀ ਉਨ੍ਹਾਂ ਨਾਲ ਜੁੜੀ ਹੋਈ ਹੈ। 2005 ਵਿੱਚ ਮੇਰੀ ਪਹਿਲੀ ਪੁਸਤਕ 'ਖੇਡ ਅੰਬਰ ਦੇ ਪੰਜਾਬੀ ਸਿਤਾਰੇ' ਕਿਲਾ ਰਾਏਪੁਰ ਵਿਖੇ ਹੀ ਹਾਕੀ ਦੇ ਪੰਜ ਓਲੰਪੀਅਨਾਂ ਵੱਲੋਂ ਰਿਲੀਜ਼ ਕੀਤੀ ਗਈ ਸੀ ਜਿਨ੍ਹਾਂ ਵਿੱਚ ਹਰਚਰਨ ਸਿੰਘ, ਬਲਜੀਤ ਸਿੰਘ ਢਿੱਲੋਂ, ਗਗਨ ਅਜੀਤ ਸਿੰਘ, ਦੀਪਕ ਠਾਕੁਰ ਤੇ ਪ੍ਰਭਜੋਤ ਸਿੰਘ ਸ਼ਾਮਲ ਸਨ। ਉਸ ਸਮੇਂ ਮੇਰੇ ਪਿਤਾ ਜੀ ਤੇ ਚਾਚਾ ਜਗਤਾਰ ਸਿੰਘ ਹੁਰੀਂ ਆਪਣੇ ਜ਼ਮਾਨੇ ਦੇ ਮਹਾਨ ਖਿਡਾਰੀ ਹਰਚਰਨ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਹੋਏ ਸਨ।

