ਕਾਰਤਿਕ ਨੇ ਕੀਤੀ ਇਸ ਭਾਰਤੀ ਬੱਲੇਬਾਜ਼ ਦੀ ਤਾਰੀਫ਼, ਵਿਰੋਧੀ ਟੀਮ ’ਤੇ ਪ੍ਰਭਾਵ ਹੁੰਦੈ ਸਹਿਵਾਗ-ਗਿਲਕ੍ਰਿਸਟ ਵਰਗਾ
Friday, Jun 04, 2021 - 08:45 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਪਿਛਲੇ 5-6 ਮਹੀਨਿਆਂ ’ਚ ਸਾਰੇ ਫਾਰਮੈੱਟਸ ’ਚ ਚੰਗੀ ਫਾਰਮ ’ਚ ਹੈ। ਭਾਰਤ ਦੇ ਘਰੇਲੂ ਸਰਕਿਟ ਤੋਂ ਉੱਭਰਨ ਵਾਲੀ ਪ੍ਰਤਿਭਾ ਬਹੁਤ ਵੱਡੀ ਹੈ ਅਤੇ ਇਸ ਸਮੇਂ ਅਜਿਹਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਇਕੋ ਸਮੇਂ ਦੋ ਟੀਮਾਂ ਨੂੰ ਮੈਦਾਨ ’ਚ ਉਤਾਰ ਸਕਦਾ ਹੈ। ਕਈ ਨੌਜਵਾਨਾਂ ਨੇ ਖੇਡ ਦੇ ਤਿੰਨਾਂ ਸਰੂਪਾਂ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਟੀਮ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ’ਚ ਸਹਾਇਤਾ ਕੀਤੀ ਹੈ, ਜਿਸ ’ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਸ਼ਾਮਲ ਹੈ। ਸੀਨੀਅਰ ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਪੰਤ ਦੀ ਤਾਰੀਫ਼ ਕਰਦਿਆਂ ਵਰਿੰਦਰ ਸਹਿਵਾਗ ਤੇ ਐਡਮ ਗਿਲਕ੍ਰਿਸਟ ਨਾਲ ਤੁਲਨਾ ਕੀਤੀ ਹੈ।
ਕਾਰਤਿਕ ਨੇ ਇੱਕ ਅਖਬਾਰ ਨਾਲ ਗੱਲਬਾਤ ’ਚ ਕਿਹਾ, ਉਹ ਟੀਮ ਨੂੰ ਲਚਕੀਲਾਪਣ ਦਿੰਦਾ ਹੈ ਅਤੇ ਮੈਨੇਜਮੈਂਟ ਕੋਲ ਲੋੜ ਦੇ ਅਨੁਸਾਰ ਜ਼ਿਆਦਾ ਬੱਲੇਬਾਜ਼ ਜਾਂ ਗੇਂਦਬਾਜ਼ ਨੂੰ ਖਿਡਾਉਣ ਦਾ ਮੌਕਾ ਹੁੰਦਾ ਹੈ। ਉਹ ਜਿਸ ਤਰ੍ਹਾਂ ਨਾਲ ਵਿਰੋਧੀ ਟੀਮ ਦੇ ਦਿਮਾਗ ’ਚ ਡਰ ਪੈਦਾ ਕਰਦਾ ਹੈ, ਉਹ ਸਭ ਤੋਂ ਮਹੱਤਵਪੂਰਨ ਹੈ। ਪੰਤ ਦਾ ਪ੍ਰਭਾਵ ਵਿਰੋਧੀਆਂ ਉੱਤੇ ਇਸ ਤਰ੍ਹਾਂ ਪੈਂਦਾ ਹੈ, ਜਿਵੇਂ ਸਹਿਵਾਗ ਜਾਂ ਗਿਲਕ੍ਰਿਸਟ ਦਾ ਹੋਇਆ ਕਰਦਾ ਸੀ।
ਇਹ ਵੀ ਪੜ੍ਹੋ : ਕਲੇਅ ਕੋਰਟ ਦੇ ਬਾਦਸ਼ਾਹ ਨਡਾਲ ਨੇ ਜਿੱਤ ਨਾਲ ਮਨਾਇਆ 35ਵਾਂ ਜਨਮ ਦਿਨ
