ਜੋਡਾਰ ਨੇ ਸਿਨਰ ਦੇ ਨਾਲ ਮੈਡ੍ਰਿਡ ਦਾ ਬਲਾਕਬਸਟਰ ਮੁਕਾਬਲਾ ਕੀਤਾ ਤੈਅ
Thursday, Apr 30, 2026 - 10:27 AM (IST)
ਮੈਡ੍ਰਿਡ– ਰਾਫੇਲ ਜੋਡਾਰ ਮੰਗਲਵਾਰ ਨੂੰ ਮੈਡ੍ਰਿਡ ਓਪਨ ’ਚ ਪਹਿਲੀ ਵਾਰ ਏ. ਟੀ. ਪੀ. ਮਾਸਟਰਜ਼ 1000 ਈਵੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚਿਆ। ਆਪਣੇ ਘਰੇਲੂ ਮੈਦਾਨ ’ਤੇ ਉਸ ਨੇ ਵਿਟ ਕੋਪ੍ਰਿਵਾ ਨੂੰ 7-5, 6-0 ਨਾਲ ਹਰਾ ਕੇ ਦੁਨੀਆ ਦੇ ਨੰਬਰ 1 ਖਿਡਾਰੀ ਜਾਨਿਕ ਸਿਨਰ ਦੇ ਨਾਲ ਕੁਆਰਟਰ ਫਾਈਨਲ ’ਚ ਆਪਣੀ ਪਹਿਲੀ ਟੱਕਰ ਤੈਅ ਕੀਤੀ।
19 ਸਾਲਾ ਇਹ ਸਪੈਨਿਸ਼ ਖਿਡਾਰੀ ਇਸ ਦਹਾਕੇ ’ਚ ਮਾਸਟਰਜ਼ 1000 ਈਵੈਂਟ ਦੇ ਆਖਰੀ-8 ’ਚ ਪਹੁੰਚਣ ਵਾਲੇ ਜ਼ੀਰੋ ਸਿਰਫ ਛੇਵਾਂ ਟੀਨੇਜਰ ਹੈ ਜਦਕਿ ਮੈਡ੍ਰਿਡ ਟੂਰਨਾਮੈਂਟ ਦੇ ਇਤਿਹਾਸ ’ਚ ਇਸ ਪੜਾਅ ਤੱਕ ਪਹੁੰਚਣ ਵਾਲਾ ਉਹ ਸਿਰਫ ਚੌਥਾ ਵਾਈਲਡ ਕਾਰਡ ਖਿਡਾਰੀ ਹੈ।
ਜੋਡਾਰ ਨੇ ਕਿਹਾ, ‘‘ਮੈਂ ਅੱਜ ਆਪਣੀ ਖੇਡ ਦੇ ਪੱਧਰ ਅਤੇ ਇਸ ਟੂਰਨਾਮੈਂਟ ’ਚ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਘਰ ’ਚ ਖੇਡਣਾ ਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਸਾਹਮਣੇ ਖੇਡਣਾ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਅਤੇ ਜਿਹੜੇ ਮੇਰਾ ਸਮਰਥਨ ਕਰਨ ਆਏ ਹਨ, ਇਹ ਬਹੁਤ ਖਾਸ ਹੈ। ਮੈਂ ਕੱਲ ਇਕ ਹੋਰ ਮੈਚ ਖੇਡਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਇਕ ਹੋਰ ਮੌਕਾ ਹੈ। ਮੈਨੂੰ ਚੰਗੀ ਤਰ੍ਹਾਂ ਨਾਲ ਰਿਕਵਰ ਕਰਨਾ ਪਵੇਗਾ ਤੇ ਮੈਚ ਦੀ ਤਿਆਰੀ ਜਿੰਨੀ ਹੋ ਸਕੇ ਓਨੀ ਚੰਗੀ ਤਰ੍ਹਾਂ ਨਾਲ ਕਰਨੀ ਪਵੇਗੀ, ਕਿਉਂਕਿ ਇਹ ਇਕ ਹੋਰ ਮੁਸ਼ਕਿਲ ਮੈਚ ਹੋਵੇਗਾ।’’
ਇਸ 19 ਸਾਲਾ ਖਿਡਾਰੀ ਨੇ ਆਪਣੇ ਪਿਛਲੇ 13 ਮੈਚਾਂ ’ਚੋਂ 12 ਜਿੱਤੇ ਹਨ, ਮਾਰਾਕੇਸ਼ ’ਚ ਆਪਣੀ ਪਹਿਲੀ ਟੂਰ-ਲੈਵਲ ਟਰਾਫੀ ਜਿੱਤੀ ਹੈ ਤੇ ਬਾਰਸੀਲੋਨਾ ’ਚ ਏ. ਟੀ. ਪੀ. 500 ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ।