ਰਾਜਾ ਭਲਿੰਦਰਾ ਸਿੰਘ ਨਾਲ ਹਰਚਰਨ ਸਿੰਘ

PunjabKesari

ਕੌਮਾਂਤਰੀ ਪੱਧਰ 'ਤੇ ਦੂਜੀਆਂ ਟੀਮਾਂ ਵਿੱਚ ਪਾਕਿਸਤਾਨ ਦੇ ਸਮੀਉੱਲਾ ਤੋਂ ਇਲਾਵਾ ਆਸਟਰੇਲੀਆ ਦਾ ਰਿੱਕ ਚਾਰਲਸਵਰਥ, ਜਰਮਨੀ ਦਾ ਮਾਈਕਲ ਕਰੌਸ, ਹਾਲੈਂਡ ਦਾ ਟਾਈਸ ਕਰੂਜ਼ ਕਰੀਬੀ ਮਿੱਤਰ ਹੁੰਦੇ ਸਨ। 2005-06 ਵਿੱਚ ਭਾਰਤ-ਪਾਕਿਸਤਾਨ ਟੈਸਟ ਲੜੀ ਲਈ ਜਦੋਂ ਸਮੀਉੱਲਾ ਖਾਨ ਪਾਕਿਸਤਾਨ ਟੀਮ ਨਾਲ ਆਇਆ ਤਾਂ ਉਹ ਹਰਚਰਨ ਸਿੰਘ ਨੂੰ ਉਚੇਚੇ ਤੌਰ ਉਤੇ ਮਿਲਿਆ। ਹਰਚਰਨ ਤੇ ਸਮੀਉੱਲਾ ਦੀ ਉਸ ਵੇਲੇ ਅਤੇ 1974 ਦੀਆਂ ਏਸ਼ਿਆਈ ਖੇਡਾਂ ਦੀ ਤਸਵੀਰ ਦੋਵਾਂ ਨੂੰ ਜੋੜ ਕੇ ਉਨ੍ਹਾਂ ਦੀ ਮਿੱਤਰਤਾ ਬਾਰੇ ਅਖਬਾਰਾਂ ਦੀ ਸੁਰਖੀਆਂ ਵੀ ਛਪੀਆਂ। ਭਾਰਤੀ ਖਿਡਾਰੀਆਂ ਨਾਲ ਦੋਸਤੀ ਬਾਰੇ ਹਰਚਰਨ ਦੱਸਦਾ ਹੈ ਕਿ ਸਾਰੀ ਟੀਮ ਉਸ ਦੀ ਮਿੱਤਰ ਮੰਡਲੀ ਸੀ ਪਰ ਜੇਕਰ ਘਰੇਲੂ ਹਾਕੀ ਟੂਰਨਾਮੈਂਟ ਖੇਡ ਰਹੇ ਹੁੰਦੇ ਤਾਂ ਇਕ-ਦੂਜੇ ਦੇ ਜਾਨੀ ਦੁਸ਼ਮਣ ਹੁੰਦੇ। ਉਹ ਦੱਸਦਾ ਹੈ ਕਿ ਉਹ ਤੇ ਸੁਰਜੀਤ ਦੋਵੇਂ ਗੂੜ੍ਹੇ ਮਿੱਤਰ ਸਨ ਪਰ ਜਦੋਂ ਹਰਚਰਨ ਸੈਨਾ ਵੱਲੋਂ ਖੇਡਦਾ ਤੇ ਸੁਰਜੀਤ ਪੰਜਾਬ ਪੁਲਿਸ ਵੱਲੋਂ ਤਾਂ ਦੋਵੇਂ ਇਕ-ਦੂਜੇ ਦੇ ਪੂਰੇ ਦੁਸ਼ਮਣ ਹੁੰਦੇ। ਸੁਰਜੀਤ ਰਾਈਟ ਫੁੱਲਬੈਕ ਖੇਡਦਾ ਹੋਣ ਕਰਕੇ ਉਸ ਦਾ ਸਿੱਧਾ ਮੁਕਾਬਲਾ ਵੀ ਦੂਜੇ ਪਾਸੇ ਤੋਂ ਲੈਫਟ ਆਊਟ ਖੇਡ ਰਹੇ ਹਰਚਰਨ ਨਾਲ ਹੁੰਦਾ। ਸੁਰਜੀਤ ਦੀ ਅਣਆਈ ਮੌਤ ਦਾ ਹਰਚਰਨ ਨੂੰ ਵੀ ਹੋਰਨਾਂ ਖਿਡਾਰੀਆਂ ਤੇ ਹਾਕੀ ਪ੍ਰੇਮੀਆਂ ਵਾਂਗ ਬਹੁਤ ਦੁੱਖ ਹੈ। ਹਰਚਰਨ ਦੱਸਦਾ ਹੈ ਕਿ ਉਹ ਤੇ ਉਸ ਦੇ ਹੀ ਜ਼ਿਲੇ ਦਾ ਮੁਖਬੈਨ ਸਿੰਘ ਜਦੋਂ ਇਕ ਟੀਮ ਵਿੱਚ ਖੇਡਦੇ ਤਾਂ ਗੂੜ੍ਹੇ ਮਿੱਤਰ ਹੁੰਦੇ ਪਰ ਜਦੋਂ ਆਹਮੋ-ਸਾਹਮਣੇ ਹੁੰਦੇ ਤਾਂ ਮਰਨ ਮਾਰਨ ਤੱਕ ਮੁਕਾਬਲਾ ਕਰਦੇ।

