ਕੇਨ ਨੇ ਫਿਰ ਗੋਲ ਕੀਤਾ, ਬਾਇਰਨ ਬੁੰਡੇਸਲੀਗਾ ਖਿਤਾਬ ਦੇ ਹੋਰ ਨੇੜੇ ਪਹੁੰਚਿਆ
Monday, Mar 23, 2026 - 11:33 AM (IST)
ਬਰਲਿਨ- ਇੰਗਲੈਂਡ ਦੇ ਸਟਾਰ ਖਿਡਾਰੀ ਹੈਰੀ ਕੇਨ ਨੇ ਇਕ ਵਾਰ ਫਿਰ ਗੋਲ ਕੀਤਾ ਜਿਸ ਨਾਲ ਬਾਇਰਨ ਮਿਊਨਿਖ ਨੇ ਯੂਨੀਅਨ ਬਰਲਿਨ ਨੂੰ 4-0 ਨਾਲ ਹਰਾ ਕੇ 14 ਸਾਲਾਂ ’ਚ ਆਪਣਾ 13ਵਾਂ ਬੁੰਡੇਸਲੀਗਾ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤਣ ਦੀ ਦਿਸ਼ਾ ’ਚ ਇਕ ਕਦਮ ਹੋਰ ਅੱਗੇ ਵਧਾਇਆ। ਕੇਨ ਨੇ ਹਾਫ ਟਾਈਮ ਤੋਂ ਬਾਅਦ ਜਰਮਨੀ ਦੀ ਇਸ ਲੀਗ ਦੇ ਮੌਜੂਦਾ ਸੈਸ਼ਨ ’ਚ ਆਪਣਾ 31ਵਾਂ ਗੋਲ ਕੀਤਾ। ਅਜੇ ਇਸ ਲੀਗ ’ਚ 7 ਦੌਰ ਦੀ ਖੇਡ ਹੋਣੀ ਬਾਕੀ ਹੈ ਤੇ ਅਜਿਹੇ ’ਚ ਕੇਨ ਦੇ ਕੋਲ ਰਾਬਰਟ ਲੇਵਾਂਡੋਵਸਕੀ ਦੇ ਇਕ ਸੈਸ਼ਨ ’ਚ ਸਭ ਤੋਂ ਵੱਧ 41 ਗੋਲ ਕਰਨ ਦਾ ਰਿਕਾਰਡ ਤੋੜਨ ਦਾ ਮੌਕਾ ਹੈ।
ਬਾਇਰਨ ਵੱਲੋਂ ਸਰਗੇ ਗਨਾਬਰੀ ਨੇ ਦੋ ਗੋਲ ਕੀਤੇ ਤੇ ਮਾਈਕਲ ਓਲਿਸ ਨੇ ਵੀ ਇਕ ਗੋਲ ਕੀਤਾ। ਇਸ ਤਰ੍ਹਾਂ ਨਾਲ ਉਸ ਦੇ ਇਸ ਸੈਸ਼ਨ ’ਚ 97 ਗੋਲ ਹੋ ਗਏ ਹਨ ਤੇ ਉਹ 1971-72 ’ਚ ਬਣਾਏ ਗਏ 101 ਗੋਲਾਂ ਦੇ ਆਪਣੇ ਹੀ ਰਿਕਾਰਡ ਨੂੰ ਤੋੜਨ ਦੇ ਕਰੀਬ ਪਹੁੰਚ ਗਿਆ ਹੈ। ਬਾਇਰਨ ਦੇ ਇਸ ਜਿੱਤ ਨਾਲ 27 ਮੈਚ ’ਚੋਂ 70 ਅੰਕ ਹੋ ਗਏ ਹਨ ਤੇ ਉਹ ਦੂਜੇ ਨੰਬਰ ’ਤੇ ਕਾਬਜ਼ ਡਾਰਟਮੰਡ ਤੋਂ 9 ਅੰਕ ਅੱਗੇ ਹੋ ਗਿਆ ਹੈ।
