ਰਣਜੀ ਟਰਾਫੀ : ਜੰਮੂ ਕਸ਼ਮੀਰ ਨੇ ਦਿੱਲੀ ਨੂੰ ਹਰਾਇਆ
Wednesday, Nov 12, 2025 - 11:02 AM (IST)
ਸਪੋਰਟਸ ਡੈਸਕ- ਰਣਜੀ ਟਰਾਫੀ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਨੂੰ ਘਰੇਲੂ ਮੈਦਾਨ ’ਤੇ ਜੰਮੂ ਕਸ਼ਮੀਰ ਦੀ ਟੀਮ ਹੱਥੋਂ ਸੱਤ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਸਲਾਮੀ ਬੱਲੇਬਾਜ਼ ਕਾਮਰਾਨ ਇਕਬਾਲ ਦੇ ਸ਼ਾਨਦਾਰ ਸੈਂਕੜੇ ਸਦਕਾ ਜੰਮੂ ਕਸ਼ਮੀਰ ਨੇ ਰਣਜੀ ਟਰਾਫੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਿੱਲੀ ਨੂੰ ਮਾਤ ਦਿੱਤੀ ਹੈ। 1960 ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ 43 ਮੈਚਾਂ ’ਚੋਂ 37 ਵਿੱਚ ਜਿੱਤ ਦਰਜ ਕਰਨ ਵਾਲੀ ਸੱਤ ਵਾਰ ਦੀ ਚੈਂਪੀਅਨ ਦਿੱਲੀ ਲਈ ਇਹ ਹਾਰ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।
ਇਸ ਹਾਰ ਨਾਲ ਦਿੱਲੀ ਦੀ ਟੀਮ ਚਾਰ ਮੈਚਾਂ ਤੋਂ ਬਾਅਦ ਸਿਰਫ਼ ਸੱਤ ਅੰਕਾਂ ਨਾਲ ਗਰੁੱਪ ‘ਡੀ’ ਵਿੱਚ ਅੱਠ ਟੀਮਾਂ ’ਚੋਂ ਛੇਵੇਂ ਸਥਾਨ ’ਤੇ ਰਹਿ ਗਈ ਹੈ। 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜੰਮੂ ਕਸ਼ਮੀਰ ਨੇ ਆਖ਼ਰੀ ਦਿਨ ਤਿੰਨ ਵਿਕਟਾਂ ’ਤੇ 179 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਕਾਮਰਾਨ ਇਕਬਾਲ ਨੇ 147 ਗੇਂਦਾਂ ’ਤੇ 133 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡੀ। ਉਸ ਨੇ ਦਿੱਲੀ ਦੇ ਸਪਿੰਨਰਾਂ ਨੂੰ ਕੋਈ ਮੌਕਾ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਲਈ 40 ਸਾਲਾ ਕਪਤਾਨ ਪਾਰਸ ਡੋਗਰਾ ਨੇ ਵੀ ਪਹਿਲੀ ਪਾਰੀ ਵਿੱਚ ਸੈਂਕੜਾ ਜੜਿਆ ਸੀ। ਇਸ ਹਾਰ ਪਿੱਛੇ ਸਿਰਫ਼ ਮੈਦਾਨੀ ਪ੍ਰਦਰਸ਼ਨ ਹੀ ਨਹੀਂ, ਸਗੋਂ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ’ਚ ਚੱਲ ਰਹੀ ਧੜੇਬੰਦੀ ਤੇ ਗ਼ਲਤ ਪ੍ਰਬੰਧਨ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਗ਼ਲਤ ਚੋਣ ਅਤੇ ਕਮਜ਼ੋਰ ਰਣਨੀਤੀ ਨਾਲ ਵੀ ਟੀਮ ਦੇ ਪ੍ਰਦਰਸ਼ਨ ’ਚ ਨਿਘਾਰ ਆਇਆ ਹੈ। ਅੱਠ ਸਾਲਾਂ ਤੋਂ 30 ਤੋਂ ਘੱਟ ਦੀ ਔਸਤ ਵਾਲੇ ਬੱਲੇਬਾਜ਼ ਅਨੁਜ ਰਾਵਤ ਨੂੰ ਲਗਾਤਾਰ ਮੌਕੇ ਦਿੱਤੇ ਜਾ ਰਹੇ ਹਨ; ਤੇਜਸਵੀ ਦਹੀਆ ਤੇ ਪ੍ਰਣਵ ਰਘੂਵੰਸ਼ੀ ਵਰਗੇ ਹੋਣਹਾਰ ਖਿਡਾਰੀ ਬੈਂਚ ’ਤੇ ਬੈਠੇ ਹਨ। ਇਸੇ ਤਰ੍ਹਾਂ ਪ੍ਰਿਯਾਂਸ਼ ਆਰੀਆ ਵਰਗੇ ਹਮਲਾਵਰ ਸਲਾਮੀ ਬੱਲੇਬਾਜ਼ ਨੂੰ ਪਹਿਲੇ ਦੋ ਮੈਚਾਂ ਵਿੱਚ ਬਾਹਰ ਬਿਠਾਉਣ ਤੋਂ ਬਾਅਦ ਚੌਥੇ ਨੰਬਰ ’ਤੇ ਖਿਡਾਇਆ ਗਿਆ।