ਫੌਜ ਦੇ ਫੀਲਡ ਮਾਰਸ਼ਲ ਐਸ.ਐਚ.ਐਫ.ਜੇ. ਮਾਣਕਸ਼ਾਹ ਨਾਲ ਹਰਚਰਨ ਸਿੰਘ ਦੇ ਪਿਤਾ ਦਰਸ਼ਨ ਸਿੰਘ

PunjabKesari

ਹਰਚਰਨ ਸਿੰਘ ਹਰ ਵੇਲੇ ਖੇਡਾਂ ਨਾਲ ਓਤ-ਪੋਤ ਰਹਿੰਦਾ ਹੈ। 19 ਵਰ੍ਹਿਆਂ ਦੀ ਉਮਰੇ ਉਸ ਨੇ ਅੱਗੇ ਲੱਗਦਿਆਂ ਆਪਣੇ ਪਿੰਡ 'ਖੇਡਾਂ ਮਰ੍ਹੜ ਦੀਆਂ' ਸ਼ੁਰੂ ਕਰਵਾਈਆਂ। ਖੇਡਾਂ ਦੀ ਸ਼ੁਰੂਆਤ ਬਾਰੇ ਉਹ ਦੱਸਦੇ ਹਨ ਕਿ ਪਹਿਲੀ ਵਾਰ ਖੇਡਾਂ ਲਈ ਗੁਰਦਾਸਪੁਰ ਦੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਗੁਰਪ੍ਰਤਾਪ ਸਿੰਘ ਸ਼ਾਹੀ ਨੂੰ ਸੱਦਾ ਪੱਤਰ ਦਿੱਤਾ। ਹਾਲਾਂਕਿ ਉਸ ਵੇਲੇ ਹਰਚਰਨ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ ਸੀ ਪਰ ਡਿਪਟੀ ਕਮਿਸ਼ਨਰ ਨੂੰ ਲੱਗਿਆ ਕਿ ਇਹ ਅਲੂਆਂ ਜਿਹਾ ਗੱਭਰੂ ਕੀ ਟੂਰਨਾਮੈਂਟ ਕਰਵਾਏਗਾ ਪਰ ਜਦੋਂ ਉਹ ਮਰ੍ਹੜ ਆਇਆ ਤਾਂ ਪ੍ਰਬੰਧ ਦੇਖ ਕੇ ਦੰਗ ਰਹਿ ਗਿਆ। ਪਿਛਲੇ 50 ਸਾਲਾਂ ਤੋਂ ਸ਼ਾਨਦਾਰ ਢੰਗ ਨਾਲ ਚੱਲ ਰਹੀਆਂ ਮਰ੍ਹੜ ਦੀਆਂ ਖੇਡਾਂ ਵਿੱਚ ਹਾਕੀ, ਕਬੱਡੀ, ਅਥਲੈਟਿਕਸ ਮੁਕਾਬਲਿਆਂ ਦੇ ਨਾਲ ਘੋੜਿਆਂ, ਕੁੱਤਿਆਂ ਦੀਆਂ ਦੌੜਾਂ ਸਮੇਤ ਦੇਸੀ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ। ਹਰਚਰਨ ਸਿੰਘ ਇਨ੍ਹਾਂ ਖੇਡਾਂ ਦੀ ਕਮੇਟੀ ਦਾ ਪੈਟਰਨ ਹੈ। ਬਾਬਾ ਬਕਾਲਾ, ਰਈਆ, ਬੁਤਾਲਾ, ਸਠਿਆਲਾ, ਚੌਕ ਮਹਿਤਾ, ਬਟਾਲਾ, ਗੁਰਦਾਸਪੁਰ ਬੈਲਟ ਨੂੰ ਹਾਕੀ ਦੀ ਜਰਖੇਜ਼ ਭੂਮੀ ਮੰਨਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਪੇਂਡੂ ਟੂਰਨਾਮੈਂਟ ਦਾ ਪੱਧਰ ਕਿਸੇ ਵੱਡੇ ਕੌਮੀ ਪੱਧਰ ਦੇ ਟੂਰਨਾਮੈਂਟ ਤੋਂ ਘੱਟ ਨਹੀਂ ਹੁੰਦਾ।

