ਕਪਿਲ-ਯੁਵਰਾਜ ਵਾਂਗ ਵਿਸ਼ਵ ਕੱਪ ਜਿਤਾ ਇਤਿਹਾਸ ਦੁਹਰਾ ਸਕਦੈ ਪੰਡਯਾ

05/22/2019 6:54:56 PM

ਨਵੀਂ ਦਿੱਲੀ— ਸਾਬਕਾ ਕਪਤਾਨ ਕਪਿਲ ਨੇ 1983 ਵਿਚ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਅਤੇ ਇਸ ਦੇ 28 ਸਾਲਾਂ ਬਾਅਦ ਆਲ ਰਾਊਂਡਰ ਯੁਵਰਾਜ ਸਿੰਘ ਨੇ 2011 ਵਿਚ ਭਾਰਤ ਨੂੰ ਫਿਰ ਤੋਂ ਚੈਂਪੀਅਨ ਬਣਾਉਣ ਵਿਚ ਜੋ ਕਾਰਨਾਮਾ ਕੀਤਾ ਸੀ, ਉਹੀ ਕਾਰਨਾਮਾ ਆਲ ਰਾਊਂਡਰ ਹਾਰਦਿਕ ਪੰਡਯਾ ਇੰਗਲੈਂਡ ਦੀ ਜ਼ਮੀਨ 'ਤੇ ਹੋਣ ਵਾਲੇ ਵਿਸ਼ਵ ਕੱਪ ਵਿਚ ਕਰ ਸਕਦਾ ਹੈ। ਕਪਿਲ, ਯੁਵਰਾਜ ਅਤੇ ਪੰਡਯਾ ਤਿੰਨੋਂ ਹੀ ਜ਼ਬਰਦਸਤ ਆਲ ਰਾਊਂਡਰ ਹਨ, ਜੋ ਗੇਂਦ ਅਤੇ ਬੱਲੇ ਨਾਲ ਟੀਮ ਨੂੰ ਇਕੱਲਿਆਂ ਆਪਣੇ ਦਮ 'ਤੇ ਜਿੱਤ ਦੁਆ ਸਕਦੇ ਹਨ। ਕਪਿਲ ਨੇ 1983 ਦੇ ਵਿਸ਼ਵ ਕੱਪ ਵਿਚ ਆਪਣੀ ਕਪਤਾਨੀ ਵਿਚ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਇਆ ਸੀ ਜਦਕਿ 2011 ਦੇ ਵਿਸ਼ਵ ਕੱਪ ਵਿਚ 'ਮੈਨ ਆਫ ਦ ਟੂਰਨਾਮੈਂਟ' ਬਣੇ ਯੁਵਰਾਜ ਨੇ ਭਾਰਤ ਨੂੰ ਫਿਰ ਤੋਂ ਵਿਸ਼ਵ ਜੇਤੂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਜਿਹੜਾ ਕੰਮ ਕਪਿਲ ਅਤੇ ਯੁਵਰਾਜ ਨੇ ਕੀਤਾ ਸੀ ਉਹੀ ਕੰਮ ਕਰਨ ਦੀ ਸਮਰੱਥਾ ਮੁੰਬਈ ਦੇ ਆਲ ਰਾਊਂਡਰ ਪੰਡਯਾ ਵਿਚ ਵੀ ਮੌਜੂਦ ਹੈ। 

PunjabKesari

ਈ. ਐੱਸ. ਪੀ. ਐੱਨ. ਕ੍ਰਿਕਇੰਫੋ ਦੇ ਫੈਨਟੈਸਟਿਕ ਸਰਵੇ ਵਿਚ 50 ਫੀਸਦੀ ਤੋਂ ਵਧ ਭਾਰਤੀਆਂ ਨੇ ਪੰਡਯਾ ਲਈ ਕਿਹਾ ਹੈ ਕਿ ਉਹ ਇਸ ਵਿਸ਼ਵ ਕੱਪ ਵਿਚ ਭਾਰਤ ਦਾ ਟਰੰਪ ਕਾਰਡ ਸਾਬਤ ਹੋ ਸਕਦਾ ਹੈ। ਵਿਸ਼ਵ ਕੱਪ 30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋ ਰਿਹਾ ਹੈ। ਭਾਰਤ ਦਾ ਵਿਸ਼ਵ ਕੱਪ ਵਿਚ ਪਹਿਲਾ ਮੁਕਾਬਲਾ 5 ਜੂਨ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ। ਹੁਣ ਤੋਂ 2 ਸਾਲ ਪਹਿਲਾਂ ਇੰਗਲੈਂਡ ਦੀ ਜ਼ਮੀਨ 'ਤੇ ਹੋਈ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਪੰਡਯਾ ਨੇ ਪਾਕਿਸਤਾਨ ਦੇ ਖਿਲਾਫ ਸਿਰਫ 43 ਗੇਂਦਾਂ 'ਤੇ 4 ਚੌਕਿਆਂ  ਅਤੇ 6 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ ਪਰ ਉਸ ਦੇ ਰਨ ਆਊਟ ਹੋਣ ਤੋਂ ਬਾਅਦ ਭਾਰਤ ਦੀਆਂ ਉਮੀਦਾਂ ਟੁੱਕ ਗਈਆਂ। 25 ਸਾਲਾ ਪੰਡਯਾ ਭਾਰਤ ਲਈ ਤਿੰਨੋਂ ਫਾਰਮੈੱਟ ਵਿਚ ਖੇਡਦਾ ਹੈ। 16 ਅਕਤੂਬਰ 2016 ਨੂੰ ਆਪਣਾ ਵਨ ਡੇ ਡੈਬਿਊ ਕਰਨ ਵਾਲੇ ਪੰਡਯਾ ਨੇ ਹੁਣ ਤੱਕ 45 ਵਨ ਡੇ ਵਿਚ 731 ਦੌੜਾਂ ਬਣਾਉਣ ਤੋਂ ਇਲਾਵਾ 44 ਵਿਕਟਾਂ ਵੀ ਹਾਸਲ ਕੀਤੀਆਂ ਹਨ। ਉਹ ਟੀਮ ਲਈ ਤੇਜ਼ ਗੇਂਦਬਾਜ਼ੀ ਆਲਰਾਊਂਡਰ ਦੀ ਉਹੀ ਭੂਮਿਕਾ ਨਿਭਾਅ ਸਕਦਾ ਹੈ ਜੋ ਕਪਿਲ ਨੇ 1983 ਵਿਚ ਨਿਭਾਈ ਸੀ। ਪੰਡਯਾ ਲਈ ਖੁਦ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦਾ ਕਹਿਣਾ ਹੈ ਕਿ ਉਸ 'ਤੇ ਕੋਈ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ ਅਤੇ ਨਾ ਹੀ ਉਸ ਦੀ ਕਿਸੇ ਨਾਲ ਕੋਈ ਤੁਲਨਾਕੀਤੀ ਜਾਣੀ ਚਾਹੀਦੀ ਹੈ।

PunjabKesari


Related News