ਪਾਕਿਸਤਾਨ ਦਾ ਜੈਵਲਿਨ ਥ੍ਰੋਅਰ ਨਦੀਮ ਲੁਸਾਨੇ ਡਾਇਮੰਡ ਲੀਗ ਤੋਂ ਹਟਿਆ
Thursday, Aug 13, 2026 - 10:36 AM (IST)
ਲਾਹੌਰ– ਪਾਕਿਸਤਾਨ ਦਾ ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅ ਖਿਡਾਰੀ ਅਰਸ਼ਦ ਨਦੀਮ ਇਸ ਮਹੀਨੇ ਹੋਣ ਵਾਲੀ ਲੁਸਾਨੇ ਡਾਇਮੰਡ ਲੀਗ ’ਚ ਹਿੱਸਾ ਨਹੀਂ ਲਵੇਗਾ। ਉਹ ਦੱਖਣੀ ਅਫਰੀਕਾ ’ਚ ਵਿਸ਼ੇਸ਼ ਸਿਖਲਾਈ ਰਾਹੀਂ ਇਸ ਸਾਲ ਹੋਣ ਵਾਲੀ ਵਿਸ਼ਵ ਐਥਲੈਟਿਕਸ ਅਲਟੀਮੇਟ ਚੈਂਪੀਅਨਸ਼ਿਪ ਤੇ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ’ਤੇ ਪੂਰਾ ਧਿਆਨ ਕੇਂਦ੍ਰਿਤ ਕਰੇਗਾ।
ਨਦੀਮ ਦੇ ਲੰਬੇ ਸਮੇਂ ਤੋਂ ਕੋਚ ਰਹੇ ਸਲਮਾਨ ਬੱਟ ਨੇ ਦੱਸਿਆ ਕਿ 28 ਸਾਲਾ ਇਹ ਖਿਡਾਰੀ ਫਿਲਹਾਲ ਲਾਹੌਰ ’ਚ ਅਭਿਆਸ ਕਰ ਰਿਹਾ ਹੈ ਤੇ ਜਲਦ ਹੀ ਦੱਖਣੀ ਅਫਰੀਕਾ ਰਵਾਨਾ ਹੋਵੇਗਾ। ਨਦੀਮ ਦੱਖਣੀ ਅਫਰੀਕਾ ’ਚ ਆਪਣੇ ਕੋਚ ਟਰਸੀਅਸ ਲੀਬੇਨਬਰਗ ਤੇ ਸਥਾਨਕ ਟ੍ਰੇਨਰਾਂ ਦੀ ਦੇਖ-ਰੇਖ ’ਚ ਕੁਝ ਹਫਤਿਆਂ ਤੱਕ ਅਭਿਆਸ ਕਰੇਗਾ।
ਨਦੀਮ ਨੂੰ ਹਾਲ ਹੀ ’ਚ ਗਲਾਸਗੋ ’ਚ ਆਯੋਜਿਤ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ’ਚ ਪਹੁੰਚਣ ਵਾਲੇ 8 ਖਿਡਾਰੀਆਂ ’ਚ ਜਗ੍ਹਾ ਬਣਾਉਣ ’ਚ ਅਸਫਲ ਰਹਿਣ ’ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
