ਕਪਿਲ ਨੇ ਸਿਰਾਜ ਦਾ ਬਚਾਅ ਕੀਤਾ, ਕਿਹਾ ਚੋਣਕਾਰ ਤੇ ਟੀਮ ਮੈਨੇਜਮੈਂਟ ਹੀ ਫੈਸਲਾ ਲੈਣ ਲਈ ਸਭ ਤੋਂ ਢੁੱਕਵੇਂ
Saturday, Nov 21, 2026 - 01:19 PM (IST)
ਨਵੀਂ ਦਿੱਲੀ– ਮੁਹੰਮਦ ਸਿਰਾਜ ਨੂੰ ਭਾਰਤੀ ਟੀਮ ’ਚੋਂ ਬਾਹਰ ਰੱਖਣ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਮਹਾਨ ਕ੍ਰਿਕਟਰ ਕਪਿਲ ਦੇਵ ਨੇ ਸ਼ੁੱਕਰਵਾਰ ਨੂੰ ਇਸ ਤੇਜ਼ ਗੇਂਦਬਾਜ਼ ਦਾ ਬਚਾਅ ਕਰਦਿਆਂ ਕਿਹਾ ਕਿ ਨਿੱਜੀ ਤੌਰ ’ਤੇ ਉਸ ਨੂੰ ਸਿਰਾਜ ਪਸੰਦ ਹੈ ਪਰ ਇਹ ਵੀ ਕਿਹਾ ਕਿ ਉਸ ਦੀ ਰਾਏ ਮਾਇਨੇ ਨਹੀਂ ਰੱਖਦੀ ਕਿਉਂਕਿ ਟੀਮ ਚੋਣ ਚੋਣਕਾਰਾਂ, ਕਪਤਾਨ ਤੇ ਟੀਮ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ।
ਕਪਿਲ ਨੇ ਕਿਹਾ, ‘‘ਮੈਂ ਉਸ ਨੂੰ ਪਸੰਦ ਕਰਦਾ ਹਾਂ ਪਰ ਮੇਰੀ ਰਾਏ ਮਾਇਨੇ ਨਹੀਂ ਰੱਖਦੀ। ਚੋਣਕਾਰਾਂ, ਕਪਤਾਨ, ਟੀਮ ਮੈਨੇਜਮੈਂਟ ਨੇ ਟੀਮ ਚੁਣਨੀ ਹੈ। ਬੀ. ਸੀ. ਸੀ. ਆਈ. ਦੀ ਕੀ ਯੋਜਨਾ ਹੈ, ਇਹ ਮਾਇਨੇ ਰੱਖਦਾ ਹੈ। ਇਸ ਬਾਰੇ ਚੋਣਕਾਰਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਮੈਂ ਕੋਈ ਨਹੀਂ ਹਾਂ ਤੇ ਮੇਰੇ ਵਰਗੇ ਲੋਕਾਂ ਨੂੰ ਟਿੱਪਣੀ ਵੀ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਲੋਕਾਂ ’ਤੇ ਚੋਣ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਉਹ ਆਪਣਾ ਕੰਮ ਬਾਖੂਬੀ ਕਰ ਰਹੇ ਹਨ ਅਤੇ ਸਾਰਿਆਂ ਨੂੰ ਖੁਸ਼ ਨਹੀਂ ਰੱਖਿਆ ਜਾ ਸਕਦਾ।’’
ਕਪਿਲ ਨੇ ਕਿਹਾ, ‘‘ਹਰ ਕਿਸੇ ਦੀ ਰਾਏ ਵੱਖਰੀ ਹੋ ਸਕਦੀ ਹੈ ਤਾਂ ਅਜਿਹਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਇਕ ਵਿਵਸਥਾ ਦੀ ਆਲੋਚਨਾ ਨਹੀਂ ਕਰ ਸਕਦੇ। ਭਾਰਤੀ ਕ੍ਰਿਕਟ ਚੰਗਾ ਕਰ ਰਿਹਾ ਹੈ ਅਤੇ ਇਹੀ ਮਾਇਨੇ ਰੱਖਦਾ ਹੈ।’’
