ਜੋਤੀ ਯਾਰਾਜੀ ਨੇ ‘ਵਾਰਮ-ਅੱਪ’ ਦੌਰਾਨ ਦਰਦ ਕਾਰਨ 100 ਮੀਟਰ ਹਰਡਲਜ਼ ਤੋਂ ਨਾਂ ਲਿਆ ਵਾਪਸ
Sunday, Sep 27, 2026 - 03:21 PM (IST)
ਸਪੋਰਟਸ ਡੈਸਕ – ਏਸ਼ੀਆਈ ਖੇਡਾਂ ’ਚ 100 ਮੀਟਰ ਹਰਡਲਜ਼ ਦੀ ਸਾਬਕਾ ਚਾਂਦੀ ਤਮਗਾ ਜੇਤੂ ਜੋਤੀ ਯਾਰਾਜੀ ਨੇ ਪਹਿਲੇ ਦੌਰ ਦੀ ਹੀਟ ਦੌੜ ਤੋਂ ਨਾਂ ਵਾਪਸ ਲੈ ਲਿਆ, ਜਿਸ ਤੋਂ ਬਾਅਦ ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ‘ਵਾਰਮ-ਅੱਪ’ ਦੌਰਾਨ ਦਰਦ ਮਹਿਸੂਸ ਹੋਣ ਤੋਂ ਬਾਅਦ ਉਸ ਨੇ ਇਹ ਫੈਸਲਾ ਕੀਤਾ। ਯਾਰਾਜੀ ਨੂੰ ਆਖਰੀ ਸਮੇਂ ’ਚ ਫਿਟਨੈੱਸ ਮਨਜ਼ੂਰੀ ਮਿਲਣ ਤੋਂ ਬਾਅਦ 75 ਮੈਂਬਰੀ ਭਾਰਤੀ ਅੈਥਲੈਟਿਕਸ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਉਸ ਦੇ ਗੋਡੇ ’ਚ ਮਾਮੂਲੀ ਸਟ੍ਰੈਸ ਸੀ। ਏ. ਐੱਫ. ਆਈ. ਅਧਿਕਾਰੀ ਨੇ ਦੱਸਿਆ, ‘‘ਪੂਰੀ ਤਰ੍ਹਾਂ ਵਾਰਮ-ਅੱਪ ਕਰਨ ਤੋਂ ਬਾਅਦ ਉਸ ਨੂੰ ਦਰਦ ਮਹਿਸੂਸ ਹੋਇਆ।’’ ਯਾਰਾਜੀ ਨੇ ਇਸ ਸਾਲ ਸੱਟ ਤੋਂ ਵਾਪਸੀ ਕੀਤੀ ਸੀ। ਉਸ ਨੇ ਜੁਲਾਈ 2025 ’ਚ ਸੱਜੇ ਗੋਡੇ ’ਚ ਐਂਟੀਰੀਅਰ ਕਰੂਸੀਏਟ ਲਿਗਾਮੈਂਟ (ਏ. ਸੀ. ਐੱਲ.) ’ਚ ਆਈ ਸੱਟ ਦੀ ਸਰਜਰੀ ਕਰਵਾਈ ਸੀ।
