ਜਡੇਜਾ-ਬੁਮਰਾਹ-ਅਈਅਰ ਸਣੇ 5 ਭਾਰਤੀ ਕ੍ਰਿਕਟਰਾਂ ਦਾ ਅੱਜ ਜਨਮਦਿਨ, ਦੇਖੋ ਉਨ੍ਹਾਂ ਦੇ ਧਮਾਕੇਦਾਰ ਰਿਕਾਰਡ
Saturday, Dec 06, 2025 - 03:22 PM (IST)
ਸਪੋਰਟਸ ਡੈਸਕ-- 6 ਦਸੰਬਰ 2025 ਭਾਵ ਅੱਜ ਦਾ ਦਿਨ ਭਾਰਤੀ ਕ੍ਰਿਕਟ ਇਤਿਹਾਸ ਵਿੱਚ ਕਿਸੇ ਜਸ਼ਨ ਤੋਂ ਘੱਟ ਨਹੀਂ ਹੈ। ਇਹ ਉਹ ਤਾਰੀਖ਼ ਹੈ ਜਦੋਂ ਭਾਰਤੀ ਕ੍ਰਿਕਟ ਨੂੰ ਪੰਜ ਅਨਮੋਲ ਹੀਰੇ ਮਿਲੇ ਸਨ—ਰਵੀਂਦਰ ਜਡੇਜਾ, ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ, ਕਰੁਣ ਨਾਇਰ ਅਤੇ ਆਰਪੀ ਸਿੰਘ। ਇਨ੍ਹਾਂ ਵਿੱਚੋਂ ਤਿੰਨ ਖਿਡਾਰੀ ਅੱਜ ਵੀ ਟੀਮ ਇੰਡੀਆ ਦੇ ਮੁੱਖ ਥੰਮ੍ਹ ਹਨ। ਆਓ ਜਾਣੀਏ ਇਨ੍ਹਾਂ ਪੰਜਾਂ ਦਿੱਗਜਾਂ ਦੇ ਕਰੀਅਰ ਦੀਆਂ ਖਾਸ ਗੱਲਾਂ ਅਤੇ ਧਮਾਕੇਦਾਰ ਰਿਕਾਰਡ।
1. ਰਵਿੰਦਰ ਜਡੇਜਾ: ਟੈਸਟ ਕ੍ਰਿਕਟ 'ਚ 4000+ ਦੌੜਾਂ ਅਤੇ 300+ ਵਿਕਟਾਂ ਵਾਲਾ ਸੁਪਰਸਟਾਰ
ਸੌਰਾਸ਼ਟਰ ਵਿੱਚ ਜਨਮੇ ਰਵਿੰਦਰ ਜਡੇਜਾ ਅੱਜ 37 ਸਾਲ ਦੇ ਹੋ ਗਏ ਹਨ ਅਤੇ ਦੁਨੀਆ ਦੇ ਸਭ ਤੋਂ ਭਰੋਸੇਮੰਦ ਆਲਰਾਊਂਡਰਾਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਵਿੱਚ 4000+ ਦੌੜਾਂ ਅਤੇ 300+ ਵਿਕਟਾਂ ਦਾ ਇੱਕ ਬਹੁਤ ਹੀ ਦੁਰਲੱਭ ਡਬਲ ਪੂਰਾ ਕੀਤਾ ਹੈ। ਉਨ੍ਹਾਂ ਦੇ ਅੰਕੜਿਆਂ ਵਿੱਚ 206 ਵਨਡੇ ਵਿੱਚ 2862 ਦੌੜਾਂ ਅਤੇ 231 ਵਿਕਟਾਂ, ਅਤੇ 89 ਟੈਸਟ ਵਿੱਚ 4095 ਦੌੜਾਂ ਅਤੇ 348 ਵਿਕਟਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਜਡੇਜਾ ਅੱਜ ਵਿਸ਼ਾਖਾਪਟਨਮ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਵਨਡੇ (Vizag ODI) ਵਿੱਚ ਟੀਮ ਇੰਡੀਆ ਲਈ ਮੈਦਾਨ ਵਿੱਚ ਉਤਰੇ ਹਨ।
2. ਜਸਪ੍ਰੀਤ ਬੁਮਰਾਹ: ਭਾਰਤ ਦਾ ਸਪੀਡ ਕਿੰਗ