ਫੌਜ ਦੇ ਫੀਲਡ ਮਾਰਸ਼ਲ ਐਸ.ਐਚ.ਐਫ.ਜੇ. ਮਾਣਕਸ਼ਾਹ ਨਾਲ ਹਰਚਰਨ ਸਿੰਘ

PunjabKesari

ਹਰਚਰਨ ਸਿੰਘ ਰਾਜਾਸਾਂਸੀ ਵਿਆਹਿਆ ਹੋਇਆ ਹੈ। ਪਤਨੀ ਦਾ ਨਾਮ ਦਿਲਰਾਜ ਕੌਰ ਹੈ। ਇਸੇ ਲਈ ਉਨ੍ਹਾਂ ਆਪਣੇ ਪੁੱਤਰ ਦਾ ਨਾਂ ਦਿਲਚਰਨਜੀਤ ਸਿੰਘ ਰੱਖਿਆ ਜੋ ਕਿ ਭਾਰਤੀ ਸੈਨਾ ਵਿੱਚ ਕਰਨਲ ਹੈ। ਹਰਚਰਨ ਸਿੰਘ ਦੇ ਇਕ ਬੇਟੀ ਹੈ ਜਿਸ ਦਾ ਨਾਂ ਟਵਿੰਕਲ ਹੈ ਅਤੇ ਉਸ ਦਾ ਜਵਾਈ ਪੁਸ਼ਪਿੰਦਰ ਸੰਧੂ ਵੀ ਸੈਨਾ ਵਿੱਚ ਕਰਨਲ ਹੈ। ਤੀਜੀ ਪੀੜ੍ਹੀ ਵਿੱਚ ਹਰਚਰਨ ਸਿੰਘ ਦੇ ਇਕ ਪੋਤਾ-ਪੋਤੀ ਤੇ ਇਕ ਦੋਹਤਾ-ਦੋਹਤੀ ਹਨ। ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਇਨ੍ਹਾਂ ਬੱਚਿਆਂ ਨੂੰ ਲੈ ਕੇ ਪਹਾੜਾਂ ਦੀ ਸੈਰ ਕਰਵਾਉਂਦੇ ਹਨ ਜਿਸ ਦੀਆਂ ਫੋਟੋਆਂ ਉਹ ਸੋਸ਼ਲ ਮੀਡੀਆ ਉਪਰ ਸਾਂਝੀਆਂ ਕਰਦੀਆਂ ਹਨ। ਉਂਝ ਉਹ ਟੈਕਨਾਲੋਜੀ ਦੇ ਵਰਤੋਂ ਵਿੱਚ ਬਹੁਤ ਐਡਵਾਂਸ ਹਨ ਅਤੇ ਆਪਣੀ ਹਰ ਗਤੀਵਿਧੀ ਅਤੇ ਖਾਸ ਦਿਨ-ਤਿਉਹਾਰ ਮੌਕੇ ਫੇਸਬੁੱਕ ਉਪਰ ਪੋਸਟ ਜ਼ਰੂਰ ਪਾਉਂਦੇ ਹਨ। ਉਹ ਹਰੇਕ ਨਾਲ ਦੋਸਤਾਂ ਵਾਲੇ ਲਹਿਜੇ ਨਾਲ ਹੀ ਪੇਸ਼ ਆਉਂਦੇ ਹਨ। ਮੇਰੇ ਪਿਤਾ ਜੀ ਤੋਂ ਵੱਡੀ ਉਮਰ ਦੇ ਹਰਚਰਨ ਸਿੰਘ ਜਦੋਂ ਮੇਰੇ ਨਾਲ ਗੱਲ ਕਰਦੇ ਹਨ ਤਾਂ ਹਮਉਮਰ ਵਾਂਗ ਬਣ ਕੇ ਮਿਲਦੇ ਹਨ। ਹਰਚਰਨ ਸਿੰਘ ਭਾਰਤੀ ਹਾਕੀ ਦੇ ਸੁਨਹਿਰੀ ਅਧਿਆਇ ਦਾ ਹਸਤਾਖਰ ਹੈ, ਜਿਸ ਉਤੇ ਹਰ ਦੇਸ਼ ਵਾਸੀ ਨੂੰ ਦੋਹਰਾ ਮਾਣ ਹੈ। ਖਿਡਾਰੀ ਵਜੋਂ ਵੀ, ਫੌਜੀ ਅਫਸਰ ਵਜੋਂ ਵੀ।

ਫੌਜ ਦੇ ਜਨਰਲ ਵੀ.ਪੀ.ਮਲਿਕ ਨਾਲ ਹਰਚਰਨ ਸਿੰਘ

PunjabKesari


rajwinder kaur

Content Editor rajwinder kaur