ਜੈ ਸ਼ਾਹ ਨੇ ਆਈਸੀਸੀ ਮੁਖੀ ਦਾ ਅਹੁਦਾ ਸੰਭਾਲਿਆ

Sunday, Dec 01, 2024 - 02:27 PM (IST)

ਜੈ ਸ਼ਾਹ ਨੇ ਆਈਸੀਸੀ ਮੁਖੀ ਦਾ ਅਹੁਦਾ ਸੰਭਾਲਿਆ

ਦੁਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਇਸ ਗਲੋਬਲ ਸੰਸਥਾ ਦੀ ਅਗਵਾਈ ਕਰਨ ਵਾਲੇ ਪੰਜਵੇਂ ਭਾਰਤੀ ਹਨ। 36 ਸਾਲਾ ਸ਼ਾਹ ਪਿਛਲੇ ਪੰਜ ਸਾਲਾਂ ਤੋਂ ਬੀਸੀਸੀਆਈ ਸਕੱਤਰ ਹਨ। ਉਹ ਆਈਸੀਸੀ ਬੋਰਡ ਆਫ਼ ਡਾਇਰੈਕਟਰਜ਼ ਦੀ ਸਰਬਸੰਮਤ ਪਸੰਦ ਹਨ। ਸ਼ਾਹ ਨੇ ਨਿਊਜ਼ੀਲੈਂਡ ਦੇ ਵਕੀਲ ਗ੍ਰੇਗ ਬਾਰਕਲੇ ਦੀ ਥਾਂ ਲਈ, ਜੋ ਲਗਾਤਾਰ ਤੀਜੀ ਵਾਰ ਅਹੁਦੇ 'ਤੇ ਬਣੇ ਰਹਿਣ ਵਿਚ ਦਿਲਚਸਪੀ ਨਹੀਂ ਰੱਖਦੇ ਸਨ।

 ਸ਼ਾਹ ਤੋਂ ਪਹਿਲਾਂ ਕਾਰੋਬਾਰੀ ਮਰਹੂਮ ਜਗਮੋਹਨ ਡਾਲਮੀਆ, ਸਿਆਸਤਦਾਨ ਸ਼ਰਦ ਪਵਾਰ, ਵਕੀਲ ਸ਼ਸ਼ਾਂਕ ਮਨੋਹਰ ਅਤੇ ਉਦਯੋਗਪਤੀ ਐੱਨ ਸ਼੍ਰੀਨਿਵਾਸਨ ਉਨ੍ਹਾਂ ਭਾਰਤੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਵਿਸ਼ਵ ਕ੍ਰਿਕਟ ਸੰਸਥਾ ਦੀ ਅਗਵਾਈ ਕੀਤੀ ਹੈ। ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦਾ ਕਾਰਜਕਾਲ ਚੁਣੌਤੀਆਂ ਨਾਲ ਸ਼ੁਰੂ ਹੋਵੇਗਾ ਕਿਉਂਕਿ ਆਈਸੀਸੀ ਨੂੰ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ 'ਹਾਈਬ੍ਰਿਡ ਮਾਡਲ' ਨੂੰ ਲਾਗੂ ਕਰਨ ਲਈ ਇੱਕ ਸਵੀਕਾਰਯੋਗ ਹੱਲ ਲੱਭਣ ਦੀ ਲੋੜ ਹੈ। 


author

Tarsem Singh

Content Editor

Related News