32 ਸਾਲ ਦੇ ਹੋ ਚੁੱਕੇ ਜਸਪ੍ਰੀਤ ਬੁਮਰਾਹ ਭਾਰਤੀ ਤੇਜ਼ ਗੇਂਦਬਾਜ਼ੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਦੀ ਅਨੋਖੀ ਐਕਸ਼ਨ ਅਤੇ ਘਾਤਕ ਯਾਰਕਰ ਨੇ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਗੇਂਦਬਾਜ਼ਾਂ ਵਿੱਚ ਸ਼ਾਮਲ ਕਰ ਦਿੱਤਾ ਹੈ। ਬੁਮਰਾਹ ਨੇ 89 ਵਨਡੇ ਮੈਚਾਂ ਵਿੱਚ 149 ਵਿਕਟਾਂ ਲਈਆਂ ਹਨ। ਉਹ 2019 ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਟੈਸਟ ਹੈਟ੍ਰਿਕ ਲੈਣ ਵਾਲੇ ਸਿਰਫ਼ ਤੀਜੇ ਭਾਰਤੀ ਬਣੇ ਸਨ।
3. ਸ਼੍ਰੇਅਸ ਅਈਅਰ: ਭਰੋਸੇਮੰਦ ਮਿਡਲ-ਆਰਡਰ ਬੱਲੇਬਾਜ਼
ਮੁੰਬਈ ਦੇ ਸ਼੍ਰੇਅਸ ਅਈਅਰ ਅੱਜ 31 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਵਨਡੇ ਫਾਰਮੈਟ ਵਿੱਚ 47.81 ਦੀ ਸ਼ਾਨਦਾਰ ਔਸਤ ਨਾਲ 2917 ਦੌੜਾਂ ਬਣਾਈਆਂ ਹਨ। ਅਈਅਰ ਖਾਸ ਤੌਰ 'ਤੇ ਆਪਣੇ ਕਵਰ ਡਰਾਈਵ ਅਤੇ ਸਪਿਨ ਗੇਂਦਬਾਜ਼ੀ ਖੇਡਣ ਦੀ ਕਲਾ ਲਈ ਮਸ਼ਹੂਰ ਹਨ। ਉਹ ਫਿਲਹਾਲ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਦੌਰਾਨ ਜ਼ਖ਼ਮੀ ਹੋਣ ਕਾਰਨ ਰਿਹੈਬ (rehab) 'ਤੇ ਹਨ।
4. ਕਰੁਣ ਨਾਇਰ: ਤੀਹਰਾ ਸੈਂਕੜਾ ਲਗਾਉਣ ਵਾਲਾ ਦੂਜਾ ਭਾਰਤੀ
34 ਸਾਲ ਦੇ ਹੋਏ ਕਰੁਣ ਨਾਇਰ ਟੈਸਟ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਸਿਰਫ਼ ਦੂਜੇ ਭਾਰਤੀ ਖਿਡਾਰੀ ਹਨ। ਉਨ੍ਹਾਂ ਨੇ 10 ਟੈਸਟ ਮੈਚਾਂ ਵਿੱਚ 579 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ IPL 2025 ਵਿੱਚ ਦਿੱਲੀ ਕੈਪੀਟਲਜ਼ ਵੱਲੋਂ ਖੇਡੇ ਸਨ ਅਤੇ 198 ਦੌੜਾਂ ਬਣਾਈਆਂ ਸਨ।
5. ਆਰਪੀ ਸਿੰਘ: ਵਰਲਡ T20 ਹੀਰੋ, ਹੁਣ ਚੋਣਕਾਰ
40 ਸਾਲ ਦੇ ਹੋ ਚੁੱਕੇ ਆਰਪੀ ਸਿੰਘ 2007 ਵਿੱਚ ਭਾਰਤ ਦੀ ਪਹਿਲੀ ਟੀ20 ਵਿਸ਼ਵ ਕੱਪ ਜਿੱਤ ਦੇ ਪ੍ਰਮੁੱਖ ਹੀਰੋ ਸਨ। ਉਨ੍ਹਾਂ ਨੇ 2006 ਵਿੱਚ ਡੈਬਿਊ ਕੀਤਾ ਅਤੇ ਪਹਿਲੇ ਹੀ ਮੈਚ ਵਿੱਚ ‘ਮੈਨ ਆਫ਼ ਦਿ ਮੈਚ’ ਬਣੇ ਸਨ। ਸਿੰਘ ਨੇ ਆਪਣੇ ਕਰੀਅਰ ਵਿੱਚ ਵਨਡੇ ਵਿੱਚ 69 ਅਤੇ ਟੈਸਟ ਵਿੱਚ 40 ਵਿਕਟਾਂ ਲਈਆਂ। ਉਹ 2018 ਵਿੱਚ ਸੰਨਿਆਸ ਲੈਣ ਤੋਂ ਬਾਅਦ ਹੁਣ ਕੁਮੈਂਟਰੀ ਅਤੇ ਚੋਣਕਾਰ ਦੀ ਭੂਮਿਕਾ ਨਿਭਾ ਰਹੇ ਹਨ।