ਘਰ ’ਚੋਂ ਬਾਹਰ ਉਸ ਦੇ ਚੰਗੇ ਰਿਕਾਰਡ ਨੂੰ ਵੇਖਦਿਆਂ ਰਿਸ਼ਭ ਪੰਤ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਦੇ ਨਾਲ-ਨਾਲ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ’ਚ ਵੀ ਜਗ੍ਹਾ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਪਲੇਇੰਗ ਇਲੈਵਨ ’ਚ ਵੀ ਜਗ੍ਹਾ ਬਣਾਉਣ ਦੀ ਪੂਰੀ ਸੰਭਾਵਨਾ ਹੈ। ਕਾਰਤਿਕ ਨੇ ਪੰਤ ਦੀ ਤੁਲਨਾ ’ਚ ਰਿਧੀਮਾਨ ਸਾਹਾ ਨੂੰ ਵਿਸ਼ਵ ਦਾ ਵਧੀਆ ਵਿਕਟਕੀਪਰ ਦੱਸਦਿਆਂ ਕਿਹਾ ਕਿ ਸਟੰਪ ਦੇ ਪਿੱਛੇ ਪੰਤ ਦੇ ਕੰਮ ’ਚ ਸਮੇਂ ਦੇ ਨਾਲ ਸੁਧਾਰ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਟੀਮ ’ਚ ਰਿਧੀਮਾਨ ਸਾਹਾ ਹੈ, ਜੋ ਮੇਰੇ ਅਨੁਸਾਰ ਵਿਸ਼ਵ ਦਾ ਸਭ ਤੋਂ ਵਧੀਆ ਵਿਕਟਕੀਪਰ ਹੈ। ਸਾਹਾ ਜਿਸ ਤਰ੍ਹਾਂ ਹਨ, ਉਹ ਹਮੇਸ਼ਾ ਉਨ੍ਹਾਂ ਦੀ ਸਹਾਇਤਾ ਲਈ ਮੌਜੂਦ ਰਹਿਣਗੇ...ਅਤੇ ਮੈਂ ਜਾਣਦਾ ਹਾਂ ਕਿ ਪਾਰਥਿਵ ਪਟੇਲ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਸੀ, ਜਦੋਂ ਉਹ ਆਸਟਰੇਲੀਆ ਵਿਚ ਸਨ। ਪਿਛਲੇ ਸਾਲ ਆਸਟਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ ’ਚ ਪੰਤ 5 ਪਾਰੀਆਂ ’ਚ 68.50 ਦੀ ਪ੍ਰਭਾਵਸ਼ਾਲੀ ਔਸਤ ਨਾਲ 274 ਦੌੜਾਂ ਬਣਾ ਕੇ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਇਹ ਸੀਰੀਜ਼ ਭਾਰਤ ਨੇ 2-1 ਨਾਲ ਜਿੱਤੀ ਸੀ। ਪੰਤ ਆਪਣੇ ਹਮਲਾਵਰ ਵਤੀਰੇ ਨਾਲ ਆਸਟਰੇਲੀਆਈ ਗੇਂਦਬਾਜ਼ਾਂ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਵਾਲੇ ਸਾਬਤ ਹੋਏ। ਉਨ੍ਹਾਂ ਨੇ ਚੌਥੇ ਅਤੇ ਆਖਰੀ ਟੈਸਟ ’ਚ ਜੇਤੂ ਪਾਰੀਆਂ ਵੀ ਖੇਡੀਆਂ। ਉਨ੍ਹਾਂ ਨੇ ਜੋਅ ਰੂਟ ਐਂਡ ਕੰਪਨੀ ਖਿਲਾਫ ਘਰੇਲੂ ਟੈਸਟ ਸੀਰੀਜ਼ ’ਚ ਫਾਰਮ ਨੂੰ ਅੱਗੇ ਵਧਾਇਆ, ਜਿਥੇ ਉਨ੍ਹਾਂ ਨੇ 54.00 ਦੀ ਔਸਤ ਨਾਲ 270 ਦੌੜਾਂ ਬਣਾਈਆਂ।