ਜਾਪਾਨ ਦੇ 4 ਬਾਸਕਟਬਾਲ ਖਿਡਾਰੀਆਂ ਨੇ ਮਹਿਲਾਵਾਂ ਨਾਲ ਗੁਜ਼ਾਰੀ ਰਾਤ, ਭੇਜੇ ਗਏ ਵਾਪਸ
Tuesday, Aug 28, 2018 - 02:06 PM (IST)

ਜਕਾਰਤਾ : ਜਾਪਾਨੀ ਹਮੇਸ਼ਾ ਅਨੁਸ਼ਾਸਨ ਲਈ ਸੁਰਖੀਆਂ ਬਟੋਰਦੇ ਹਨ ਪਰ 18ਵੀਆਂ ਏਸ਼ੀਆਈ ਖੇਡਾਂ ਵਿਚ ਉਸਦੀ ਬਾਸਕਟਬਾਲ ਟੀਮ ਦੇ ਚਾਰ ਖਿਡਾਰੀਆਂ ਨੂੰ ਅਹਿਮ ਕੁਆਰਟਰ ਫਾਈਨਲ ਮੈਚ ਤੋਂ ਪਹਿਲਾਂ ਜਕਾਰਤਾ ਦੇ ਹੋਟਲ ਵਿਚ ਮਹਿਲਾਵਾਂ ਨਾਲ ਰਾਤ ਬਿਤਾਉਣ ਦੀ ਅਨੁਸ਼ਾਸਨਹੀਣਤਾ ਲਈ ਵਤਨ ਪਰਤਣਾ ਪਿਆ।
ਜਾਪਾਨ ਦੀ ਪੁਰਸ਼ ਬਾਸਕਟਬਾਲ ਟੀਮ ਨੂੰ ਆਪਣੇ ਖਿਡਾਰੀਆਂ ਨੂੰ ਅਨੁਸ਼ਾਸਨਹੀਣਤਾ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਤੇ ਉਹ ਸੋਮਵਾਰ ਨੂੰ ਈਰਾਨ ਵਿਰੁੱਧ 8 ਖਿਡਾਰੀਆਂ ਨਾਲ ਕੁਆਰਟਰ ਫਾਈਨਲ ਮੈਚ ਵਿਚ ਉਤਰੀ ਤੇ 67-93 ਦੇ ਵੱਡੇ ਫਰਕ ਨਾਲ ਮੁਕਾਬਲਾ ਗੁਆ ਬੈਠੀ। ਜਾਪਾਨ ਦੀ ਓਲੰਪਿਕ ਕਮੇਟੀ ਨੇ ਚਾਰੇ ਬਾਸਕਟਬਾਲ ਖਿਡਾਰੀਆਂ ਦੇ ਜਕਾਰਤਾ ਦੇ ਇਕ ਹੋਟਲ ਵਿਚ ਮਹਿਲਾਵਾਂ ਨਾਲ ਰਾਤ ਬਿਤਾਉਣ ਦੀ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਮਾਨਤਾ ਪੱਤਰ ਰੱਦ ਕਰ ਦਿੱਤੇ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਅਨੁਸ਼ਾਸਨਹੀਣਤਾ ਤੇ ਨਿਯਮਾਂ ਦੀ ਉਲੰਘਣਾ ਲਈ ਤੁਰੰਤ ਵਤਨ ਭੇਜ ਦਿੱਤਾ ਗਿਆ।